ਮੁੱਖ ਮੰਤਰੀ ਦੱਸਣ ਕਿ ਤ੍ਰਿਪਤ ਬਾਜਵਾ ਨੇ ਉਹਨਾਂ ਦੇ ਇਸ਼ਾਰੇ ’ਤੇ ਬਿਆਨ ਦਿੱਤਾ, ਜੇਕਰ ਨਹੀਂ ਤਾਂ ਉਸਦੇ ਖਿਲਾਫ ਕਾਰਵਾਈ ਕਰਨ : ਸਿਕੰਦਰ ਸਿੰਘ ਮਲੂਕਾ
ਕਿਹਾ ਕਿ ਪੰਜਾਬ ਕਾਂਗਰਸ ਪੰਜਾਬੀਆਂ ਨੂੰ ਦੱਸੇ ਕਿ ਕੀ ਇਹ ਕੇਂਦਰ ਦੇ ਇਸ਼ਾਰੇ ’ਤੇ ਕਿਸਾਨ ਅੰਦੋਲਨ ਦਾ ਨੁਕਸਾਨ ਕਰਨ ਲਈ ਰਚੀ ਸਾਜ਼ਿਸ਼ ਹੈ ?
ਚੰਡੀਗੜ੍ਹ, 21 ਮਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹ ਕੋਰੋਨਾ ਨਾਲ ਨਜਿੱਠਣ ਵਿਚ ਕਾਂਗਰਸ ਸਰਕਾਰ ਦੀਆਂ ਅਸਫਲਤਾਵਾਂ ’ਤੇ ਪਰਦਾ ਪਾਉਣ ਲਈ ਕਿਸਾਨ ਅੰਦੋਲਨ ਵਿਚ ਲੱਗੇ ਕਿਸਾਨਾਂ ਦੀ ਬਦਨਾਮੀ ਕਰ ਰਹੇ ਹਨ ਅਤੇ ਕਿਹਾ ਕਿ ਸਰਕਾਰ ਅੰਨਦਾਤਾ ਦੀ ਬਦਨਾਮੀ ਕਰਨ ਦੀ ਥਾਂ ਆਪਣੀਆਂ ਅਸਫਲਤਾਵਾਂ ਲਈ ਜਵਾਬ ਦੇਵੇ
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਵੇਲੇ ਪੰਜਾਬ ਵਿਚ ਕਾਂਗਰਸ ਸਰਕਾਰ ਦੇ ਨਿਕੰਮਪਨ ਕਾਰਨ ਹਫੜਾ ਦਫੜੀ ਮਚੀ ਹੈ, ਉਸ ਵੇਲੇ ਕਾਂਗਰਸ ਤਿੰਨ ਖੇਤੀ ਕਾਨੂੰਨਾਂ ਖਿਲਾਫ ਸਿੰਘੂ ਤੇ ਟਿਕਰੀ ਬਾਰਡਰਾਂ ’ਤੇ ਧਰਨੇ ਵਿਚ ਸ਼ਾਮਲ ਕਿਸਾਨਾਂ ਨੁੰ ਕੋਰੋਨਾ ਫੈਲਾਉਣ ਵਾਲੇ ਕਰਾਰ ਦੇ ਰਹੀ ਹੈ।
ਸਰਦਾਰ ਮਲੂਕਾ ਨੇ ਜ਼ੋਰਦੇ ਕੇ ਕਿਹਾ ਕਿ ਇਹ ਗੱਲ ਸੱਚਾਈ ਤੋਂ ਕੋਹਾਂ ਦੂਰ ਹੈ। ਉਹਨਾਂ ਕਿਹਾ ਕਿ ਜਦੋਂ ਸੂਬੇ ਵਿਚ ਕਾਂਗਰਸ ਸਰਕਾਰ ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਮਰੀਜ਼ਾਂ ਨੂੰ ਦਵਾਈਆਂ, ਆਕਸੀਜ਼ਨ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਵਿਚ ਨਾਕਾ ਮਰਹੀ ਹੈ ਜਿਸ ਕਾਰਨ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ ਤਾਂ ਇਸ ਵੇਲੇ ਹੀ ਸਰਕਾਰ ਨੂੰ ਇਹ ਚੇਤਾ ਕਿਵੇਂਆਇਆ ਹੈ ਕਿ ਕਿਸਾਨ ਕੋਰੋਨਾ ਫੈਲਾ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨ ਪਿਛਲੇ ਸੱਤ ਮਹੀਨਿਆਂ ਤੋ ਂਜ਼ਿਆਦਾ ਸਮੇਂ ਤੋਂ ਸਿੰਘੂ ਤੇ ਟਿਕਰੀ ਬਾਰਡਰ ’ਤੇ ਸੰਘਰਸ਼ ਕਰ ਰਹੇ ਹਨ। ਉਹਨਾਂ ਪੁੱਛਿਆ ਕਿ ਹੁਣ ਕਿਸਾਨਾਂ ’ਤੇ ਹਮਲਾ ਕਿਉਂ ਕੀਤਾ ਜਾ ਰਿਹਾ ਹੈ ? ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਪੰਜਾਬੀਆਂ ਨੂੰ ਇਹ ਦੱਸੇ ਕਿ ਕੀ ਅਜਿਹਾ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਕਿਸਾਨ ਅੰਦੋਲਨ ਨੁੰ ਖੁਰਦ ਬੁਰਦ ਕਰਨ ਲਈ ਰਚੀ ਗਈ ਸਾਜ਼ਿਸ਼ ਦਾ ਹਿੱਸਾ ਹੈ ? ਸਰਕਾਰ ਦੇ ਵਰਤਾਰੇ ਤੋਂ ਤਾਂ ਅਜਿਹਾ ਹੀ ਜਾਪਦਾ ਹੈ। ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਸਪਸ਼ਟ ਕਰਨ ਕਿ ਕੀ ਉਹਨਾਂ ਦੇ ਮੰਤਰੀ ਨੇ ਇਹ ਬਿਆਨ ਉਹਨਾਂ ਦੇ ਕਹਿਣ ’ਤੇ ਦਿੱਤਾ। ਜੇਕਰ ਨਹੀਂ ਤਾਂ ਫਿਰ ਮੰਤਰੀ ਬਾਜਵਾ ਦੇ ਖਿਲਾਫ ਕਾਰਵਾਈ ਕੀਤੀ ਜਾਵੇ।
ਸਰਦਾਰ ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਕੀਮਤ ’ਤੇ ਅਜਿਹੀਆਂ ਸਾਜ਼ਿਸ਼ਾਂ ਸਫਲ ਨਹੀਂ ਹੋਣ ਦੇਵੇਗਾ। ਉਹਨਾਂ ਕਿਹਾ ਕਿ ਅਸੀਂ ਆਉਂਦੇ ਦਿਨਾਂ ਵਿਚ ਕਾਂਗਰਸ ਸਰਕਾਰ ਤੇ ਇਸਦੀਆਂ ਅਸਫਲਤਾਵਾਂ ਨੁੰ ਲੋਕਾਂ ਸਾਹਮਣੇ ਬੇਨਕਾਬ ਕਰਾਂਗੇ।
ਉਹਨਾਂ ਕਿਹਾ ਕਿ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਸਰਕਾਰ ਪਿੰਡਾਂ ਵਿਚ ਕੋਰੋਨਾ ਦੇ ਪਸਾਰ ਨੂੰ ਰੋਕਣ ਵਾਸਤੇ ਠੋਸ ਕਦਮ ਚੁੱਕੇ ਅਤੇ ਨਾਲ ਹੀ ਪੇਂਡੂ ਇਲਾਕਿਆਂ ਵਿਚ ਕੋਰੋਨਾ ਮਰੀਜ਼ਾਂ ਨੁੰ ਮੈਡੀਕਲ ਇਲਾਜ ਸਹੂਲਤਾਂ ਪ੍ਰਦਾਨ ਕਰੇ। ਉਹਨਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਦੋਸ਼ੀ ਠਹਿਰਾ ਕੇ ਉਹਨਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਉਹਨਾਂ ਕਿਹਾ ਕਿ ਪੇਂਡੂ ਇਲਾਕਿਆਂ ਵਿਚ ਲੋਕਾਂ ਨੁੰ ਦਵਾਈਆਂ ਦੀ ਲੋੜ ਹੈ। ਉਹ ਆਪਣੇ ਘਰਾਂ ਦੇ ਨੇੜੇ ਮੈਡੀਕਲ ਸਹੂਲਤਾਂ, ਵੈਂਟੀਲੇਟਰਤੇ ਆਈ ਸੀ ਯੂ ਚਾਹੁੰਦੇ ਹਨ। ਉਹਨਾਂ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਮਾਲਵਾ ਪੱਟੀ ਵਿਚ ਫੈਲ ਰਹੀ ਬਲੈਕ ਫੰਗਸ ਬਿਮਾਰੀ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹਨਾਂ ਮਸਲਿਆਂ ਨਾਲ ਨਜਿੱਠਣ ਦੀਥਾਂ ਤੇ ਛੋਟੇ ਕਿਸਾਨਾਂ ਤੇ ਬੇਜ਼ਮੀਨੇ ਮਜ਼ਦੂਰਾਂ ਨੂੰ ਵਿੱਤੀ ਰਾਹਤ ਦੇਣ ਦੀ ਥਾਂ ਸਰਕਾਰ ਉਹਨਾਂ ਨੂੰ ਖਲਨਾਇਕ ਵਜੋਂ ਪੇਸ਼ ਕਰਨਾ ਚਾਹੁੰਦੀ ਹੈ।