ਹਰਸਿਮਰਤ ਬਾਦਲ ਨੇ ਚੋਣ ਕਮਿਸ਼ਨ ਨੂੰ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਬਠਿੰਡਾ ਵਿਚ ਨੀਮ ਫੌਜੀ ਦਸਤੇ ਤਾਇਨਾਤ ਕਰਨ ਦੀ ਅਪੀਲ ਕੀਤੀ ਬਠਿੰਡਾ/13 ਮਈ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਚੋਣ ਕਮਿਸ਼ਨਰ ਕੋਲ ਮੰਗ ਕੀਤੀ ਹੈ ਕਿ ਚੋਣ ਅਮਲ ਵਿਚ ਗੜਬੜ ਕਰਨ ਲਈ ਕਾਂਗਰਸ ਪਾਰਟੀ ਨਾਲ ਮਿਲ ਕੇ ਕੰਮ ਕਰ ਰਹੇ ਬਠਿੰਡਾ ਦੇ ਐਸਐਸਪੀ ਨਾਨਕ ਸਿੰਘ ਦਾ ਤੁਰੰਤ ਤਬਾਦਲਾ ਕੀਤਾ ਜਾਵੇ। ਇਸ ਤੋਂ ਇਲਾਵਾ ਉਹਨਾਂ ਨੇ ਬਠਿੰਡਾ ਲੋਕ ਸਭਾ ਹਲਕੇ ਅੰਦਰ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਤੁਰੰਤ ਨੀਮ ਫੌਜੀ ਦਸਤੇ ਤਾਇਨਾਤ ਕਰਨ ਦੀ ਵੀ ਮੰਗ ਕੀਤੀ ਹੈ।
ਇੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਆਬਜ਼ਰਵਰਾਂ ਦੇ ਪੈਨਲ ਕੋਲ ਆਪਣੀਆਂ ਸ਼ਿਕਾਇਤਾਂ ਰੱਖਦਿਆਂ ਬੀਬੀ ਬਾਦਲ ਨੇ ਕਿਹਾ ਕਿ ਬਠਿੰਡਾ ਐਸਐਸਪੀ ਮੇਰੇ ਖ਼ਿਲਾਫ ਵੈਰ-ਭਾਵਨਾ ਰੱਖਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਇਸ਼ਾਰਿਆਂ ਉੱਤੇ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਮੇਰੇ ਖ਼ਿਲਾਫ ਉਪਰੋਕਤ
ਵਿਅਕਤੀਆਂ ਵੱਲੋਂ ਇਸ ਲਈ ਖੁੰਦਕ ਰੱਖੀ ਜਾ ਰਹੀ ਹੈ, ਕਿਉਂਕਿ ਇਸ ਹਲਕੇ ਤੋਂ 2009 ਵਿਚ ਮੁੱਖ ਮੰਤਰੀ ਦਾ ਸਪੁੱਤਰ ਅਤੇ 2014 ਵਿਚ ਵਿੱਤ ਮੰਤਰੀ ਮੇਰੇ ਕੋਲੋਂ ਹਾਰ ਚੁੱਕੇ ਹਨ।
ਬੀਬੀ ਬਾਦਲ ਨੇ ਇਹ ਕਿਹਾ ਕਿ ਐਸਐਸਪੀ ਨਾਨਕ ਸਿੰਘ ਚੋਣ ਅਮਲ ਵਿਚ ਗੜਬੜ ਕਰਵਾਉਣ ਲਈ ਗਰਮਖ਼ਿਆਲੀਆਂ ਅਤੇ ਸਮਾਜ-ਵਿਰੋਧੀ ਤੱਤਾਂ ਦੀ ਮਦਦ ਕਰ ਰਿਹਾ ਹੈ । ਇਸ ਤਰ੍ਹਾਂ ਚੋਣ ਪ੍ਰਚਾਰ ਦੌਰਾਨ ਅਮਨ-ਕਾਨੂੰਨ ਕਾਇਮ ਰੱਖਣ ਦੇ ਆਪਣੇ ਨੈਤਿਕ ਫਰਜ਼ ਨੂੰ ਨਿਭਾਉਣ ਵਿਚ ਉਹ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ।
ਇਸ ਦੀ ਮਿਸਾਲ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ 8 ਮਈ ਨੂੰ ਬਠਿੰਡਾ ਪੁਲਿਸ ਨੇ ਪਿੰਡ ਬਾਦਲ ਵਿਖੇ ਉਹਨਾਂ ਦੀ ਰਿਹਾਇਸ਼ ਅੱਗੇ ਗਿਣੇ ਮਿਥੇ ਢੰਗ ਨਾਲ ਨਾਮੀ ਗਰਮਖ਼ਿਆਲੀ ਬਲਜੀਤ ਸਿੰਘ ਦਾਦੂਵਾਲ ਦੀ ਹੰਗਾਮਾ ਕਰਨ ਵਿਚ ਮੱਦਦ ਕੀਤੀ ਸੀ। ਉਹਨਾਂ ਕਿਹਾ ਕਿ ਉਹਨਾਂ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਗਰਮਖ਼ਿਆਲੀਆਂ ਦੇ ਜਾਣ ਲਈ ਪੁਲਿਸ ਨਾਕੇ ਖੋਲ੍ਹ ਦਿੱਤੇ ਗਏ ਸਨ।
ਬੀਬੀ ਬਾਦਲ ਨੇ ਕਿਹਾ ਕਿ 11 ਮਈ ਨੂੰ ਉਸ ਨੂੰ ਪਤਾ ਲੱਗਿਆ ਕਿ ਕਾਂਗਰਸ ਪਾਰਟੀ ਨੇ ਪਿੰਡ ਮੰਡੀ ਕਲਾਂ ਵਿਚ ਗੜਬੜ ਕਰਵਾਉਣ ਅਤੇ ਉਸ ਉੱਤੇ ਹਮਲਾ ਕਰਵਾਉਣ ਲਈ ਕੁੱਝ ਭਾੜੇ ਦੇ ਬਦਮਾਸ਼ ਸੱਦੇ ਹੋਏ ਹਨ। ਇਸ ਤੋਂ ਬਾਅਦ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਐਸਐਸਪੀ ਨੂੰ ਫੋਨ ਕਰਕੇ ਸਥਿਤੀ ਤੋਂ ਜਾਣੂ ਕਰਵਾਇਆ। ਉਹਨਾਂ ਅੱਗੇ ਦੱਸਿਆ ਕਿ ਐਸਐਸਪੀ ਨੇ ਬਦਮਾਸ਼ਾਂ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ, ਸਗੋਂ ਉਲਟਾ ਜਿੱਥੇ ਅਕਾਲੀ ਦਲ ਦਾ ਪ੍ਰੋਗਰਾਮ ਹੋਣਾ ਸੀ, ਉਸ ਧਰਮਸ਼ਾਲਾ ਦੇ
ਦਰਵਾਜ਼ਿਆਂ ਨੂੰ ਤਾਲਾ ਲਗਵਾ ਕੇ ਅਕਾਲੀ ਵਰਕਰਾਂ ਨੂੰ ਅੰਦਰ ਬੰਦ ਕਰ ਦਿੱਤਾ ਅਤੇ ਦੂਜੇ ਪਾਸੇ ਬਦਮਾਸ਼ਾਂ ਨੂੰ ਬਾਹਰ ਇਕੱਠੇ ਹੋ ਕੇ ਭੜਕਾਊ ਤਕਰੀਰਾਂ ਕਰਨ ਲਈ ਖੁੱਥਲ੍ਹਾ ਛੱਡ ਦਿੱਤਾ। ਉਹਨਾਂ ਕਿਹਾ ਕਿ ਜਦੋਂ ਕੋਸ਼ਿਸ਼ ਕਰਨ ਦੇ ਬਾਵਜੂਦ ਉਹਨਾਂ ਦਾ ਐਸਐਸਪੀ ਨਾਲ ਕੋਈ ਸੰਪਰਕ ਨਾ ਹੋਇਆ ਤਾਂ ਉਹ ਰਾਮਪੁਰਾ ਫੂਲ -ਮੌੜ ਰੋਡ ਉੱਤੇ ਧਰਨੇ ਉੱਤੇ ਬੈਠ ਗਏ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਵੀ ਬਲਦੇਵ ਸਿੰਘ ਭੁੱਲਰ ਸਮੇਤ ਸਾਰੇ ਬਦਮਾਸ਼ਾਂ ਖ਼ਿਲਾਫ ਕੋਈ ਕਾਰਵਾਈ ਨਾ ਕੀਤੀ। ਉਹਨਾਂ ਦੱਸਿਆ ਕਿ ਭੁੱਲਰ ਨੇ ਇਸ ਨੇ ਪਹਿਲਾਂ
ਬਠਿੰਡਾ ਦੇ ਜੌਗਰਜ਼ ਪਾਰਕ ਵਿਖੇ ਉਹਨਾਂ ਦੇ ਪ੍ਰੋਗਰਾਮ ਵਿਚ ਵਿਘਨ ਪਾਇਆ ਸੀ। ਇਸ ਦੇ ਉਲਟ ਪੁਲਿਸ ਨੇ ਉਹਨਾਂ ਅਕਾਲੀ ਵਰਕਰਾਂ ਖ਼ਿਲਾਫ ਕਾਰਵਾਈ ਕੀਤੀ, ਜਿਹਨਾਂ ਨੂੰ ਗੈਰ-ਕਾਨੂੰਨੀ ਤਰੀਕੇ ਧਰਮਸ਼ਾਲਾ ਅੰਦਰ ਬੰਦ ਕੀਤਾ ਹੋਇਆ ਸੀ।
ਬੀਬੀ ਬਾਦਲ ਨੇ ਇਹ ਗੱਲ ਵੀ ਚੋਣ ਕਮਿਸ਼ਨ ਦੇ ਧਿਆਨ ਵਿਚ ਲਿਆਂਦੀ ਕਿ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੁਢਲਾਡਾ ਵਿਖੇ ਇੱਕ ਮੀਟਿੰਗ ਦੌਰਾਨ ਇੱਕ ਭੜਕਾਊ ਭਾਸ਼ਣ ਦਿੱਤਾ ਸੀ ਅਤੇ ਕਿਹਾ ਸੀ ਕਿ ਕੋਈ ਵੀ ਹਿੰਦੂ ਅਕਾਲੀ ਦਲ ਨੂੰ ਵੋਟ ਨਹੀਂ ਪਾ ਸਕਦਾ। ਉਹਨਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਵੀ ਅਜਿਹੀਆਂ ਹੀ ਤਕਰੀਰਾਂ ਕੀਤੀਆਂ ਸਨ, ਜਿਹਨਾਂ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ, ਪਰ ਇਸ ਮਾਮਲੇ ਵਿਚ ਕੋਈ
ਕਾਰਵਾਈ ਨਹੀਂ ਕੀਤੀ ਗਈ।