ਪਵਨ ਟੀਨੂੰ ਨੇ ਕਿਹਾ ਕਿ ਸਰਕਾਰ ਨੂੰ ਪੀੜਤ ਪਰਿਵਾਰ ਨੂੰ ਤੁਰੰਤ ਵਿੱਤੀ ਸਹਾਇਤਾ ਦੇਣੀ ਚਾਹੀਦੀ ਹੈ
ਜਲੰਧਰ/21 ਅਗਸਤ: ਸ਼੍ਰੋਮਣੀ ਅਕਾਲੀ ਦਲ ਵਿਧਾਇਕ ਦਲ ਦੇ ਡਿਪਟੀ ਆਗੂ ਸ੍ਰੀ ਪਵਨ ਕੁਮਾਰ ਟੀਨੂੰ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਠੇਕੇ ਉੱਤੇ ਰੱਖੇ ਉਸ ਪੀਐਸਪੀਸੀਐਲ ਕਰਮਚਾਰੀ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਪ੍ਰਦਾਨ ਕਰਨ, ਜਿਸ ਦੀ ਪਿਛਲੇ ਦਿਨੀ ਡਿਊਟੀ ਕਰਦਿਆਂ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਹੈ ਕਿ ਠੇਕੇ ਉੱਤੇ ਰੱਖੇ ਕਰਮਚਾਰੀਆਂ ਨੂੰ ਵੀ ਰੈਗੂਲਰ ਕਰਮਚਾਰੀਆਂ ਵਾਲੀਆਂ ਸਹੂਲਤਾਂ ਅਤੇ ਲਾਭ ਦਿੱਤੇ ਜਾਣੇ ਚਾਹੀਦੇ ਹਨ।
ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਇੱਕ ਚਿੱਠੀ ਵਿਚ ਅਕਾਲੀ ਦਲ ਆਗੂ ਨੇ ਕਿਹਾ ਹੈ ਕਿ ਹਾਲ ਹੀ ਵਿਚ ਖ਼ਤਮ ਹੋਏ ਇਜਲਾਸ ਦੌਰਾਨ ਉਹਨਾਂ ਨੇ ਇਸ ਮੁੱਦੇ ਉੱਤੇ ਸਦਨ ਵਿਚ ਚਰਚਾ ਕਰਨ ਲਈ ਵਿਧਾਨ ਸਭਾ ਸਪੀਕਰ ਕੋਲੋਂ ਇੱਕ ਧਿਆਨ-ਦਿਵਾਊ ਮਤਾ ਪੇਸ਼ ਕਰਨ ਦੀ ਆਗਿਆ ਮੰਗੀ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਆਪਣੇ ਨਾਗਰਿਕਾਂ ਦੇ ਦੁੱਖਾਂ-ਤਕਲੀਫਾਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ, ਜਿਵੇਂ ਕਿ ਮੌਜੂਦਾ ਕੇਸ ਤੋਂ ਸਪੱਸ਼ਟ ਦਿਸ ਰਿਹਾ ਹੈ ਕਿ ਸੱਤਾਧਾਰੀ ਪਾਰਟੀ ਦੇ ਕਾਨੂੰਨਦਾਨਾਂ ਦੀ ਆਮ ਆਦਮੀ ਦੀਆਂ ਮੁਸ਼ਕਿਲਾਂ ਹੱਲ ਕਰਨ ਵਿਚ ਭੋਰਾ ਵੀ ਦਿਲਚਸਪੀ ਨਹੀਂ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਸ੍ਰੀ ਟੀਨੂੰ ਨੇ ਦੱਸਿਆ ਕਿ ਪੀਐਸਪੀਸੀਐਲ ਦੇ ਭੋਗਪੁਰ ਡਿਵੀਜ਼ਨ ਵਿਚ ਸ਼ਰਨਜੀਤ ਸਿੰਘ ਨਾਂ ਦੇ ਇੱਕ ਠੇਕੇ ਉੱਤੇ ਰੱਖੇ ਹੋਏ ਕਰਮਚਾਰੀ ਦੀ 8 ਜੁਲਾਈ 2019 ਨੂੰ ਉਸ ਸਮੇਂ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ, ਜਦੋਂ ਉਹ ਇੱਕ ਬਿਜਲੀ ਟਰਾਂਸਫਾਰਮਰ ਦੀ ਮੁਰੰਮਤ ਕਰ ਰਿਹਾ ਸੀ। ਉਹਨਾਂ ਦੱਸਿਆ ਕਿ ਮੀਡੀਆ ਦੀਆਂ ਰਿਪੋਰਟਾਂ ਦੱਸਦੀਆਂ ਹਨ, ਕਿ ਇਸ ਕਰਮਚਾਰੀ ਦੀ ਮੌਤ ਇੱਕ ਜੇਈ ਦੀ ਲਾਪਰਵਾਹੀ ਕਰਕੇ ਹੋਈ ਸੀ, ਜਿਸ ਨੇ ਉਸ ਬਿਜਲੀ ਟਰਾਂਸਫਾਰਮਰ ਦੀ ਬਿਜਲੀ ਦੀ ਸਪਲਾਈ ਨਹੀਂ ਸੀ ਕੱਟੀ, ਜਦੋਂ ਸ਼ਰਨਜੀਤ ਸਿੰਘ ਉਸ ਟਰਾਂਸਫਾਰਮਰ ਉੱਤੇ ਚੜ੍ਹ ਕੇ ਮੁਰੰਮਤ ਕਰਨ ਲੱਗਿਆ ਸੀ। ਉਹਨਾਂ ਕਿਹਾ ਕਿ ਉਹ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ, ਜਿਸ ਦੀ ਮੌਤ ਨੇ ਨਾ ਸਿਰਫ ਪਰਿਵਾਰ ਨੂੰ ਵੱਡਾ ਸਦਮਾ ਦਿੱਤਾ ਹੈ, ਸਗੋਂ ਭੁੱਖਮਰੀ ਦੇ ਕੰਢੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
ਸਾਰੇ ਕਾਮਿਆਂ ਦੀ ਭਲਾਈ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੂੰ ਠੇਕੇ ਉੱਤੇ ਰੱਖੇ ਮੁਲਾਜ਼ਮਾਂ ਅਤੇ ਰੈਗੂਲਰ ਮੁਲਾਜ਼ਮਾਂ ਲਈ ਇੱਕ ਜਿਹੇ ਨਿਯਮ ਲਾਗੂ ਕਰਨ ਲਈ ਆਖਦਿਆਂ ਸ੍ਰੀ ਟੀਨੂੰ ਨੇ ਕਿਹਾ ਕਿ ਸਰਕਾਰ ਨੂੰ ਕੰਮ ਵਾਲੀਆਂ ਥਾਂਵਾਂ ਉੱਤੇ ਕਿਸੇ ਵੀ ਪ੍ਰਕਾਰ ਦੇ ਵਿਤਕਰੇ ਅਤੇ ਸੋਸ਼ਣ ਖ਼ਿਲਾਫ ਸਖ਼ਤ ਰੁਖ ਅਪਣਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੰਮ ਵਾਲੀਆਂ ਥਾਂਵਾਂ ਉਤੇ ਹੁੰਦਾ ਪੱਖਪਾਤ ਸਾਰੇ ਕਾਮਿਆਂ ਅੰਦਰ ਗਲਤ ਸੁਨੇਹਾ ਭੇਜਦਾ ਹੈ, ਕੁੱਝ ਇਹਨਾਂ ਸਥਿਤੀਆਂ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹਨ ਅਤੇ ਜਦਕਿ ਬਾਕੀਆਂ ਨੂੰ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ। ਕਈ ਸ਼ਰਨਜੀਤ ਸਿੰਘ ਵਰਗਿਆਂ ਨੂੰ ਇਹ ਕੀਮਤ ਆਪਣੀ ਜਾਨ ਨਾਲ ਵੀ ਚੁਕਾਉਣੀ ਪੈਂਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਇਸ ਪੀੜਤ ਪਰਿਵਾਰ ਨੂੰ ਤੁਰੰਤ ਵਿੱਤੀ ਸਹਾਇਤਾ ਅਤੇ ਇਸਦੇ ਇਕ ਜੀਅ ਨੂੰ ਨੌਕਰੀ ਦੇਣੀ ਚਾਹੀਦੀ ਹੈ, ਕਿਉਂਕਿ ਬਿਪਤਾ ਮਾਰੇ ਨਾਗਰਿਕਾਂ ਦੀ ਮੱਦਦ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ।