ਚੰਡੀਗੜ੍ਹ/18 ਮਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਿਛਲੇ ਦੋ ਮਹੀਨਿਆਂ ਦੇ ਕਰਫਿਊ ਦੌਰਾਨ ਪੰਜਾਬ ਵਿਚ ਵਧੇ ਫੁੱਲੇ ਨਸ਼ਾ ਤਸਕਰੀ ਅਤੇ ਗੈਰਕਾਨੂੰਨੀ ਸ਼ਰਾਬ ਦੀ ਵਿਕਰੀ ਦੇ ਧੰਦੇ ਦੀ ਇੱਕ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ, ਜਿਸ ਦੌਰਾਨ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ ਨੇ ਸ਼ਰੇਆਮ ਵਿਨੋਦ ਕੁਮਾਰ ਉਰਫ ਸੋਨੂੰ ਬਾਬਾ ਵਰਗੇ ਤਸਕਰਾਂ ਦੀ ਪੁਸ਼ਤਪਨਾਹੀ ਕਰਦਿਆਂ ਉਹਨਾਂ ਨੂੰ ਨਸ਼ਿਆਂ ਦੀ ਹੋਮ ਡਿਲੀਵਰੀ ਲਈ ਕਰਫਿਊ ਪਾਸ ਮੁਹੱਈਆ ਕਰਵਾਏ ਗਏ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸੋਨੂੰ ਬਾਬਾ ਦੀ ਮੋਗਾ ਵਿਚ ਟਰੈਮਾਡੋਲ ਦੀਆਂ ਦੋ ਹਜ਼ਾਰ ਗੋਲੀਆਂ ਨਾਲ ਹੋਈ ਤਾਜ਼ਾ ਗਿਰਫ਼ਤਾਰੀ ਨੇ ਕਾਂਗਰਸੀਆਂ ਦੁਆਰਾ ਕਰਫਿਊ ਦੌਰਾਨ ਕਰੋੜਾਂ ਰੁਪਏ ਕਮਾਉਣ ਲਈ ਸ਼ੁਰੂ ਕੀਤੇ ਇੱਕ ਨਵੇਂ ਕਾਰੋਬਾਰ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਟਰੈਮਾਡੋਲ ਦੀ ਵਿਕਰੀ ਉੱਤੇ ਸਖ਼ਤ ਪਾਬੰਦੀ ਹੈ ਅਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਪੁਸ਼ਤਪਨਾਹੀ ਤੋਂ ਬਿਨਾਂ ਇੰਨੀ ਵੱਡੀ ਮਾਤਰਾ ਵਿਚ ਇਹਨਾਂ ਗੋਲੀਆਂ ਦੀ ਸਪਲਾਈ ਨਹੀਂ ਕੀਤੀ ਜਾ ਸਕਦੀ।
ਸਰਦਾਰ ਗਰੇਵਾਲ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂਆਂ ਸੰਦੀਪ ਸਿੰਘ ਸੰਧੂ, ਹਰਮਿੰਦਰ ਸਿੰਘ ਗਿੱਲ ਅਤੇ ਕੁਲਬੀਰ ਸਿੰਘ ਜ਼ੀਰਾ ਦੇ ਖਾਸ ਬੰਦੇ ਵਜੋਂ ਜਾਣੇ ਜਾਂਦੇ ਸੋਨੂ ਬਾਬਾ ਨੇ ਕਾਂਗਰਸੀਆਂ ਵੱਲੋਂ ਚਲਾਏ ਜਾ ਰਹੇ ਇੱਕ ਨਸ਼ਾ ਤਸਕਰੀ ਦੇ ਧੰਦੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸਪੱਸ਼ਟ ਹੈ ਕਿ ਇਹ ਤਸਕਰ ਅਤੇ ਨਕਲੀ ਸ਼ਰਾਬ ਵੇਚਣ ਵਾਲੇ ਕਰਫਿਊ ਦੌਰਾਨ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਮਿਲੀਭੁਗਤ ਨਾਲ ਨਸ਼ਿਆਂ ਅਤੇ ਨਜਾਇਜ਼ ਸ਼ਰਾਬ ਦੀ ਸਪਲਾਈ ਕਰਕੇ ਕਰੋੜਾਂ ਰੁਪਏ ਕਮਾ ਰਹੇ ਸਨ। ਦੂਜੇ ਪਾਸੇ ਗਰੀਬਾਂ ਅਤੇ ਮੱਧ ਵਰਗੀ ਲੋਕਾਂ ਨੂੰ ਰਾਸ਼ਨ ਅਤੇ ਦਵਾਈਆਂ ਵਰਗੀਆਂ ਬੁਨਿਆਦੀ ਜਰੂਰਤਾਂ ਵਾਸਤੇ ਤਰਲੇ ਕੱਢਣ ਲਈ ਮਜ਼ਬੂਰ ਕਰ ਦਿੱਤਾ ਗਿਆ ਸੀ।
ਸੀਨੀਅਰ ਕਾਂਗਰਸੀ ਆਗੂਆਂ ਦੇ ਇੱਕ ਨੇੜਲੇ ਵਿਅਕਤੀ ਕੋਲੋਂ ਬਰਾਮਦ ਹੋਈਆਂ ਟਰੈਮਾਡੋਲ ਦੀਆਂ ਗੋਲੀਆਂ ਬਾਰੇ ਦੱਸਦਿਆਂ ਅਕਾਲੀ ਆਗੂ ਨੇ ਕਿਹਾ ਕਿ ਦੋਸ਼ੀ ਸੋਨੂੰ ਬਾਬਾ ਨੂੰ ਕਰਫਿਊ ਦੌਰਾਨ ਇਸ ਲਈ ਆਪਣਾ ਨਸ਼ਾ ਤਸਕਰੀ ਦਾ ਧੰਦਾ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ, ਕਿਉਂਕਿ ਕਾਂਗਰਸੀ ਆਗੂ ਉਸ ਕੋਲੋਂ ਆਪਣਾ ਹਿੱਸਾ ਲੈ ਰਹੇ ਸਨ। ਉਹਨਾਂ ਕਿਹਾ ਕਿ ਨਸ਼ਾ ਤਸਕਰੀ ਦੇ ਪੈਸੇ ਨਾਲ ਦੋਸ਼ੀ ਨੇ ਕਿੰਨੀਆਂ ਸੰਪਤੀਆਂ ਬਣਾਈਆਂ ਹਨ, ਇਹ ਜਾਣਨ ਲਈ ਇੱਕ ਸੁਤੰਤਰ ਜਾਂਚ ਦੀ ਲੋੜ ਹੈ। ਇਸ ਤੋਂ ਇਲਾਵਾ ਸੋਨੂੰ ਬਾਬਾ ਦੀ ਮੱਦਦ ਕਰਨ ਵਾਲੇ ਸਾਰੇ ਸ਼ੱਕੀ ਕਾਂਗਰਸੀ ਆਗੂਆਂ ਦੇ ਨਾਂ ਵੀ ਐਫਆਈਆਰ ਵਿਚ ਸ਼ਾਮਿਲ ਕੀਤੇ ਜਾਣੇ ਚਾਹੀਦੇ ਹਨ ਅਤੇ ਸੂਬੇ ਅੰਦਰ ਨਸ਼ਿਆਂ ਦਾ ਕਾਰੋਬਾਰ ਕਰਨ ਲਈ ਉਹਨਾਂ ਨੂੰਂ ਬਰਾਬਰ ਦੇ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ।
ਹੋਰ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਸੋਨੂੰ ਬਾਬਾ ਦੀਆਂ ਸੀਨੀਅਰ ਕਾਂਗਰਸੀ ਆਗੂਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਦੋਸ਼ੀ ਦੇ ਉਪਰੋਕਤ ਸਾਰੇ ਕਾਂਗਰਸੀ ਆਗੂਆਂ ਨਾਲ ਪਰਿਵਾਰਕ ਸੰਬੰਧ ਸਨ ਅਤੇ ਉਹ ਸਾਰਿਆਂ ਨੂੰ ਜਨਮ ਦਿਨ, ਵਰ੍ਹੇ ਗੰਢ ਅਤੇ ਹੋਰ ਮੌਕਿਆਂ ਉੇਤੇ ਵਧਾਈ ਸੰਦੇਸ਼ ਵੀ ਭੇਜਦਾ ਹੁੰਦਾ ਸੀ। ਉਹਨਾਂ ਕਿਹਾ ਕਿ ਜੇਕਰ ਇਕ ਨਸ਼ਾ ਤਸਕਰ ਸੱਤਾਧਾਰੀ ਪਾਰਟੀ ਦੇ ਆਗੂਆਂ ਨਾਲ ਲਗਤਾਰ ਗੱਲਬਾਤ ਕਰਦਾ ਹੈ, ਇੱਥੋਂ ਤਕ ਉਹਨਾਂ ਦੇ ਪਾਰਟੀ ਅਤੇ ਪਰਿਵਾਰਕ ਸਮਾਗਮਾਂ ਵਿਚ ਵੀ ਭਾਗ ਲੈਂਦਾ ਹੈ ਤਾਂ ਇਸ ਦਾ ਕੀ ਅਰਥ ਹੈ? ਸਪੱਸ਼ਟ ਹੈ ਕਿ ਆਗੂ ਉਸ ਨਾਲ ਮਿਲੇ ਹੋਏ ਸਨ ਅਤੇ ਪੁਲਿਸ ਕੋਲੋਂ ਉਸ ਨੂੰ ਸੁਰੱਖਿਅਤ ਲਾਂਘਾ ਦਿਵਾ ਕੇ ਉਸ ਦੇ ਗੈਰਕਾਨੂੰਨੀ ਕੰਮਾਂ ਵਿਚ ਮੱਦਦ ਕਰਦੇ ਸਨ।
ਕਾਂਗਰਸੀ ਆਗੂਆਂ ਹਰਮਿੰਦਰ ਸਿੰਘ ਗਿੱਲ ਅਤੇ ਕੁਲਬੀਰ ਸਿੰਘ ਜ਼ੀਰਾ ਉੱਤੇ ਆਪਣਾ ਹਿੱਸਾ ਲੈਣ ਵਾਸਤੇ ਨਸ਼ਾ ਤਸਕਰ ਦੀ ਪੁਸ਼ਤਪਨਾਹੀ ਕਰਨ ਦਾ ਦੋਸ਼ ਲਾਉਂਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਨਜਾਇਜ਼ ਸ਼ਰਾਬ ਵੇਚਣ ਅਤੇ ਗੁੰਡਾ ਟੈਕਸ ਵਸੂਲਣ ਦੇ ਦੋਸ਼ਾਂ ਹੇਠ ਕੁਲਬੀਰ ਸਿੰਘ ਜ਼ੀਰਾ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ ਅਤੇ ਬਾਅਦ ਵਿਚ ਪਤਾ ਨਹੀਂ ਕਿਸ ਕਾਰਣ ਪਾਰਟੀ ਪ੍ਰਧਾਨ ਸੁਨੀਲ ਜਾਖੜ ਵੱਲੋਂ ਇਸ ਨੂੰ ਦੁਬਾਰਾ ਬਹਾਲ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਹਾਲ ਹੀ ਵਿਚ ਹਰਮਿੰਦਰ ਗਿੱਲ ਦੀ ਇੱਕ ਨਵੇਂ ਤਾਇਨਾਤ ਹੋਏ ਐਸਐਚਓ ਨੂੰ ਡਰਾਉਣ ਵਾਲੀ ਵੀਡਿਓ ਵਾਇਰਲ ਹੋਈ ਸੀ, ਜਿਸ ਵਿਚ ਉਸ ਨੇ ਨਵੇਂ ਅਧਿਕਾਰੀ ਨੂੰ ਨਵੀਂ ਡਿਊਟੀ ਸੰਭਾਲਣ ਤੋਂ ਪਹਿਲਾਂ ਉਸ ਨੂੰ ਸਲਾਮ ਨਾ ਕਰਨ ਲਈ ਝਿੜਕਿਆ ਸੀ। ਉਹਨਾਂ ਕਿਹਾ ਕਿ ਗਿੱਲ ਦਰਅਸਲ ਐਸਐਚਓ ਨੂੰ ਇਹ ਕਹਿ ਰਿਹਾ ਸੀ ਕਿ ਹਲਕੇ ਦੇ ਅਪਰਾਧੀਆਂ ਨੂੰ ਫੜਣ ਤੋਂ ਪਹਿਲਾਂ ਉੁਹ ਉਸ ਨਾਲ ਸੌਦੇਬਾਜ਼ੀ ਕਰ ਲਵੇ।