ਕਿਹਾ ਕਿ ਜੇਕਰ ਮੋਗਾ ਪ੍ਰਸਾਸ਼ਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਈਸਾਈ ਭਾਈਚਾਰੇ ਦੀ ਹਮਾਇਤ ਵਿਚ ਅਕਾਲੀ ਦਲ ਅੰਦੋਲਨ ਸ਼ੁਰੂ ਕਰੇਗਾ
ਚੰਡੀਗੜ੍ਹ/ 24 ਜੁਲਾਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਹਨਾਂ ਸਾਰੇ ਕਾਂਗਰਸੀਆਂ ਖ਼ਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਤੁਰੰਤ ਗਿਰਫ਼ਤਾਰ ਕਰਨ ਦੀ ਮੰਗ ਕੀਤੀ ਹੈ, ਜਿਹਨਾਂ ਨੇ ਧੋਖਾਧੜੀ ਨਾਲ ਇੱਕ ਚਰਚ ਦੇ ਟਰੱਸਟ ਦੀ ਜ਼ਮੀਨ ਖਰੀਦੀ ਹੈ। ਇਸ ਜ਼ਮੀਨ ਵਿਚ ਦੋ ਸਕੂਲ ਸ਼ਾਮਿਲ ਹਨ, ਜਿਹਨਾਂ ਵਿਚੋਂ ਇਕ ਸਕੂਲ 110 ਸਾਲ ਪੁਰਾਣਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਮੋਗਾ ਦੇ ਤਹਿਸੀਲਦਾਰ ਸਮੇਤ ਮਾਲ ਵਿਭਾਗ ਦੇ ਅਧਾਕਾਰੀਆਂ ਖ਼ਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ, ਜਿਹਨਾਂ ਨੇ ਇਸ ਸੌਦੇ ਦੀਆਂ ਰਜਿਸਟਰੀਆਂ ਕੀਤੀਆਂ ਹਨ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਮੋਗਾ ਵਿਧਾਇਕ ਦੇ ਖਾਸ ਬੰਦਿਆਂ ਨੂੰ ਨਵੇਂ ਮਾਲਕਾਂ ਵਜੋਂ ਰਜਿਸਟਰ ਕੀਤਾ ਗਿਆ ਹੈ ਅਤੇ ਇਹਨਾਂ ਦੇ ਨਾਂ ਇੰਤਕਾਲ ਵਿਚ ਵੀ ਚੜ੍ਹਾਏ ਗਏ ਹਨ।
ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਇੰਨੀ ਵੱਡੀ ਹੇਰਾਫੇਰੀ ਸਥਾਨਕ ਪ੍ਰਸਾਸ਼ਨ ਦੀ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਸਾਰੇ ਕਾਂਗਰਸੀ ਆਗੂਆਂ ਅਤੇ ਉਹਨਾਂ ਦੇ ਚਹੇਤਿਆਂ ਦਾ ਪਰਦਾਫਾਸ਼ ਕਰਨ ਲਈ ਸਿਟ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ, ਜਿਹਨਾਂ ਨੇ ਚਰਚ ਦੀ ਕਰੋੜਾਂ ਰੁਪਏ ਦੀ ਜ਼ਮੀਨ ਦੀਆਂ ਆਪਣੇ ਨਾਂ ਉੱਤੇ ਗੈਰਕਾਨੂੰਨੀ ਤਰੀਕੇ ਨਾਲ ਰਜਿਸਟਰੀਆਂ ਕਰਵਾਈਆਂ ਹਨ।
ਅਕਾਲੀ ਆਗੂ ਨੇ ਕਿਹਾ ਕਿ ਕਾਨੂੰਨ ਅਨੁਸਾਰ ਕਿਸੇ ਟਰੱਸਟ ਦੀ ਜ਼ਮੀਨ ਨੂੰ ਕਿਸੇ ਤੀਜੀ ਪਾਰਟੀ ਨੂੰ ਵੇਚਿਆ ਜਾਂ ਉਸ ਦੇ ਨਾਂ ਤਬਦੀਲ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਟਰੱਸਟ ਦੀ ਇਸ ਜ਼ਮੀਨ ਉੱਤੇ ਦੋ ਸਕੂਲ ਚੱਲ ਰਹੇ ਹਨ, ਜਿਹਨਾਂ ਵਿਚ ਸੇਂਟ ਥੌਮਸ ਸਕੂਲ ਅਤੇ ਮਿਸ਼ਨ ਕਾਲਜ ਸ਼ਾਮਿਲ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਅਫਸੋਸਨਾਕ ਗੱਲ ਹੈ ਕਿ ਕਾਂਗਰਸੀ ਗੁੰਡਿਆਂ ਨੇ ਸਥਾਨਕ ਪੁਲਿਸ ਦੀ ਮੱਦਦ ਨਾਲ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਨਾ ਤਾਂ ਗੁੰਡਿਆਂ ਖ਼ਿਲਾਫ ਕੋਈ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਉਹਨਾਂ ਖ਼ਿਲਾਫ ਕੋਈ ਐਫਆਈਆਰ ਦਰਜ ਕੀਤੀ ਗਈ ਹੈ, ਜਿਹਨਾਂ ਨੇ ਗੈਰਕਾਨੂੰਨੀ ਤਰੀਕੇ ਨਾਲ ਆਪਣੇ ਨਾਂ ਰਜਿਸਟਰੀਆਂ ਕਰਵਾਈਆਂ ਹਨ।
ਇਹ ਟਿੱਪਣੀ ਕਰਦਿਆਂ ਕਿ ਈਸਾਈ ਭਾਈਚਾਰੇ ਨੂੰ ਇਨਸਾਫ ਦਿਵਾਉਣ ਲਈ ਅਕਾਲੀ ਦਲ ਪੂਰਾ ਜ਼ੋਰ ਲਗਾਏਗਾ, ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸਾਸ਼ਨ ਨੇ ਦੋਸ਼ੀਆਂ ਖ਼ਿਲਾਫ ਤੁਰੰਤ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਈਸਾਈ ਭਾਈਚਾਰੇ ਦੀ ਹਮਾਇਤ ਵਿਚ ਇੱਕ ਅੰਦੋਲਨ ਸ਼ੁਰੂ ਕਰੇਗਾ। ਉਹਨਾਂ ਕਿਹਾ ਕਿ ਜੇਕਰ ਸਾਨੂੰ ਮੋਗਾ ਦੇ ਪ੍ਰਸਾਸ਼ਨ ਤੋਂ ਇਨਸਾਫ ਨਾ ਮਿਲਿਆ ਤਾਂ ਅਸੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਜਾਵਾਂਗੇ।