ਬਿਕਰਮ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਸਮਾਜ ਭਲਾਈ ਸਕੀਮਾਂ ਵਾਸਤੇ ਆਲੂ ਖਰੀਦਣ ਲਈ ਕਿਹਾ
ਕਿਹਾ ਕਿ ਅਸੰਬਲੀ ਵਿਚ ਐਲਾਨੇ ਸਥਾਈ ਕੀਮਤ ਫੰਡ ਨੂੰ ਕਿਉਂ ਨਹੀਂ ਲਾਗੂ ਕੀਤਾ ਜਾ ਰਿਹਾ?
ਚੰਡੀਗੜ•/21 ਦਸੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਲੂ ਉਤਪਾਦਕਾਂ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ ਰਾਹਤ ਪੈਕਜ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਕਿਸਾਨਾਂ ਨੂੰ ਤਬਾਹੀ ਤੋਂ ਬਚਾਉਣ ਲਈ ਸਰਕਾਰ ਦੁਆਰਾ ਲੋਕ ਭਲਾਈ ਸਕੀਮਾਂ ਵਾਸਤੇ ਆਲੂਆਂ ਦੀ ਖਰੀਦ ਕੀਤੀ ਜਾਵੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਲਗਾਤਾਰ ਦੂਜੇ ਸਾਲ ਭਾਰੀ ਘਾਟਾ ਸਹਿ ਰਹੇ ਆਲੂ ਉਤਪਾਦਕਾਂ ਨੂੰ ਸਰਕਾਰ ਵੱਲੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਰਾਹਤ ਪੈਕੇਜ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਦੇ ਨਾਲ ਇਹਨਾਂ ਆਲੂਆਂ ਨੂੰ ਮਿਡ ਡੇਅ ਮੀਲ ਸਕੀਮ ਅਤੇ ਆਟਾ ਦਾਲ ਸਕੀਮ ਵਰਗੀਆਂ ਲੋਕ ਭਲਾਈ ਸਕੀਮਾਂ ਲਈ ਖਰੀਦਿਆ ਜਾ ਸਕਦਾ ਹੈ, ਜਿਸ ਨਾਲ ਸੰਕਟ ਗ੍ਰਸਤ ਕਿਸਾਨਾਂ ਨੂੰ ਆਪਣੀ ਫਸਲ ਦਾ ਸਹੀ ਮੁੱਲ ਮਿਲ ਜਾਵੇਗਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਨੂੰ ਮਾਰਕਫੈਡ ਅਤੇ ਪੰਜਾਬ ਐਗਰੋ ਨੂੰ ਆਲੂ ਖਰੀਦਣ ਦਾ ਨਿਰਦੇਸ਼ ਦੇਣਾ ਚਾਹੀਦਾ ਹੈ, ਕਿਉਂਕਿ ਇਹ ਅਦਾਰੇ ਪਹਿਲਾਂ ਵੀ ਫਸਲ ਖਰੀਦਦੇ ਰਹੇ ਹਨ।
ਇਹ ਟਿੱਪਣੀ ਕਰਦਿਆਂ ਇਹ ਸਾਰੇ ਕਦਮ ਤੁਰੰਤ ਚੁੱਕੇ ਜਾਣ ਦੀ ਲੋੜ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਵਿੱਤ ਮੰਤਰੀ ਨੇ ਪਿਛਲੇ ਅਸੰਬਲੀ ਇਜਲਾਸ ਦੌਰਾਨ ਇੱਕ ਸਥਾਈ ਕੀਮਤ ਫੰਡ ਦਾ ਐਲਾਨ ਕੀਤਾ ਸੀ, ਪਰ ਹੁਣ ਜਦੋਂ ਆਲੂਆਂ ਦੀਆਂ ਕੀਮਤਾਂ ਨੂੰ ਸਥਿਰ ਕਰਨ ਦਾ ਸਮਾਂ ਆਇਆ ਹੈ ਤਾਂ ਸਰਕਾਰ ਇੱਕ ਉਂਗਲ ਵੀ ਨਹੀਂ ਹਿਲਾ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਦੀ ਤਰਜ਼ ਉੱਤੇ ਕਿਸਾਨਾਂ ਨੂੰ ਭਾੜਾ ਸਬਸਿਡੀ ਅਤੇ ਭੰਡਾਰਣ ਸਬਸਿਡੀ ਦੇ ਸਕਦੀ ਹੈ। ਸਰਦਾਰ ਮਜੀਠੀਆ ਨੇ ਕਿਹਾ ਕਿ ਆਲੂ ਦਾ ਬੀਜ ਵੀ ਪਾਕਿਸਤਾਨ, ਅਫਗਾਨਿਸਤਾਨ ਅਤੇ ਸ੍ਰੀ ਲੰਕਾ ਨਿਰਯਾਤ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਇਹ ਸਾਰੇ ਕਦਮ ਨਾ ਚੁੱਕੇ ਗਏ ਤਾਂ ਨਿਰਾਸ਼ ਕਿਸਾਨਾਂ ਨੂੰ ਖੁਦਕੁਸ਼ੀਆਂ ਵੱਲ ਧੱਕਣ ਲਈ ਸਿਰਫ ਸਰਕਾਰ ਜ਼ਿੰਮੇਵਾਰ ਹੋਵੇਗੀ।
ਇਹ ਕਹਿੰਦਿਆਂ ਕਿ ਸੂਬੇ ਅੰਦਰ ਖੇਤੀ ਸੰਕਟ ਗੰਭੀਰ ਹੋ ਰਿਹਾ ਹੈ, ਅਕਾਲੀ ਆਗੂ ਨੇ ਕਿਹਾ ਕਿ ਆਲੂਆਂ ਦੀ ਕੀਮਤਾਂ ਡਿੱਗ ਕੇ 3 ਰੁਪਏ ਕਿਲੋ ਹੋ ਗਈਆਂ ਹਨ। ਉਹਨਾਂ ਕਿਹਾ ਕਿ ਅਜਿਹੀ ਸਥਿਤੀ ਵਿਚ ਕਿਸਾਨ ਆਪਣੇ ਉਤਪਾਦਨ ਦੇ ਖਰਚੇ ਵੀ ਪੂਰੇ ਨਹੀਂ ਕਰ ਪਾ ਰਹੇ ਹਨ , ਜੋ ਕਿ ਕਿਸਾਨਾਂ ਨੂੰ ਪੁਟਾਈ ਅਤੇ ਪੈਕਿੰਗ ਦੇ ਖਰਚੇ ਜੋੜ ਕੇ 6 ਤੋਂ 8 ਰੁਪਏ ਪ੍ਰਤੀ ਕਿਲੋ ਪੈਂਦਾ ਹੈ। ਉਹਨਾਂ ਕਿਹਾ ਕਿ ਇਸੇ ਕਰਕੇ ਬਹੁਤੇ ਕਿਸਾਨ ਆਲੂ ਦੀ ਫਸਲ ਪੁੱਟਣ ਦਾ ਫੈਸਲਾ ਹੀ ਤਿਆਗ ਰਹੇ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਲੂ ਉਤਪਾਦਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਢੁੱਕਵੇਂ ਕਦਮ ਨਾ ਚੁੱਕੇ ਤਾਂ ਅਕਾਲੀ ਦਲ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਇੱਕ ਅੰਦੋਲਨ ਸ਼ੁਰੂ ਕਰੇਗਾ।
ਉਹਨਾਂ ਕਿਹਾ ਕਿ ਕਿਸਾਨਾਂ ਦੀ ਮੌਜੂਦਾ ਦੁਰਦਸ਼ਾ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ। ਪਿਛਲੇ ਇੱਕ ਸਾਲ ਤੋਂ ਕਿਸਾਨਾਂ ਦੀ ਸਮੱਸਿਆਵਾਂ ਅਤੇ ਮੰਗਾਂ ਬਾਰੇ ਜਾਣੂ ਹੋਣ ਦੇ ਬਾਵਜੂਦ ਸਰਕਾਰ ਨੇ ਕਿਸਾਨਾਂ ਨੂੰ ਫਸਲਾਂ ਦੇ ਸਹੀ ਮੁੱਲ ਦਿਵਾਉਣ ਲਈ ਕੋਈ ਠੋਸ ਨੀਤੀ ਤਿਆਰ ਨਹੀਂ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਨੂੰ ਇਸ ਤਰ•ਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦਿਆਂਗੇ ਅਤੇ ਇਸ ਨੂੰ ਪੀੜਤ ਕਿਸਾਨਾਂ ਦੀ ਮੱਦਦ ਲਈ ਅੱਗੇ ਆਉਣ ਵਾਸਤੇ ਮਜ਼ਬੂਰ ਕਰ ਦਿਆਂਗੇ।