ਚੰਡੀਗੜ੍ਹ/28 ਮਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅਸਲੀ ਨੀਲਾ ਕਾਰਡ ਧਾਰਕਾਂ ਦੇ ਨਾਂਵਾਂ ਉੱਤੇ ਲੀਕ ਮਾਰ ਕੇ ਅਤੇ ਉਹਨਾਂ ਦੇ ਬਦਲੇ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਜਾਅਲੀ ਲਾਭਪਾਤਰੀਆਂ ਦੇ ਨਾਂ ਸੂਚੀ ਵਿਚ ਪਾ ਕੇ ਗਰੀਬਾਂ ਅਤੇ ਲੋੜਵੰਦਾਂ ਦਾ ਮਜ਼ਾਕ ਉਡਾਉਣ ਲਈ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੈਨਿਕ ਵਿੰਗ ਦੇ ਪ੍ਰਧਾਨ ਸਰਦਾਰ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਤੁਰੰਤ ਬਾਅਦ ਕਾਂਗਰਸ ਸਰਕਾਰ ਨੇ ਸੂਬੇ ਅੰਦਰ ਨੀਲਾ ਕਾਰਡ ਧਾਰਕਾਂ ਦੀ ਅਸਲੀ ਗਿਣਤੀ ਨੂੰ ਲੈ ਕੇ ਉਂਗਲਾਂ ਉਠਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ, ਜੋ ਕਿ 36 ਲੱਖ ਦੇ ਕਰੀਬ ਸੀ। ਉਹਨਾਂ ਕਿਹਾ ਕਿ ਨੀਲਾ ਕਾਰਡ ਸੂਚੀ ਵਿਚੋਂ ਜਾਅਲੀ ਲਾਭਪਾਤਰੀਆਂ ਦੇ ਨਾਂ ਹਟਾਉਣ ਦੇ ਬਹਾਨੇ ਸਰਕਾਰ ਨੇ ਇਹਨਾਂ ਦੀ ਗਿਣਤੀ ਵਿਚ 49 ਫੀਸਦੀ ਕਟੌਤੀ ਕਰ ਦਿੱਤੀ। ਪਰ ਇਸ ਤੋਂ ਬਾਅਦ ਨਵੀਂ ਸੂਚੀ ਵਿਚ ਲਗਭਗ ਇੰਨੇ ਹੀ ਹੋਰ ਨਵੇਂ ਨਾਂ ਪਾ ਕੇ ਇਹਨਾਂ ਦੀ ਗਿਣਤੀ 34.6 ਲੱਖ ਕਰ ਦਿੱਤੀ।
ਅਸਲੀ ਨੀਲਾ ਕਾਰਡ ਧਾਰਕਾਂ ਦੀ ਕੀਮਤ ਉੱਤੇ ਸੂਚੀ ਵਿਚ ਕਾਂਗਰਸੀ ਸਮਰਥਕਾਂ ਦੇ ਦਾਖਲੇ ਦਾ ਰਾਹ ਤਿਆਰ ਕਰਨ ਲਈ ਕਾਂਗਰਸ ਸਰਕਾਰ ਨੂੰ ਝਾੜ ਪਾਉਂਦਿਆਂ ਅਕਾਲੀ ਆਗੂ ਨੇ ਕਿਹਾ ਕਿ ਸੂਬਾ ਸਰਕਾਰ ਦੀ ਵੋਟ ਬੈਂਕ ਦੀ ਰਾਜਨੀਤੀ ਉਹਨਾਂ ਗਰੀਬਾਂ ਉੱਤੇ ਦੁੱਖਾਂ ਅਤੇ ਮੁਸੀਬਤਾਂ ਦੇ ਪਹਾੜ ਤੋੜ ਰਹੀ ਹੈ, ਜਿਹਨਾਂ ਨੂੰ ਕੇਂਦਰੀ ਅਤੇ ਸੂਬਾਈ ਭਲਾਈ ਸਕੀਮਾਂ ਦੇ ਲਾਭਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਗਰੀਬਾਂ ਅਤੇ ਲੋੜਵੰਦਾਂ ਦੇ ਨੀਲਾ ਕਾਰਡ ਸੂਚੀ ਤੋਂ ਕੱਟ ਕੇ ਉਹਨਾਂ ਨੂੰ ਆਪਣੇ ਹਾਲ ਉੱਤੇ ਛੱਡ ਦਿੱਤਾ ਗਿਆ ਹੈ। ਉਹ ਇਹਨਾਂ ਔਖੇ ਸਮਿਆਂ ਵਿਚ ਕੇਂਦਰ ਵੱਲੋਂ ਸੂਬੇ ਨੁੰ ਭੇਜੀ ਖੁਰਾਕ ਰਾਹਤ ਸਮਗੱਰੀ ਦਾ ਲਾਭ ਲੈਣ ਦੇ ਵੀ ਯੋਗ ਨਹੀਂ ਛੱਡੇ ਹਨ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਇਹਨਾਂ ਗਰੀਬਾਂ ਦੀਆਂ ਤਕਲੀਫਾਂ ਪ੍ਰਤੀ ਕੁੱਝ ਸੰਵੇਦਨਸ਼ੀਲਤਾ ਵਿਖਾਉਣੀ ਚਾਹੀਦੀ ਹੈ ਅਤੇ ਉਹਨਾਂ ਨਂੂੰ ਤੁਰੰਤ ਕੇਂਦਰੀ ਖੁਰਾਕ ਸਮੱਗਰੀ ਮੁਹੱਈਆ ਕਰਵਾਉਣੀ ਚਾਹੀਦੀ ਹੈ।
ਬਰਨਾਲਾ ਦੇ ਉਹਨਾਂ 7 ਹਜ਼ਾਰ ਲੋਕਾਂ ਦੀ ਹੋਣੀ ਸਾਂਝਾਂ ਕਰਦਿਆਂ, ਜਿਹਨਾਂ ਦੇ ਨੀਲੇ ਕਾਰਡਾਂ ਉਤੇ ਕਾਂਗਰਸੀਆਂ ਵੱਲੋਂ ਲੀਕ ਫੇਰ ਦਿੱਤੀ ਗਈ ਹੈ, ਸਰਦਾਰ ਸਿੱਧੂ ਨੇ ਸੰਬੰਧਿਤ ਅਧਿਕਾਰੀਆਂ ਨੂੰ ਪੁੱਛਿਆ ਕਿ ਉਹ ਜੁਆਬ ਦੇਣ ਕਿ ਕੀ ਇਸ ਸੂਚੀ ਵਿੱਚੋਂ ਨਾਂ ਕੱਟੇ ਜਾਣ ਮਗਰੋਂ ਇਹ ਗਰੀਬ ਲੋਕੀਂ ਕੇਂਦਰੀ ਰਾਹਤ ਸਮੱਗਰੀ ਜਿਸ ਵਿਚ ਕਣਕ ਅਤੇ ਦਾਲਾਂ ਸ਼ਾਮਿਲ ਹਨ, ਲੈਣ ਦੇ ਹੱਕਦਾਰ ਨਹੀਂ ਰਹੇ ਹਨ? ਉਹਨਾਂ ਕਿਹਾ ਕਿ ਇਹ ਆਪਣੇ ਨੀਲੇ ਕਾਰਡ ਬਹਾਲ ਕਰਵਾਉਣ ਲਈ ਦਰ ਦਰ ਠੋਕਰਾਂ ਖਾ ਰਹੇ ਹਨ, ਕਿਉਂਕਿ ਮਹਾਂਮਾਰੀ ਕਾਰਣ ਪੈਦਾ ਹੋਏ ਹਾਲਾਤਾਂ ਕਰਕੇ ਉਹਨਾਂ ਨੂੰ ਮੱਦਦ ਦੀ ਸਖ਼ਤ ਲੋੜ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਇਹਨਾਂ ਗਰੀਬਾਂ ਅਤੇ ਲੋੜਵੰਦਾਂ ਦੇ ਨਾਂ ਤੁਰੰਤ ਨਵੀਂ ਨੀਲਾ ਕਾਰਡ ਸੂਚੀ ਵਿਚ ਪਾ ਦੇਣੇ ਚਾਹੀਦੇ ਹਨ ਤਾਂ ਕਿ ਕੇਂਦਰੀ ਅਤੇ ਸੂਬਾਈ ਭਲਾਈ ਸਕੀਮਾਂ ਦੇ ਲਾਭ ਲੈ ਸਕਣ।