ਕਿਹਾ ਕਿ ਸਿੱਖ ਗੁਰੂਆਂ ਬਾਰੇ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ ਹੈ
ਡਾਕਟਰ ਚੀਮਾ ਨੇ ਸਿੱਖਿਆ ਮੰਤਰੀ ਅਤੇ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਅਹੁਦਿਆਂ ਤੋਂ ਹਟਾਉਣ ਦੀ ਮੰਗ ਕੀਤੀ
ਚੰਡੀਗੜ੍ਹ/24 ਅਕਤੂਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀੰ ਕਲਾਸ ਦੀ ਇਤਿਹਾਸ ਦੀਆਂ ਪੁਸਤਕਾਂ ਦੇ ਨਵੇਂ ਜਾਰੀ ਕੀਤੇ ਚੈਪਟਰਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਪਾਰਟੀ ਨੇ ਕਿਹਾ ਹੈ ਕਿ ਇਹਨਾਂ ਚੈਪਟਰਾਂ ਵਿਚ ਬੋਰਡ ਨੇ ਸਿਰਫ ਇਤਿਹਾਸ ਨੂੰ ਹੀਂ ਨਹੀਂ ਤੋੜਿਆ ਮਰੋੜਿਆ, ਸਗੋਂ ਸਿੱਖ ਗੁਰੂ ਸਾਹਿਬਾਨਾਂ ਅਤੇ ਸਿੱਖ ਪੰਥ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਨਲਾਈਨ ਜਾਰੀ ਕੀਤੇ ਗਏ ਨਵੇਂ ਚੈਪਟਰਾਂ ਵਿਚ ਬਹੁਤ ਸਾਰੀਆਂ ਗਲਤੀਆਂ ਹਨ। ਇਹ ਸਿੱਖ ਗੁਰੂ ਸਾਹਿਬਾਨਾਂ ਅਤੇ ਸਿੱਖ ਧਾਰਮਿਕ ਗ੍ਰੰਥਾਂ ਨਾਲ ਜੁੜੇ ਇਤਿਹਾਸਕ ਤੱਥਾਂ ਨੂੰ ਤੋੜਣ ਮਰੋੜਣ ਦੀ ਇੱਕ ਖਤਰਨਾਕ ਸਾਜ਼ਿਸ਼ ਹੈ। ਇਹਨਾਂ ਵੱਡੀਆਂ ਕੁਤਾਹੀਆਂ ਲਈ ਸਿੱਖਿਆ ਮੰਤਰੀ ਓ ਪੀ ਸੋਨੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦੀ ਤੁਰੰਤ ਅਹੁਦਿਆਂ ਤੋਂ ਛੁੱਟੀ ਕੀਤੀ ਜਾਣੀ ਚਾਹੀਦੀ ਹੈ।
ਸਿੱਖ ਇਤਿਹਾਸ ਸੰਬੰਧੀ ਅਜਿਹੀ ਗਲਤ ਜਾਣਕਾਰੀ ਨੂੰ ਆਨਲਾਈਨ ਜਾਰੀ ਕਰਨ ਵਾਲੇ ਬੋਰਡ ਅਧਿਕਾਰੀਆਂ ਖ਼ਿਲਾਫ ਕਾਰਵਾਈ ਦੀ ਮੰਗ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਸਿੱਖ ਪੰਥ ਕਦੇ ਵੀ ਕਾਂਗਰਸ ਸਰਕਾਰ ਨੂੰ ਪੰਜਾਬ ਅਤੇ ਸਿੱਖਾਂ ਇਤਿਹਾਸ ਨਾਲ ਖਿਲਵਾੜ ਨਹੀ ਕਰਨ ਦੇਵੇਗਾ। ਉਹਨਾਂ ਕਿਹਾ ਕਿ ਇਹਨਾਂ ਵਿਵਾਦਗ੍ਰਸਤ ਚੈਪਟਰਾਂ ਨੂੰ ਤੁਰੰਤ ਵਾਪਸ ਲਿਆ ਜਾਵੇ, ਨਹੀਂ ਤਾਂ ਅਕਾਲੀ ਦਲ ਇਸ ਮੁੱਦੇ ਉੱਤੇ ਜਨ ਅੰਦੋਲਨ ਸ਼ੁਰੂ ਕਰੇਗਾ।
ਡਾਕਟਰ ਚੀਮਾ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਕਾਂਗਰਸ ਸਰਕਾਰ ਗੁਰੂ ਸਾਹਿਬਾਨਾਂ ਅਤੇ ਸਿੱਖ ਇਤਿਹਾਸ ਬਾਰੇ ਇਤਿਹਾਸ ਦੀਆਂ ਕਿਤਾਬਾਂ ਵਿਚ ਗਲਤ ਅਤੇ ਗੁੰਮਰਾਹਕੁਨ ਜਾਣਕਾਰੀ ਪਾ ਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਉਹਨਾਂ ਦੇ ਇਤਿਹਾਸ ਅਤੇ ਸੱਭਿਆਚਾਰ ਤੋਂ ਵਾਂਝਾ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇਤਿਹਾਸ ਦੀ ਪੁਸਤਕ ਦੇ ਇਹਨਾਂ ਸੋਧੇ ਹੋਏ ਤੀਜੇ ਅਤੇ ਪੰਜਵੇਂ ਚੈਪਟਰਾਂ ਵਿਚ ਗੁਰੂ ਸਾਹਿਬਾਨਾਂ ਬਾਰੇ ਬਹੁਤ ਹੀ ਗਲਤ ਬਿਆਨੀ ਕੀਤੀ ਗਈ ਹੈ।
ਇਸ ਬਾਰੇ ਹੋਣ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇੱਕ ਪੰਕਤੀ ਵਿਚ ਇਹ ਲਿਖਿਆ ਹੈ ਕਿ ਦਸਵੇਂ ਗੁਰੂ ਸਾਹਿਬਾਨ ਨੇ ਭੀਮ ਚੰਦ ਤੋਂ ਨਾਰਾਜ਼ ਹੋ ਕੇ ਆਲੀਸ਼ਾਨ ਨਾਂ ਦੇ ਇੱਕ ਪਿੰਡ ਨੂੰ ਲੁੱਟਿਆ ਸੀ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਤੱਥਾਂ ਨੂੰ ਤੋੜ ਮਰੋੜ ਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਗੁਰੂ ਸਾਹਿਬਾਨ ਦੀ ਸਜ਼ਾ ਨੂੰ ਜੁਰਮਾਨੇ ਵਿਚ ਬਦਲਣ ਮਗਰੋਂ ਉਹਨਾਂ ਨੂੰ ਸਿਰਫ ਸਰੀਰਕ ਤਸੀਹੇ ਦਿੱਤੇ ਗਏ ਸਨ, ਸ਼ਹੀਦ ਨਹੀਂ ਸੀ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਗੁਰੂ ਸਾਹਿਬਾਨਾਂ ਦੇ ਨਾਂ ਸਹੀ ਤਰੀਕੇ ਨਾਲ ਨਾ ਲਿਖ ਕੇ ਉੁਹਨਾਂ ਦਾ ਨਿਰਾਦਰ ਕੀਤਾ ਗਿਆ ਹੈ ਅਤੇ ਸਿੱਖ ਇਤਿਹਾਸ ਨਾਲ ਜੁੜੇ ਸ਼ਹਿਰਾਂ ਪਿੱਛੋਂ 'ਸਾਹਿਬ' ਹਟਾ ਕੇ ਇਤਿਹਾਸਕ ਸ਼ਹਿਰਾਂ ਦਾ ਅਪਮਾਨ ਕੀਤਾ ਗਿਆ ਹੈ।
ਸਾਬਕਾ ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਅਜੇ ਤਕ 11ਵੀਂ ਦੀ ਇਤਿਹਾਸ ਦੀ ਕਿਤਾਬ ਦਾ ਸਿਰਫ ਇੱਕ ਚੈਪਟਰ ਆਨਲਾਈਨ ਜਾਰੀ ਕੀਤਾ ਗਿਆ ਹੈ, ਜਦਕਿ ਪ੍ਰੀਖਿਆਵਾਂ ਵਿਚ ਸਿਰਫ ਕੁੱਝ ਹੀ ਮਹੀਨੇ ਬਚੇ ਹਨ। ਇਸ ਨੂੰ ਇੱਕ ਵੱਡੀ ਲਾਪਰਵਾਹੀ ਕਰਾਰ ਦਿੰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਇੱਥੋਂ ਤਕ 12ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਦੇ ਵੀ ਸਿਰਫ 5 ਚੈਪਟਰ ਹੀ ਜਾਰੀ ਕੀਤੇ ਗਏ ਹਨ ਅਤੇ ਉਹਨਾਂ ਵਿਚ ਵੀ ਅਨੇਕਾਂ ਗਲਤੀਆਂ ਹਨ।