ਟੀਨੂੰ ਨੇ ਕਿਹਾ ਕਿ ਵਿੱਤ ਮੰਤਰੀ ਨੇ ਮੈਨੂੰ ਗਾਲ੍ਹ ਦਿੱਤੀ ਅਤੇ ਬਾਕੀ ਕਾਂਗਰਸੀ ਵਿਧਾਇਕਾਂ ਨੂੰ ਮੇਰੇ ਉੱਤੇ ਹਮਲੇ ਲਈ ਉਕਸਾਇਆ
ਕਿਹਾ ਕਿ ਮਨਪ੍ਰੀਤ ਬਾਦਲ ਨੇ ਲੱਖਾਂ ਦਲਿਤ ਵਿਦਿਆਰਥੀਆਂ ਦਾ ਭਵਿੱਖ ਖਰਾਬ ਕਰ ਦਿੱਤਾ ਹੈ
ਚੰਡੀਗੜ੍ਹ/04 ਮਾਰਚ:ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵਿੰਗ ਨੇ ਅੱਜ ਵਿਧਾਇਕ ਪਵਨ ਕੁਮਾਰ ਟੀਨੂੰ ਦੇ ਵਿਧਾਨ ਸਭਾ ਵਿਚ ਕੀਤੇ ਤਿਰਸਕਾਰ ਦੀ ਸਖ਼ਤ ਨਿਖੇਧੀ ਕੀਤੀ, ਜਿਹਨਾਂ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਵੱਲੋਂ ਗਾਲ੍ਹਾਂ ਕੱਢੀਆਂ ਗਈਆਂ ਜਦਕਿ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਦੁਆਰਾ ਟੀਨੂੰ ਖ਼ਿਲਾਫ ਅਪਨਾਜਨਕ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ। ਇੰਨਾ ਹੀ ਨਹੀਂ ਕੁੱਝ ਕਾਂਗਰਸੀ ਵਿਧਾਇਕਾਂ ਨੇ ਅਕਾਲੀ ਆਗੂ ਨਾਲ ਖਿੱਚ-ਧੂਹ ਵੀ ਕੀਤੀ।
ਅਕਾਲੀ ਵਿਧਾਇਕ ਦਲ ਨੇ ਆਪਣੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਇਸ ਘਿਨੌਣੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਕ ਦਲਿਤ ਆਗੂ ਉੱਤੇ ਕਾਂਗਰਸ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਇਸ ਲਈ ਹਮਲਾ ਕੀਤਾ ਗਿਆ, ਕਿਉਂਕਿ ਉਸ ਨੇ ਵਿੱਤ ਮੰਤਰੀ ਨੂੰ ਇਹ ਪੁੱਛਣ ਦੀ ਦਲੇਰੀ ਕੀਤੀ ਸੀ ਕਿ ਦਲਿਤ ਦੀਆਂ ਗਰਾਂਟਾਂ ਕਿਉਂ ਨਹੀਂ ਜਾਰੀ ਕੀਤੀਆਂ ਗਈਆਂ ਅਤੇ ਦਲਿਤ ਵਜ਼ੀਫਾ ਸਕੀਮ ਨੂੰ ਕਿਉਂ ਬੰਦ ਕਰ ਦਿੱਤਾ ਗਿਆ ਹੈ?ਉਹਨਾਂ ਇਹ ਵੀ ਮੰਗ ਕੀਤੀ ਕਿ ਸ੍ਰੀ ਟੀਨੂੰ ਨਾਲ ਬਦਸਲੂਕੀ ਕਰਨ ਵਾਲੇ ਵਿੱਤ ਮੰਤਰੀ, ਮੰਤਰੀਆਂ ਅਤੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਬਾਕੀਆਂ ਖ਼ਿਲਾਫ ਵਿਸ਼ੇਸ਼ ਅਧਿਕਾਰ ਕਾਰਵਾਈ ਸ਼ੁਰੂ ਕੀਤੀ ਜਾਵੇ।
ਹੋਰ ਜਾਣਕਾਰੀ ਦਿੰਦਿਆਂ ਸ੍ਰੀ ਟੀਨੂੰ ਨੇ ਦੱਸਿਆ ਕਿ ਉਹਨਾਂ ਨੇ ਸਿਰਫ ਇਕ ਬੈਨਰ ਲਹਿਰਾਇਆ ਸੀ, ਜਿਸ ਵਿਚ ਪੁੱਛਿਆ ਗਿਆ ਸੀ ਕਿ ਦਲਿਤ ਭਾਈਚਾਰੇ ਦੀ ਭਲਾਈ ਲਈ ਰਾਂਖਵਾਂ ਰੱਖਿਆ ਪੈਸਾ ਕਿੱਥੇ ਚਲਿਆ ਗਿਆ? ਉਹਨਾਂ ਕਿਹਾ ਕਿ ਇਸ ਗੱਲ ਉੱਤੇ ਵਿੱਤ ਮੰਤਰੀ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਮੈਨੂੰ ਇੱਕ ਗੰਦੀ ਗਾਲ੍ਹ ਕੱਢੀ ਅਤੇ ਬਾਕੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਮੇਰੇ ਉੱਤੇ ਹਮਲਾ ਕਰਨ ਲਈ ਵੀ ਉਕਸਾਇਆ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਫਿਰ ਮੇਰੇ ਨਾਲ ਖਿੱਚਧੂਹ ਅਤੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜੇਕਰ ਡਾਕਟਰ ਸੁਖਵਿੰਦਰ ਸੁੱਖੀ, ਬਲਦੇਵ ਖਹਿਰਾ ਅਤੇ ਹਰਿੰਦਰਪਾਲ ਚੰਦੂਮਾਜਰਾ ਮੇਰੀ ਮੱਦਦ ਲਈ ਨਾ ਆਉਂਦੇ ਤਾਂ ਮੇਰਾ ਕਾਫੀ ਨੁਕਸਾਨ ਹੋ ਜਾਣਾ ਸੀ। ਉਹਨਾਂ ਕਿਹਾ ਕਿ ਮੇਰੀ ਗਲਤੀ ਸਿਰਫ ਇਹ ਸੀ ਕਿ ਮੈਂ ਉਹ ਸੁਆਲ ਪੁੱਛਦਾ ਆ ਰਿਹਾ ਹਾਂ, ਜਿਹੜੇ ਕਾਂਗਰਸ ਸਰਕਾਰ ਦੀਆਂ ਦਲਿਤ ਵਿਰੋਧੀ ਨੀਤੀਆਂ ਦੀ ਪੋਲ੍ਹ ਖੋਲ੍ਹਦੇ ਹਨ।
ਸ੍ਰੀ ਟੀਨੂੰ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਮਨਪ੍ਰੀਤ ਬਾਦਲ ਲਗਾਤਾਰ ਦਲਿਤਾਂ ਲਈ ਰਾਂਖਵਾਂ ਰੱਖਿਆ ਪੈਸਾ ਜਾਰੀ ਨਾ ਕਰਕੇ ਉਹਨਾਂ ਨਾਲ ਵਿਤਕਰਾ ਕਰਦਾ ਆ ਰਿਹਾ ਹੈ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਉਸ ਦੀ ਮਾਨਸਿਕਤਾ ਦਲਿਤ-ਵਿਰੋਧੀ ਹੈ। ਵਿੱਤ ਮੰਤਰੀ ਦੇ ਭਾਸ਼ਣ ਨੂੰ ਖੰਡ 'ਚ ਲਪੇਟੀ ਜ਼ਹਿਰ ਕਰਾਰ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਪਿਛæਲੇ ਤਿੰਨ ਸਾਲ ਪੰਜਾਬ ਦੇ ਦਲਿਤਾਂ ਲਈ ਸਭ ਤੋਂ ਮਾੜੇ ਗੁਜ਼ਰੇ ਹਨ। ਦਲਿਤਾਂ ਨੂੰ ਪੜ੍ਹਾਈ ਲਈ ਵਜ਼ੀਫੇ ਨਹੀਂ ਦਿੱਤੇ ਗਏ। ਕਾਲਜਾਂ ਨੇ ਉਹਨਾਂ ਨੂੰ ਡਿਗਰੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਰਕੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ। ਇਸ ਸਭ ਕਾਸੇ ਲਈ ਅਤੇ ਲੱਖਾਂ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਲਈ ਮਨਪ੍ਰੀਤ ਬਾਦਲ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਇਹ ਗੱਲ ਭੁੱਲ ਚੁੱਕਿਆ ਹੈ ਕਿ ਇਹ ਦਲਿਤ ਭਾਈਚਾਰਾ ਹੀ ਸੀ, ਜਿਸ ਨੇ ਪਹਿਲੀ ਵਾਰ 1997 ਵਿਚ ਉਸ ਨੂੰ ਗਿੱਦੜਬਾਹਾ ਤੋਂ ਵਿਧਾਇਕ ਬਣਾਇਆ ਸੀ।
ਇਸੇ ਦੌਰਾਨ ਸ੍ਰੀ ਟੀਨੂੰ ਉੱਤੇ ਕੀਤੇ ਨਫਰਤੀ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਉਹ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਹਨ, ਜਿਹੜੀਆਂ ਦਲਿਤਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਸਨ। ਉਹਨਾਂ ਕਿਹਾ ਕਿ ਅਸੀ ਇਹ ਸਭ ਕਰਨ ਲਈ ਸਰਕਾਰ ਦੀ ਖ਼ਬਰ ਲਵਾਂਗੇ ਅਤੇ ਇਸ ਨੂੰ ਦਲਿਤਾਂ ਦੀ ਭਲਾਈ ਨਾਲ ਜੁੜੀਆਂ ਸਾਰੀਆਂ ਸਮਾਜ ਭਲਾਈ ਸਕੀਮਾਂ ਸ਼ੁਰੂ ਕਰਨ ਲਈ ਮਜ਼ਬੂਰ ਕਰ ਦਿਆਂਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਵਡਾਲਾ, ਰੋਜ਼ੀ ਬਰਕੰਦੀ, ਮਨਪ੍ਰੀਤ ਸਿੰਘ ਇਆਲੀ, ਹਰਿੰਦਰਪਾਲ ਸਿੰਘ ਚੰਦੂਮਾਜਰਾ,ਅਤੇ ਬਲਦੇਵ ਖਹਿਰਾ ਵੀ ਹਾਜ਼ਿਰ ਸਨ।