ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਇਸ ਕੇਸ ਵਿਚ ਫਰੇਬੀ ਭੂਮਿਕਾ ਨਿਭਾ ਰਿਹਾ ਹੈ
ਲੁਧਿਆਣਾ ਸਾਂਸਦ ਰਵਨੀਤ ਬਿੱਟੂ ਨੂੰ ਆਪਣੇ ਦਾਦੇ ਬੇਅੰਤ ਸਿੰਘ ਵੱਲੋਂ ਨਿਰਦੋਸ਼ ਸਿੱਖ ਨੌਜਵਾਨਾਂ ਦੀ ਕੀਤੀ ਨਸਲਕੁਸ਼ੀ ਵਾਸਤੇ ਮੁਆਫੀ ਮੰਗਣ ਲਈ ਕਿਹਾ
ਚੰਡੀਗੜ੍ਹ/04 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਕਾਲੀ ਦਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜੇਲ੍ਹ ਵਿਚ ਜਲਦੀ ਰਿਹਾਈ ਕੀਤੇ ਜਾਣ ਦੇ ਹੱਕ ਵਿਚ ਹੈ। ਇਸ ਦੇ ਨਾਲ ਹੀ ਉਹਨਾਂ 550ਵੇਂ ਪਰਕਾਸ਼ ਪੁਰਬ ਦੇ ਮੌਕੇ ਦਇਆ ਦੀ ਭਾਵਨਾ ਤੋਂ ਕਿਨਾਰਾ ਕਰਨ ਅਤੇ ਇਸ ਕੇਸ ਵਿਚ 'ਮਨੁੱਖੀ ਪਹੁੰਚ' ਅਪਣਾਉਣ ਤੋਂ ਇਨਕਾਰ ਕਰਦਿਆਂ ਦੁਬਾਰਾ ਫਿਰਕੂ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕਰਨ ਲਈ ਕਾਂਗਰਸ ਪਾਰਟੀ ਦੀ ਸਖ਼ਤ ਨਿਖੇਧੀ ਕੀਤੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਕੇਸ ਵਿਚ ਫਰੇਬੀ ਭੂਮਿਕਾ ਨਿਭਾ ਰਿਹਾ ਹੈ ਅਤੇ ਬਿਨਾਂ ਪੈਰੋਲ ਤੋਂ 23 ਸਾਲ ਤੋਂ ਵੱਧ ਸਜ਼ਾ ਭੁਗਤ ਚੁੱਕੇ ਭਾਈ ਰਾਜੋਆਣਾ ਨੂੰ ਰਾਹਤ ਦੇਣ ਦੇ ਰਾਹ ਅੜਿੱਕੇ ਪਾ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਭਾਈ ਰਾਜੋਆਣਾ ਨੂੰ ਰਾਹਤ ਦਿਵਾਉਣ ਸੰਬੰਧੀ ਤਾਂ ਕੋਈ ਕਾਰਵਾਈ ਨਹੀਂ ਕੀਤੀ ਸੀ, ਪਰੰਤੂ ਉਹਨਾਂ ਚਾਰ ਪੁਲਿਸ ਕਰਮੀਆਂ ਨੂੰ ਮੁਆਫੀ ਦੀ ਸਿਫਾਰਿਸ਼ ਕਰਨ ਵਿਚ ਬੜੀ ਫੁਰਤੀ ਵਿਖਾਈ ਸੀ, ਜਿਹਨਾਂ ਨੇ 1993 ਵਿਚ ਛੇਤੀ ਤਰੱਕੀਆਂ ਲੈਣ ਵਾਸਤੇ ਇਕ ਬੇਕਸੂਰ ਸਿੱਖ ਨੌਜਵਾਨ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਦੱਸਣਾ ਚਾਹੀਦਾ ਹੈ ਕਿ ਕੀ ਉਹ ਭਾਈ ਰਾਜੋਆਣਾ ਦੀ ਸਜ਼ਾ ਮੁਆਫ ਕੀਤੇ ਜਾਣ ਦੇ ਹੱਕ ਵਿਚ ਹੈ ਹਾਂ ਨਹੀਂ ਹੈ? ਉਹਨਾਂ ਕਿਹਾ ਕਿ ਸੂਬੇ ਦੇ ਚੁਣੇ ਹੋਏ ਮੁਖੀ ਵਜੋਂ ਕੈਪਟਨ ਅਮਰਿੰਦਰ ਕੋਲੋਂ ਇਸ ਮੁੱਦੇ ਉੱਤੇ ਦੋਗਲੀ ਗੱਲ ਕਰਨ ਦੀ ਉਮੀਦ ਨਹੀਂ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਸਿੱਖਾਂ ਦੇ ਰਿਸਦੇ ਜ਼ਖ਼ਮਾਂ ਉੱਤੇ ਮੱਲ੍ਹਮ ਲਾਉਣ ਲਈ ਭਾਈ ਰਾਜੋਆਣਾ ਨੂੰ ਰਿਹਾ ਕੀਤੇ ਜਾਣ ਦੇ ਹੱਕ ਵਿਚ ਉਮੜੀ ਸਿੱਖ ਸੰਗਤ ਨੂੰ ਇਸ ਘਟਨਾ ਨੇ ਪ੍ਰੇਸ਼ਾਨ ਕਰ ਦਿੱਤਾ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਅਤੇ ਖਾਸ ਕਰਕੇ ਲੁਧਿਆਣਾ ਸਾਂਸਦ ਰਵਨੀਤ ਬਿੱਟੂ ਵਲੋਂ ਇਸ ਮਸਲੇ ਉਤੇ ਸਿਆਸਤ ਖੇਡੀ ਜਾ ਰਹੀ ਹੈ, ਜਿਹੜਾ ਕਿ ਸੂਬੇ ਦੀ ਫਿਰਕੂ ਸ਼ਾਂਤੀ ਭੰਗ ਕਰਨ ਵਾਸਤੇ ਭੜਕਾਊ ਬਿਆਨਬਾਜ਼ੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸੀ ਸਾਂਸਦ ਨੂੰ ਨਫ਼ਰਤ ਦੀ ਸਿਆਸਤ ਕਰਨ ਦੇ ਨਤੀਜਿਆਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਇਸ ਮੌਕੇ ਦਾ ਇਸਤੇਮਾਲ ਆਪਣੇ ਦਾਦਾ ਬੇਅੰਤ ਸਿੰਘ ਵੱਲੋਂ ਬੇਕਸੂਰ ਸਿੱਖ ਨੌਜਵਾਨਾਂ ਦੀ ਕੀਤੀ ਨਸਲਕੁਸ਼ੀ ਦੇ ਅਪਰਾਧ ਲਈ ਮੁਆਫੀ ਮੰਗਣ ਵਾਸਤੇ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬੇਅੰਤ ਸਿੰਘ ਦੀ ਅਗਵਾਈ ਵਿਚ ਸ਼ੁਰੂ ਕੀਤੇ ਸਰਕਾਰੀ ਅੱਤਵਾਦ ਦੌਰਾਨ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਸੀ। ਇੱਕ ਪੂਰੀ ਪੀੜ੍ਹੀ ਖ਼ਤਮ ਕਰ ਦਿੱਤੀ ਗਈ ਸੀ, ਜਿਸ ਨਾਲ ਹਰ ਖੇਤਰ ਵਿਚ ਪੰਜਾਬ 20 ਸਾਲ ਪਿੱਛੇ ਚਲਿਆ ਗਿਆ ਸੀ। ਉਹਨਾਂ ਕਿਹਾ ਕਿ ਅਸੀਂ ਅਜੇ ਵੀ ਮਨੁੱਖ ਵੱਲੋਂ ਪੈਦਾ ਕੀਤੇ ਇਸ ਦੁਖਾਂਤ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਆਏ ਹਾਂ। ਹੁਣ ਬਿੱਟੂ ਦੁਬਾਰਾ ਪੁਰਾਣੇ ਜਖ਼ਮਾਂ ਨੂੰ ਦੁਬਾਰਾ ਉਚੇੜਣਾ ਚਾਹੁੰਦਾ ਹੈ ਅਤੇ ਪੰਜਾਬ ਵਿਚ ਭਰਾ ਮਾਰੂ ਜੰਗ ਕਰਵਾਉਣਾ ਚਾਹੁੰਦਾ ਹੈ।
ਇਹ ਟਿੱਪਣੀ ਕਰਦਿਆਂ ਅਕਾਲੀ ਦਲ ਨੇ ਸਾਲਾਂ ਤੋਂ ਭਾਈ ਰਾਜੋਆਣਾ ਦੇ ਕੇਸ ਦੀ ਪੈਰਵੀ ਕੀਤੀ ਹੈ, ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਮਨੁੱਖੀ ਹਮਦਰਦੀ ਨਾਲ ਵਿਚਾਰੇ ਜਾਣ ਦੇ ਹੱਕ ਵਿਚ ਹਾਂ ਅਤੇ ਇਸ ਬਾਰੇ ਵੱਖ ਵੱਖ ਮੌਕਿਆਂ ਉੱਤੇ ਕੇਂਦਰ ਸਰਕਾਰ ਨੂੰ ਵੀ ਦੱਸ ਚੁੱਕੇ ਹਾਂ। ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਕੇਸ ਵਿਚ ਫੈਸਲਾ ਲੈਂਦੇ ਸਮੇਂ ਕਾਂਗਰਸ ਸਰਕਾਰ ਦੁਆਰਾ ਚਲਾਏ ਸਰਕਾਰੀ ਅੱਤਵਾਦ ਖਿਲਾਫ ਉਸ ਸਮੇਂ ਲੋਕਾਂ ਦੀਆਂ ਭੜਕੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।ਸਿੱਖ ਪੰਜਾਬ ਦੇ ਉਸ ਗੜਬੜ ਵਾਲੇ ਸਮੇਂ ਵਿਚੋਂ ਬਾਹਰ ਆਉਣਾ ਚਾਹ ਰਹੇ ਹਨ ਅਤੇ ਅਸੀਂ ਸੋਚਦੇ ਹਾਂ ਕਿ ਭਾਈ ਰਾਜੋਆਣਾ ਨੂੰ ਮੁਆਫ ਦੇਣ ਨਾਲ ਇਹ ਟੀਚਾ ਹਾਸਿਲ ਹੋ ਜਾਵੇਗਾ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇਗਾ ਅਤੇ ਉਹਨਾਂ ਨੂੰ ਭਾਈ ਰਾਜੋਆਣਾ ਦੀ ਸਜ਼ਾ ਮੁਆਫ ਕਰਨ ਲਈ ਵਿਸ਼ੇਸ਼ ਹਾਲਾਤਾਂ ਤੋਂ ਜਾਣੂ ਕਰਵਾਏਗਾ। ਉਹਨਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਗ੍ਰਹਿ ਮੰਤਰੀ ਸਾਡੇ ਅਤੇ ਸਿੱਖ ਭਾਈਚਾਰੇ ਦੇ ਨਜ਼ਰੀਏ ਨੂੰ ਸਮਝਣਗੇ ਅਤੇ ਇਸ ਮਾਮਲੇ ਵਿਚ ਢੁੱਕਵਾਂ ਫੈਸਲਾ ਲੈਣਗੇ।