ਚੰਡੀਗੜ੍ਹ/02 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਰਤਾਰਪੁਰ ਸਾਹਿਬ ਲਾਂਘੇ ਦਾ ਜਲਦੀ ਨਿਰਮਾਣ ਕਰਨ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਜੁੜੇ ਅਹਿਮ ਅਤੇ ਚਿਰੋਕਣੇ ਮੁੱਦਿਆਂ ਨੂੰ ਜਲਦੀ ਹੱਲ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।
ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸ਼ਰਧਾਲੂਆਂ ਦੀ ਸਹੂਲਤ ਵਾਸਤੇ ਰਾਵੀ ਦਰਿਆ ਉੱਤੇ ਪੁਲ ਅਤੇ ਅਤਿ ਆਧੁਨਿਕ ਯਾਤਰੀ ਟਰਮੀਨਲ ਇਮਾਰਤ ਕੰਪਲੈਕਸ ਦੀ ਉਸਾਰੀ ਦਾ ਕਾਰਜ ਤੇਜ ਕਰ ਦਿੱਤਾ ਹੈ। ਇਸ ਪ੍ਰਾਜੈਕਟ ਵਾਸਤੇ 290 ਕਰੋੜ ਰੁਪਏ ਦੀ ਲਾਗਤ ਵਾਲੀ ਲਗਭਗ 50 ਏਕੜ ਜ਼ਮੀਨ ਐਕੁਆਇਰ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਯਾਤਰੀ ਟਰਮੀਨਲ ਇਮਾਰਤ ਅਕਤੂਬਰ 2019 ਤਕ ਮੁਕੰਮਲ ਹੋ ਜਾਵੇਗੀ ਅਤੇ ਲਾਂਘੇ ਨੂੰ ਨੈਸ਼ਨਲ ਹਾਈਵੇਅ ਨਾਲ ਜੋੜਣ ਵਾਲਾ ਨੈਸ਼ਨਲ ਹਾਈਵੇਅ ਸਤੰਬਰ 2019 ਤਕ ਤਿਆਰ ਹੋ ਜਾਵੇਗਾ।
ਭਾਰਤੀ ਖੇਤਰ ਵੱਲ ਤੇਜ਼ੀ ਨਾਲ ਹੋ ਰਹੇ ਕਰਤਾਰ ਲਾਂਘੇ ਦੇ ਨਿਰਮਾਣ ਦੀ ਸ਼ਲਾਘਾ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਪਾਕਿਸਤਾਨੀ ਸਰਕਾਰ ਇਸ ਅਤਿ ਸੰਵੇਦਲਸ਼ੀਲ ਮੁੱਦੇ ਉੁੱਤੇ ਦੋਗਲੀ ਬੋਲੀ ਬੋਲ ਰਹੀ ਹੈ। ਉਹਨਾਂ ਕਿਹਾ ਕਿ ਕਰਤਾਰਪੁਰ ਲਾਂਘੇ ਲਈ ਕੀਤੇ ਜਾ ਰਹੇ ਕੰਮ ਸੰਬੰਧੀ ਪਾਕਿਸਤਾਨ ਵੱਡੀਆਂ ਵੱਡੀਆਂ ਗੱਲਾਂ ਮਾਰ ਰਿਹਾ ਹੈ, ਪਰ ਅਸਲੀਅਤ ਇਹ ਹੈ ਕਿ ਇਸ ਵੱਲੋਂ 320 ਮੀਟਰ ਲੰਬਾ ਪੁਲ ਬਣਾਉਣ ਦੀ ਬਜਾਇ ਮਹਿਜ ਉੱਚੀ ਕਰਕੇ ਸੜਕ ਬਣਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਨੇ ਰੋਜ਼ਾਨਾ ਸਿਰਫ 700 ਸ਼ਰਧਾਲੂਆਂ ਨੂੰ ਦਰਸ਼ਨਾਂ ਦੀ ਆਗਿਆ ਦੇਣ ਦੀ ਸ਼ਰਤ ਲਗਾ ਦਿੱਤੀ ਹੈ ਅਤੇ ਇਹ ਸ਼ਰਤ ਪਹਿਲਾਂ ਤੋਂ ਹੀ ਸਾਲ ਦੇ ਸੀਮਤ ਦਿਨਾਂ ਉੱਤੇ ਲਾਈ ਗਈ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਵੱਲੋਂ ਸ਼ਰਧਾਲੂਆਂ ਲਈ ਰੱਖੀ ਗਈ ਦਾਖ਼ਲਾ ਫੀਸ ਅਤੇ ਪਰਮਿਟ ਫੀਸ ਵੀ ਬਹੁਤ ਜ਼ਿਆਦਾ ਹੈ, ਜਿਸ ਤਹਿਤ ਆਮ ਦਿਨਾਂ ਦੌਰਾਨ ਪ੍ਰਤੀ ਵਿਅਕਤੀ 1600 ਰੁਪਏ ਅਤੇ ਵਿਸ਼ੇਸ਼ ਦਿਨਾਂ ਦੌਰਾਨ ਪ੍ਰਤੀ ਵਿਅਕਤੀ 8 ਹਜ਼ਾਰ ਰੁਪਏ ਰੱਖੀ ਗਈ ਹੈ। ਉਹਨਾਂ ਦੱਸਿਆ ਕਿ ਪਾਕਿਸਤਾਨ ਨੇ ਇਹ ਸਹੂਲਤਾਂ ਵੀ ਸਿਰਫ ਭਾਰਤੀ ਨਾਗਰਿਕਾਂ ਨੂੰ ਦੇਣ ਦੀ ਤਜਵੀਜ਼ ਰੱਖੀ ਹੈ, ਪਰਵਾਸੀ ਭਾਰਤੀ ਇਹ ਸਹੂਲਤਾਂ ਹਾਸਿਲ ਨਹੀਂ ਕਰ ਸਕਦੇ।
ਇਹ ਟਿੱਪਣੀ ਕਰਦਿਆਂ ਕਿ ਇਹ ਸਾਰੀਆਂ ਸ਼ਰਤਾਂ ਬੇਤੁਕੀਆਂ ਹਨ, ਸਰਦਾਰ ਬਾਦਲ ਨੇ ਪਾਕਿਸਤਾਨ ਨੂੰ ਆਪਣਾ ਜਿਗਰਾ ਵੱਡਾ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਬੇਤੁਕੀਆਂ ਪਾਬੰਦੀਆਂ ਦਾ ਅਰਥ ਇਹ ਹੋਵੇਗਾ ਕਿ 'ਖੁੱਲ੍ਹੇ ਦਰਸ਼ਨ ਦੀਦਾਰੇ' ਵਾਸਤੇ ਕੀਤੀ ਜਾਂਦੀ ਸਿੱਖ ਅਰਦਾਸ ਅਧੂਰੀ ਰਹਿ ਜਾਵੇਗੀ। ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਸ਼ਰਧਾਲੂਆਂ ਉੱਤੇ ਲਾਈ ਦਾਖ਼ਲਾ ਅਤੇ ਪਰਮਿਟ ਫੀਸ ਹਟਾ ਦੇਣੀ ਚਾਹੀਦੀ ਹੈ ਅਤੇ ਆਮ ਦਿਨਾਂ ਵਿਚ 5000 ਸ਼ਰਧਾਲੂਆਂ ਅਤੇ ਖਾਸ ਦਿਨਾਂ ਵਿਚ ਰੋਜ਼ਾਨਾ 15 ਹਜ਼ਾਰ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ।
ਸਿੱਖਾਂ ਦੇ ਲੰਬੇ ਸਮੇਂ ਤੋਂ ਲਟਕੇ ਹੋਏ ਮੁੱਦਿਆਂ ਨੂੰ ਹੱਲ ਕਰਨ ਲਈ ਪ੍ਰਧਾਨ ਮੰਤਰੀ ਦੁਆਰਾ ਚੁੱਕੇ ਗਏ ਕਦਮਾਂ ਬਾਰੇ ਦੱਸਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਦੁਨੀਆਂ ਭਰ ਦੇ ਸਿੱਖ ਉਹਨਾਂ ਸਾਰੇ ਕੇਸਾਂ ਨੂੰ ਦੁਬਾਰਾ ਖੋਲ੍ਹਣ ਲਈ ਸਿਟ ਬਣਾਉਣ ਵਾਸਤੇ ਸ੍ਰੀ ਨਰਿੰਦਰ ਮੋਦੀ ਜੀ ਦੇ ਧੰਨਵਾਦੀ ਹਨ, ਜਿਹਨਾਂ ਨੂੰ ਬੰਦ ਕੀਤਾ ਜਾ ਚੁੱਕਿਆ ਸੀ। ਉਹਨਾਂ ਕਿਹਾ ਕਿ ਮੋਦੀ ਵੱਲੋਂ ਕੀਤੀ ਇਸ ਕਾਰਵਾਈ ਕਰਕੇ ਹੀ ਸੱਜਣ ਕੁਮਾਰ ਨੂੰ ਸਜ਼ਾ ਹੋ ਪਾਈ ਹੈ। ਉਹਨਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦਾ ਕੇਸ ਵੀ ਦੁਬਾਰਾ ਖੋਲ੍ਹਿਆ ਜਾ ਚੁੱਕਾ ਹੈ ਅਤੇ ਗ੍ਰਹਿ ਮੰਤਰਾਲੇ ਨੇ ਅਦਾਲਤ ਨੂੰ 1984 ਕਤਲੇਆਮ ਕੇਸਾਂ ਦੀ ਜਲਦੀ ਸੁਣਵਾਈ ਲਈ ਫਾਸਟ ਟਰੈਕ ਅਦਾਲਤਾਂ ਬਣਾਉਣ ਲਈ ਲਿਖ ਦਿੱਤਾ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇੱਕ ਹੋਰ ਵੱਡਾ ਫੈਸਲਾ ਲੈਂਦਿਆਂ ਕੇਂਦਰ ਸਰਕਾਰ ਨੇ ਅਕਾਲੀ ਦਲ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਕੈਨੇਡਾ, ਅਮਰੀਕਾ, ਬਰਤਾਨੀਆਂ ਅਤੇ ਜਰਮਨੀ ਵਰਗੇ ਮੁਲਕਾਂ ਅੰਦਰ ਭਾਰਤੀ ਦੂਤਾਵਾਸਾਂ ਵੱਲੋਂ ਬਣਾਈਆਂ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਨੂੰ ਖ਼ਤਮ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਦੂਤਾਵਾਸਾਂ ਵੱਲੋਂ ਬਣਾਈਆਂ ਸਥਾਨਕ ਸੂਚੀਆਂ ਕਰਕੇ ਹਜ਼ਾਰਾਂ ਸਿੱਖਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਹਨਾਂ ਕਿਹਾ ਕਿ ਇੱਥੋਂ ਤਕ ਕਿ 314 ਵਿਅਕਤੀਆਂ ਦੀ ਸਰਕਾਰੀ ਕਾਲੀ ਸੂਚੀ ਨੂੰ ਵੀ ਛਾਂਗ ਕੇ 40 ਵਿਅਕਤੀਆਂ ਦੀ ਸੂਚੀ ਬਣਾ ਦਿੱਤਾ ਹੈ। ਉੁਹਨਾਂ ਕਿਹਾ ਕਿ ਕਾਲੀ ਸੂਚੀ ਵਿਚ ਪਾਏ ਵਿਅਕਤੀਆਂ ਦੇ ਪਰਿਵਾਰਾਂ ਉੱਤੇ ਯਾਤਰਾ ਸੰਬੰਧੀ ਲੱਗੀਆਂ ਪਾਬੰਦੀਆਂ ਨੂੰ ਵੀ ਹਟਾ ਦਿੱਤਾ ਗਿਆ ਹੈ ਅਤੇ ਹੁਣ ਉਹ ਭਾਰਤ ਆ ਸਕਦੇ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਵੱਖ ਵੱਖ ਜੇਲ੍ਹਾਂ ਵਿਚ ਸੜ੍ਹ ਰਹੇ ਸਿੱਖ ਕੈਦੀਆਂ ਦੀ ਰਿਹਾਈ ਸੰਬੰਧੀ ਅਕਾਲੀ ਦਲ ਵੱਲੋਂ ਕੀਤੀ ਬੇਨਤੀ ਉੱਤੇ ਪੂਰੀ ਸਰਗਰਮੀ ਨਾਲ ਅਮਲ ਕਰ ਰਹੀ ਹੈ। ਉੁਹਨਾਂ ਕਿਹਾ ਕਿ ਇਹ ਮਾਮਲਾ ਵਿਚਾਰ ਅਧੀਨ ਹੈ ਅਤੇ ਜਲਦੀ ਹੀ ਇਸ ਦਾ ਨਤੀਜਾ ਸਾਹਮਣੇ ਆਉਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਇਸ ਨਾਲ ਸਿੱਖਾਂ ਦੇ ਅੱਲ੍ਹੇ ਜਖ਼ਮਾਂ ਉੱਤੇ ਮੱਲ੍ਹਮ ਲੱਗੇਗੀ। ਅਕਾਲੀ ਦਲ ਪ੍ਰਧਾਨ ਨੇ ਅਦਾਲਤ ਵੱਲੋਂ 40 ਬੰਦੀਆਂ ਨੂੰ ਦਿੱਤੇ ਮੁਆਵਜ਼ੇ ਦੀ ਤਰਜ਼ ਉੱਤੇ ਜੋਧਪੁਰ ਦੇ 325 ਸਿੱਖ ਬੰਦੀਆਂ ਨੂੰ ਮੁਆਵਜ਼ਾ ਦੇਣ ਲਈ ਸਿਧਾਂਤਕ ਤੌਰ ਤੇ ਸਹਿਮਤ ਹੋਣ ਲਈ ਵੀ ਗ੍ਰਹਿ ਮੰਤਰਾਲੇ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਡਾਕਟਰ ਦਲਜੀਤ ਸਿੰਘ ਚੀਮਾ, ਡੀਐਸਜੀਐਮਸੀ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਅਤੇ ਅਕਾਲੀ ਦਲ ਪ੍ਰਧਾਨ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਵੀ ਹਾਜ਼ਿਰ ਸਨ।