ਬਿਕਰਮ ਮਜੀਠੀਆ ਨੇ ਕਿਹਾ ਕਿ ਹਾਈਕੋਰਟ ਵੱਲੋਂ ਪਾਈ ਝਾੜ ਇਸ਼ਾਰਾ ਕਰਦੀ ਹੈ ਕਿ ਆਈਜੀ ਪੁਰਾਣਾ ਅਪਰਾਧੀ ਹੈ
ਚੰਡੀਗੜ੍ਹ/27 ਜੁਲਾਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਹੈ ਕਿ ਕੋਟਕਪੂਰਾ ਅਤੇ ਬਹਿਬਲਕਲਾਂ ਵਿਖੇ ਪੁਲਿਸ ਗੋਲੀਬਾਰੀ ਦੀ ਜਾਂਚ ਕਰ ਰਹੀ ਸਿਟ ਤੋਂ ਆਈਜੀ ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਬਾਰੇ ਕਾਂਗਰਸ ਸਰਕਾਰ ਨੇ ਚੋਣ ਕਮਿਸ਼ਨ ਨੂੰ ਕਿਉਂ ਗੁੰਮਰਾਹ ਕੀਤਾ, ਇਸ ਦੀ ਵਜ੍ਹਾ ਜਾਨਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕਿਸੇ ਜੱਜ ਦੀ ਨਿਗਰਾਨੀ ਵਿਚ ਇੱਕ ਰਸਮੀ ਜਾਂਚ ਕਰਵਾਈ ਜਾਵੇ। ਪਾਰਟੀ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇਸ ਪੁਲਿਸ ਅਧਿਕਾਰੀ ਨੂੰ ਪਾਈ ਜਾ ਰਹੀ ਝਾੜ ਸੰਬੰਧੀ ਸਾਹਮਣੇ ਆਏ ਤਾਜ਼ਾ ਖੁਲਾਸਿਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਇੱਕ ਪੁਰਾਣਾ ਅਪਰਾਧੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹਾਈਕੋਰਟ ਵਲੋਂ ਪਾਈ ਝਾੜ ਸੰਬੰਧੀ ਤਾਜ਼ਾ ਖੁਲਾਸੇ ਇਸ਼ਾਰਾ ਕਰਦੇ ਹਨ ਕਿ ਆਈਜੀ ਨੂੰ ਗੈਰ-ਪੇਸ਼ਾਵਰ ਵਿਵਹਾਰ ਕਰਨ ਦੀ ਪੁਰਾਣੀ ਆਦਤ ਹੈ। ਉਹਨਾਂ ਕਿਹਾ ਕਿ ਹਾਈਕੋਰਟ ਦੇ ਇੱਕ ਸਾਬਕਾ ਚੀਫ ਜਸਟਿਸ ਦੇ ਹੁਕਮ ਮੁਤਾਬਿਕ ਇਹ ਪਾਇਆ ਗਿਆ ਸੀ ਕਿ ਇੱਕ ਸਿਵਲ ਝਗੜੇ ਵਿਚ ਬੇਲੋੜੀ ਦਖ਼ਲਅੰਦਾਜ਼ੀ ਕਰਦਿਆਂ ਇਸ ਅਧਿਕਾਰੀ ਨੇ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਸੀ। ਉਹਨਾਂ ਕਿਹਾ ਕਿ ਹਾਈਕੋਰਟ ਨੇ ਇਸ ਅਧਿਕਾਰੀ ਨੂੰ 5 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਸੀ, ਜੋ ਕਿ ਇੱਕ ਪੁਲਿਸ ਅਧਿਕਾਰੀ ਲਈ ਬਹੁਤ ਹੀ ਨਿਵੇਕਲੀ ਗੱਲ ਹੈ ਅਤੇ ਅਦਾਲਤ ਨੇ ਇਹ ਵੀ ਕਿਹਾ ਸੀ ਕਿ ਉਸ ਨੂੰ ਸਿਰਫ ਉਸ ਦੀ ਖਾਕੀ ਵਰਦੀ ਕਰਕੇ ਛੱਡਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਈਜੀ ਨੂੰ ਪਟੀਸ਼ਨਰ ਅਤੇ ਉਸ ਦੇ ਬੇਟੇ ਕੋਲੋਂ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਵੀ ਕਿਹਾ ਗਿਆ ਸੀ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਨਿੱਜੀ ਦੁਸ਼ਮਣੀ ਕੱਢਣ ਲਈ ਉਸ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਸੀ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੋਟਕਪੂਰਾ ਅਤੇ ਬਹਿਬਲਕਲਾਂ ਵਿਖੇ ਪੁਲਿਸ ਗੋਲੀਬਾਰੀ ਦੀ ਜਾਂਚ ਕਰ ਰਹੀ ਸਿਟ ਦੇ ਚਾਰ ਅਧਿਕਾਰੀਆਂ ਨੇ ਡੀਜੀਪੀ ਨੂੰ ਚਿੱਠੀ ਲਿਖ ਕੇ ਆਈਜੀ ਦੀ ਪੇਸ਼ਾਵਰ ਕਾਬਲੀਅਤ ਉੱਤੇ ਸੁਆਲ ਉਠਾਇਆ ਸੀ ਅਤੇ ਖੁਦ ਨੂੰ ਇਸ ਜਾਂਚ ਤੋਂ ਵੱਖ ਕਰ ਲਿਆ ਸੀ।ਉਹਨਾਂ ਕਿਹਾ ਕਿ ਇਸ ਅਧਿਕਾਰੀ ਦੀ ਮਾਨਸਿਕਤਾ ਅਜਿਹੀ ਹੈ ਕਿ ਉਸ ਨੇ ਆਪਣੀ ਗਲਤੀ ਮੰਨਣ ਦੀ ਥਾਂ ਇਹ ਕਹਿੰਦਿਆਂ ਆਪਣੇ ਸਾਥੀਆਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਮਜ਼ਾਕ ਉਡਾਇਆ ਸੀ ਕਿ ਉਹ ਇਸ ਕੇਸ ਦੀ ਜਾਂਚ ਕੌਮਾਂਤਰੀ ਮਾਪਦੰਡਾਂ ਅਨੁਸਾਰ ਕਰ ਰਿਹਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪਾਈ ਝਾੜ ਬਾਰੇ ਵੀ ਸਭ ਨੂੰ ਪਤਾ ਹੈ। ਹੁਣ ਇਹ ਕਾਂਗਰਸ ਸਰਕਾਰ ਦੀ ਵਾਰੀ ਹੈ ਕਿ ਉਹ ਇਸ ਵਿਵਾਦਗ੍ਰਸਤ ਆਈਜੀ ਨਾਲ ਆਪਣੇ ਲੈਣ-ਦੇਣ ਬਾਰੇ ਖੁਲਾਸਾ ਕਰੇ। ਉਹਨਾਂ ਕਿਹਾ ਕਿ ਮੈਂ ਇਹ ਸੁਆਲ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਕਾਂਗਰਸ ਸਰਕਾਰ ਲਗਾਤਾਰ ਆਈਜੀ ਦਾ ਬਚਾਅ ਕਰਦੀ ਆ ਰਹੀ ਹੈ ਅਤੇ ਇਸ ਨੇ ਉਸ ਸਮੇਂ ਵੀ ਇਸ ਅਧਿਕਾਰੀ ਖ਼ਿਲਾਫ ਕੋਈ ਕਾਰਵਾਈ ਨਹੀਂ ਸੀ ਕੀਤੀ,ਜਦੋਂ ਚੋਣ ਕਮਿਸ਼ਨ ਨੇ ਇਸ ਨੂੰ ਖਬਰਦਾਰ ਕੀਤਾ ਸੀ ਕਿ ਇਹ ਅਧਿਕਾਰੀ ਸਨਸਨੀਖੇਜ਼ ਅਤੇ ਸਿਆਸੀ ਬਿਆਨਬਾਜ਼ੀ ਕਰ ਰਿਹਾ ਹੈ। ਇਸ ਭੇਤ ਨੂੰ ਖੋਲ੍ਹਣ ਦੀ ਲੋੜ ਹੈ ਕਿ ਇਹ ਆਈਜੀ ਕਿਹੜੇ ਕਾਂਗਰਸੀ ਆਗੂ ਦੇ ਹੁਕਮਾਂ ਉੱਤੇ ਕੰਮ ਕਰ ਰਿਹਾ ਹੈ ਅਤੇ ਬਦਲੇਖੋਰੀ ਤੋਂ ਪ੍ਰੇਰਿਤ ਜਾਂਚ ਨੂੰ ਬੇਲੋੜਾ ਘਸੀਟ ਰਿਹਾ ਹੈ, ਜਿਸ ਦਾ ਉਦੇਸ਼ ਸੂਬੇ ਅੰਦਰ ਵਾਪਰੀਆਂ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਦਾ ਸਿਆਸੀਕਰਨ ਕਰਨਾ ਹੈ।
ਇਹ ਭਵਿੱਖਬਾਣੀ ਕਰਦਿਆਂ ਕਿ ਨੇੜਲੇ ਭਵਿੱਖ ਵਿਚ ਆਈਜੀ ਕਿਸੇ ਵੀ ਸਮੇਂ ਕਾਂਗਰਸ ਵਿਚ ਸ਼ਾਮਿਲ ਹੋ ਸਕਦਾ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਕੁੰਵਰ ਵਿਜੈ ਪ੍ਰਤਾਪ ਕਾਂਗਰਸ ਪਾਰਟੀ ਦੀ ਨੁੰਮਾਇੰਦਗੀ ਕਰ ਸਕਦਾ ਹੈ। ਉਹਨਾਂ ਕਿਹਾ ਕਿ ਇਹ ਸਿਰਫ ਸਾਡੀ ਨਿੱਜੀ ਰਾਇ ਨਹੀਂ ਹੈ, ਸਗੋਂ ਪੁਲਿਸ ਦੇ ਕਈ ਸੀਨੀਅਰ ਅਧਿਕਾਰੀਆਂ ਨੂੰ ਵੀ ਆਈਜੀ ਦੀਆਂ ਭਵਿੱਖ ਸੰਬੰਧੀ ਯੋਜਨਾਵਾਂ ਨੂੰ ਲੈ ਕੇ ਸ਼ੰਕੇ ਹਨ ਅਤੇ ਉਹ ਵੀ ਇਸ ਅਧਿਕਾਰੀ ਬਾਰੇ ਬਿਲਕੁੱਲ ਇਹੋ ਰਾਇ ਰੱਖਦੇ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਆਈਜੀ ਦਾ ਪਰਦਾਫਾਸ਼ ਕਰਨਾ ਜਾਰੀ ਰੱਖੇਗਾ ਅਤੇ ਸੱਤਾ ਵਿਚ ਵਾਪਸੀ ਕਰਨ ਮਗਰੋਂ ਆਈਜੀ ਅਤੇ ਕਾਂਗਰਸੀ ਲੀਡਰਾਂ ਵੱਲੋਂ ਆਪਸੀ ਮਿਲੀਭੁਗਤ ਨਾਲ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਜਾਂਚ ਕਰਵਾਏਗਾ। ਉਹਨਾਂ ਕਿਹਾ ਕਿ ਅਸੀਂ ਕੋਟਕਪੂਰਾ ਅਤੇ ਬਹਿਬਲਕਲਾਂ ਵਿਖੇ ਪੁਲਿਸ ਕਾਰਵਾਈ ਦੀ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ, ਪਰ ਸਾਡਾ ਸਟੈਂਡ ਇਹ ਹੈ ਕਿ ਇਹ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਿਸੇ ਸੁਤੰਤਰ ਏਜੰਸੀ ਵੱਲੋਂ ਕੀਤੀ ਜਾਣੀ ਚਾਹੀਦੀ ਹੈ।