ਕੋਰ ਕਮੇਟੀ ਨੇ ਦੋਵਾਂ ਨੂੰ ਦੋਸ਼ ਪੱਤਰ ਜਾਰੀ ਕਰਨ ਦਾ ਫੈਸਲਾ ਲਿਆ
15 ਜਨਵਰੀ ਨੂੰ ਰਾਜਪਾਲ ਨੂੰ ਮਿਲ ਕੇ ਬਿਜਲੀ ਘੁਟਾਲੇ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਜਾਵੇਗੀ
ਕੱਲ੍ਹ ਨੂੰ ਗ੍ਰਹਿ ਮੰਤਰੀ ਨੂੰ ਮਿਲ ਕੇ ਭਾਈ ਰਾਜੋਆਣਾ ਦੀ ਮੌਤ ਦੀ ਸਜ਼ਾ ਮੁਆਫ ਕਰਨ ਅਤੇ ਬਾਕੀ ਮੁੱਦਿਆਂ ਬਾਰੇ ਅਪੀਲ ਕੀਤੀ ਜਾਵੇਗੀ
ਚੰਡੀਗੜ੍ਹ/11 ਜਨਵਰੀ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਂਸਦ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ ਅਤੇ ਦੋਵਾਂ ਦੇ ਵਿਵਹਾਰ ਦੀ ਜੁਆਬਦੇਹੀ ਲਈ ਉਹਨਾਂ ਨੂੰ ਦੋਸ਼-ਪੱਤਰ ਜਾਰੀ ਕਰਨ ਦਾ ਫੈਸਲਾ ਕੀਤਾ ਹੈ।
ਇਸ ਸੰਬੰਧੀ ਫੈਸਲਾ ਅੱਜ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ, ਜਿਸ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ।
ਜ਼ਿਲ੍ਹਾ ਸੰਗਰੂਰ ਦੇ ਆਬਜ਼ਰਵਰ ਅਤੇ ਸਾਬਕਾ ਮੰਤਰੀ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਕੋਰ ਕਮੇਟੀ ਨੂੰ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਇਕਾਈ ਦੀ ਹਾਲ ਹੀ ਵਿਚ ਹੋਈ ਇੱਕ ਮੀਟਿੰਗ ਵਿਚ ਪਾਰਟੀ-ਵਿਰੋਧੀਆਂ ਗਤੀਵਿਧੀਆਂ ਲਈ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਵਿਚੋਂ ਕੱਢਣ ਦੀ ਸਿਫਾਰਿਸ਼ ਕਰਨ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਸੀ।
ਪਾਰਟੀ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਦੇ ਦੱਸਣ ਮੁਤਾਬਿਕ ਡੂੰਘੀ ਵਿਚਾਰ ਚਰਚਾ ਤੋਂ ਬਾਅਦ ਦੋਵੇਂ ਆਗੂਆਂ ਨੂੰ ਦੋਸ਼-ਪੱਤਰ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਆਪਣੇ ਵਿਵਹਾਰ ਬਾਰੇ ਸਪੱਸ਼ਟੀਕਰਨ ਦੇਣ ਲਈ ਦੋ ਹਫ਼ਤੇ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਦੋਵੇਂ ਆਗੂਆਂ ਦਾ ਜੁਆਬ ਹਾਸਿਲ ਕਰਨ ਮਗਰੋਂ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਕੋਰ ਕਮੇਟੀ ਨੇ ਹਾਲ ਹੀ ਵਿਚ ਸਾਹਮਣੇ ਆਏ ਬਿਜਲੀ ਘੁਟਾਲੇ ਦੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕਰਨ ਲਈ 15 ਜਨਵਰੀ ਨੂੰ ਰਾਜਪਾਲ ਨੂੰ ਵੀ ਮਿਲਣ ਦਾ ਫੈਸਲਾ ਕੀਤਾ ਹੈ। ਕੋਰ ਕਮੇਟੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਮੈਨੇਜਮੈਂਟਾਂ ਅਤੇ ਇੱਕ ਕੋਲਾ ਕੰਪਨੀ ਨੂੰ 3000 ਕਰੋੜ ਰੁਪਏ ਦਾ ਲਾਭ ਪਹੁੰਚਾਉਣ ਲਈ ਜਾਣਬੁੱਝ ਕੇ ਢਿੱਲ ਵਰਤੀ ਅਤੇ ਕੰਪਨੀਆਂ ਵੱਲੋਂ ਪੀਐਸਪੀਸੀਐਲ ਖ਼ਿਲਾਫ ਪਾਏ ਕੇਸਾਂ ਦੀ ਅਦਾਲਤ ਵਿਚ ਸਹੀ ਢੰਗ ਨਾਲ ਪੈਰਵੀ ਨਹੀਂ ਕੀਤੀ।
ਕੋਰ ਕਮੇਟੀ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ ਪਾਰਟੀ ਆਗੂਆਂ ਦਾ ਇੱਕ ਵਫ਼ਦ ਕੱਲ੍ਹ ਨੂੰ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਮਿਲੇਗਾ। ਇਸ ਮੁਲਾਕਾਤ ਦੌਰਾਨ ਵਫ਼ਦ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪਰਕਾਸ਼ ਪੁਰਬ ਨੂੰ ਸ਼ਾਨੋ-ਸ਼ੌਕਤ ਨਾਲ ਮਨਾਉਣ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਉਮਰ ਕੈਦ ਵਿਚ ਬਦਲਣ ਅਤੇ ਉਸ ਨੂੰ ਰਿਹਾ ਕਰਨ ਅਤੇ ਪਾਕਿਸਤਾਨ ਵਿਚ ਸਿੱਖਾਂ ਅਤੇ ਸਿੱਖ ਗੁਰਧਾਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪਾਕਿਸਤਾਨ ਨੂੰ ਕਹਿਣ ਸਮੇਤ ਸਾਰੇ ਮੁੱਦਿਆਂ ਨੂੰ ਉਠਾਇਆ ਜਾਵੇਗਾ।
ਕੋਰ ਕਮੇਟੀ ਵੱਲੋਂ ਕਾਂਗਰਸ ਸਰਕਾਰ ਦੁਆਰਾ ਸਮਾਜ ਦੇ ਸਾਰੇ ਵਰਗਾਂ ਨਾਲ ਕੀਤੇ ਵਾਅਦਾ-ਖ਼ਿਲਾਫੀ ਅਤੇ ਲੋਕਾਂ ਨਾਲ ਕੀਤੀਆਂ ਧੱਕੇਸ਼ਾਹੀਆਂ ਦੀ ਜਾਂਚ ਲਈ ਦੋ ਕਮੇਟੀਆਂ ਬਣਾਈਆਂ ਗਈਆਂ ਹਨ। ਇਸ ਵੀ ਫੈਸਲਾ ਕੀਤਾ ਗਿਆ ਹੈ ਕਿ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿਲ੍ਹਾ ਪ੍ਰਧਾਨਾਂ ਨਾਲ ਮੁੱਖ ਦਫ਼ਤਰ ਵਿਖੇ ਮੀਟਿੰਗਾਂ ਕਰਨਗੇ ਅਤੇ ਹਲਕਾ ਪੱਧਰ ਉੱਤੇ ਸਰਕਲ ਡੈਲੀਗੇਟਸ ਨਾਲ ਗੱਲਬਾਤ ਕਰਨਗੇ।
ਕੋਰ ਕਮੇਟੀ ਦੀ ਮੀਟਿੰਗ ਵਿਚ ਸਰਦਾਰ ਬਲਵਿੰਦਰ ਸਿੰਘ ਭੂੰਦੜ, ਚਰਨਜੀਤ ਸਿੰਘ ਅਟਵਾਲ, ਜਥੇਦਾਰ ਤੋਤਾ ਸਿੰਘ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਉਪਿੰਦਰਜੀਤ ਕੌਰ, ਸਿਕੰਦਰ ਸਿੰਘ ਮਲੂਕਾ, ਸ਼ਰਨਜੀਤ ਸਿੰਘ ਢਿੱਲੋਂ, ਬਿਕਰਮ ਸਿੰਘ ਮਜੀਠੀਆ, ਡਾਕਟਰ ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ ਅਤੇ ਬਲਦੇਵ ਸਿੰਘ ਮਾਨ ਨੇ ਭਾਗ ਲਿਆ।