ਕਿਹਾ ਕਿ ਆਸ਼ੂ ਡਿਪੂ ਹੋਲਡਰਾਂ ਦੀਆਂ ਸ਼ਿਕਾਇਤਾਂ ਦੂਰ ਕਰਨ 'ਚ ਨਾਕਾਮ ਰਿਹਾ ਹੈ, ਜਿਸ ਕਰਕੇ ਕੇਂਦਰ ਵੱਲੋਂ ਭੇਜੇ ਗਏ ਰਾਸ਼ਨ ਨੂੰ ਸੂਬੇ ਅੰਦਰ ਵੰਡਿਆ ਨਹੀਂ ਜਾ ਰਿਹਾ ਹੈ
ਚੰਡੀਗੜ੍ਹ/10ਮਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਸੂਬੇ ਦੇ ਡਿਪੂ ਹੋਲਡਰਾਂ ਦੀਆਂ ਜਾਇਜ਼ ਸ਼ਿਕਾਇਤਾਂ ਦੂਰ ਕਰਨ 'ਚ ਨਾਕਾਮ ਰਹਿਣ ਵਾਲੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਤੁਰੰਤ ਬਰਖਾਸਤ ਕਰਨ, ਕਿਉਂਕਿ ਮੰਤਰੀ ਦੀ ਇਸ ਲਾਪਰਵਾਹੀ ਕਰਕੇ ਕੇਂਦਰ ਸਰਕਾਰ ਵੱਲੋਂ ਸੂਬੇ ਦੇ 1.4 ਕਰੋੜ ਲੋਕਾਂ ਲਈ ਭੇਜਿਆ ਰਾਸ਼ਨ ਵੰਡਿਆ ਨਹੀਂ ਜਾ ਸਕਿਆ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਖੁਰਾਕ ਅਤੇ ਸਪਲਾਈ ਮੰਤਰੀ ਵੱਲੋਂ ਵਿਖਾਈ ਅਪਰਾਧਿਕ ਲਾਪਰਵਾਹੀ ਨਾਲ ਨਾ ਸਿਰਫ ਦੋ ਡਿਪੂ ਹੋਲਡਰਾਂ ਦੀ ਮੌਤ ਹੋ ਚੁੱਕੀ ਹੈ ਸਗੋਂ ਰਾਸ਼ਨ ਨਾ ਮਿਲਣ ਕਰਕੇ ਗਰੀਬਾਂ ਅਤੇ ਲੋੜਵੰਦਾਂ ਦੀ ਵੀ ਮੰਦੀ ਹਾਲਤ ਹੈ। ਉਹਨਾਂ ਕਿਹਾ ਕਿ ਡਿਪੂ ਤੋਂ ਰਾਸ਼ਨ ਨਾ ਮਿਲਣ ਕਰਕੇ ਲੁਧਿਆਣਾ ਵਿਚ ਇੱਕ ਵਿਅਕਤੀ ਨਿਰਾਸ਼ ਹੋ ਕੇ ਆਤਮ ਹੱਤਿਆ ਕਰ ਚੁੱਕਿਆ ਹੈ ਅਤੇ ਇੱਕ ਔਰਤ ਆਪਣਾ ਮਾਨਸਿਕ ਸਤੁੰਲਨ ਗੁਆ ਬੈਠੀ ਹੈ।
ਸਰਦਾਰ ਬਰਾੜ ਨੇ ਕਿਹਾ ਕਿ ਡਿਪੂ ਹੋਲਡਰ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਆਪਣਾ ਕਮਿਸ਼ਨ ਤਿਆਗ ਕੇ ਵੀ ਕੇਂਦਰ ਵੱਲੋਂ ਭੇਜਿਆ ਰਾਸ਼ਨ, ਜਿਸ ਵਿਚ ਕਣਕ ਅਤੇ ਦਾਲਾਂ ਸ਼ਾਮਿਲ ਹਨ, ਗਰੀਬਾਂ ਨੂੰ ਵੰਡਣ ਲਈ ਤਿਆਰ ਹਨ। ਉਹਨਾਂ ਕਿਹਾ ਕਿ ਡਿਪੂ ਹੋਲਡਰਾਂ ਨੇ ਸਰਕਾਰ ਕੋਲ ਇਹ ਬੇਨਤੀ ਕੀਤੀ ਹੈ ਕਿ ਉਹਨਾਂ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣ ਅਤੇ ਜੇਕਰ ਰਾਸ਼ਨ ਵੰਡਦਿਆਂ ਕੋਵਿਡ-19 ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦੇ ਪਰਿਵਾਰ ਨੂੰ 50 ਲੱਖ ਰੁਪਏ ਬੀਮੇ ਦੀ ਰਾਸ਼ੀ ਵਜੋਂ ਦਿੱਤੇ ਜਾਣ। ਇਸ ਤੋਂ ਇਲਾਵਾ ਉਹਨਾਂ ਨੇ ਸਾਰੇ ਡਿਪੂਆਂ ਉੱਤੇ ਦਸਤਾਨੇ ਅਤੇ ਸੈਨੇਟਾਈਜ਼ਰ ਮੁਹੱਈਆ ਕਰਵਾਉਣ ਦੀ ਵੀ ਬੇਨਤੀ ਕੀਤੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਹਨਾਂ ਮਸਲਿਆਂ ਨੂੰ ਹੱਲ ਕਰਨਾ ਤਾਂ ਦੂਰ, ਭਾਰਤ ਭੂਸ਼ਨ ਆਸ਼ੂ ਨੇ ਡਿਪੂਆਂ ਹੋਲਡਰਾਂ ਨਾਲ ਮਿਲ ਕੇ ਉਹਨਾਂ ਦੀਆਂ ਸ਼ਿਕਾਇਤਾ ਸੁਣਨਾ ਵੀ ਮੁਨਾਸਿਬ ਨਹੀਂ ਸਮਝਿਆ ਹੈ। ਉਹਨਾਂ ਕਿਹਾ ਕਿ ਜਦੋਂ ਸੂਬਾ ਇੱਕ ਮਹਾਂਮਾਰੀ ਨਾਲ ਲੜ ਰਿਹਾ ਹੈ ਅਤੇ ਲੋਕਾਂ ਤਕ ਰਾਸ਼ਨ ਜਲਦੀ ਤੋਂ ਜਲਦੀ ਪਹੁੰਚਾਉਣ ਦੀ ਲੋੜ ਹੈ ਤਾਂ ਇੱਕ ਮੰਤਰੀ ਵੱਲੋਂ ਇਸ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਸ੍ਰੀ ਆਸ਼ੂ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਸਰਕਾਰ ਵੱਲੋਂ ਡਿਪੂ ਹੋਲਡਰਾਂ ਰਾਹੀਂ ਤੁਰੰਤ ਰਾਸ਼ਨ ਦੀ ਵੰਡ ਸ਼ੁਰੂ ਕਰਵਾਉਣੀ ਚਾਹੀਦੀ ਹੈ।
ਸਰਦਾਰ ਬਰਾੜ ਨੇ ਇਹ ਵੀ ਦੱਸਿਆ ਕਿ ਗਲਤ ਬਣਾਏ ਗਏ ਕਾਰਡਾਂ ਨੂੰ ਲੈ ਕੇ ਲੋਕਾਂ ਅੰਦਰ ਬਹੁਤ ਜ਼ਿਆਦਾ ਗੁੱਸਾ ਹੈ, ਜੋ ਕਿ ਕਾਂਗਰਸੀ ਆਗੂਆਂ ਦੇ ਇਸ਼ਾਰੇ ਉੱਤੇ ਬਣਾਏ ਗਏ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੇਂਦਰੀ ਰਾਹਤ ਸਿਰਫ ਅਸਲੀ ਲੋੜਵੰਦਾਂ ਨੂੰ ਹੀ ਮਿਲੇ।