ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਮਾਮਲੇ ਲਈ ਕੁਪ੍ਰਬੰਧਾਂ ਲਈ ਸਿਹਤ ਮੰਤਰੀ ਜ਼ਿੰਮੇਵਾਰ ਹੈ
ਕਿਹਾ ਕਿ ਕੇਂਦਰ ਵੱਲੋਂ ਕੋਵਿਡ ਲਈ ਭੇਜੇ ਫੰਡਾਂ ਨੂੰ ਇਸਤੇਮਾਲ ਨਹੀਂ ਕੀਤਾ ਗਿਆ
ਕਿਹਾ ਕਿ ਆਰਥਿਕ ਪੈਕਜ ਦੀ ਸਖ਼ਤ ਜਰੂਰਤ ਹੈ
ਅੰਮ੍ਰਿਤਸਰ/29 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਕੋਵਿਡ-19 ਦੀ ਰੋਕਥਾਮ ਵਿਚ ਬੁਰੀ ਤਰ੍ਹਾਂ ਨਾਕਾਮ ਰਹਿਣ ਲਈ ਉਹ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਅਸਤੀਫਾ ਦੇਣ ਲਈ ਕਹਿਣ। ਇਸ ਦੇ ਨਾਲ ਹੀ ਪਾਰਟੀ ਨੇ ਪੰਜਾਬ ਵਿਚ ਕੋਵਿਡ ਮੌਤਾਂ ਦੀ ਦਰ ਘਟਾਉਣ ਲਈ ਤੁਰੰਤ ਜਰੂਰੀ ਕਦਮ ਚੁੱਕਣ ਲਈ ਆਖਿਆ ਹੈ।
ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਜੋ ਪਹਿਲਾਂ ਵੀ ਕਰੋੜਾਂ ਰੁਪਏ ਦੀਆਂ ਬੁਪਰੀਨੌਰਫਿਨ ਗੋਲੀਆਂ ਗਾਇਬ ਕਰਕੇ ਵਿਭਾਗ ਉੱਤੇ ਧੱਬਾ ਲਾ ਚੁੱਕਿਆ ਹੈ, ਕੋਵਿਡ-19 ਦੀ ਰੋਕਥਾਮ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ। ਉਹਨਾਂ ਕਿਹਾ ਕਿ ਉਸ ਨੂੰ ਅਸਤੀਫਾ ਦੇਣਾ ਚਾਹੀਦਾ ਹੈ, ਕਿਉਂਕਿ ਉਹ ਪਹਿਲਾਂ ਹੀ ਆਪਣੇ ਘਰ ਦੇ ਬਾਹਰ ਇਹ ਬੋਰਡ ਲਾ ਚੁੱਕਿਆ ਹੈ ਕਿ ਉਹ ਲੋਕਾਂ ਲਈ ਉਪਲੱਬਧ ਨਹੀਂ ਹੈ ਅਤੇ ਉਹ ਹਸਪਤਾਲਾਂ ਵਿਚ ਜਾਣ ਤੋਂ ਇਨਕਾਰ ਕਰ ਚੁੱਕਿਆ ਹੈ ਜਿਸ ਤਰ੍ਹਾਂ ਕਿ ਕੇਰਲਾ ਅਤੇ ਹਰਿਆਣਾ ਦੇ ਸਿਹਤ ਮੰਤਰੀ ਜਾਂਦੇ ਹਨ, ਜਿਸ ਕਰਕੇ ਇਹਨਾਂ ਰਾਜਾਂ ਵਿਚ ਕੋਵਿਡ ਮੌਤਾਂ ਦੀ ਦਰ ਇੱਕ ਫੀਸਦੀ ਤੋਂ ਵੀ ਘੱਟ ਹੈ ਜਦਕਿ ਪੰਜਾਬ ਵਿਚ ਇਹ ਦਰ 6 ਫੀਸਦੀ ਹੈ।
ਇਹ ਟਿੱਪਣੀ ਕਰਦਿਆਂ ਕਿ ਬਲਬੀਰ ਸਿੱਧੂ ਦਾ ਗੈਰਜ਼ਿੰਮੇਵਾਰਾਨਾ ਵਤੀਰਾ ਸੂਬੇ ਅੰਦਰ ਕੋਵਿਡ ਕੇਸਾਂ ਦੀ ਗਿਣਤੀ ਵਧਣ ਅਤੇ ਮੌਤਾਂ ਦੀ ਦਰ ਵਧਣ ਲਈ ਜ਼ਿੰਮੇਵਾਰ ਹੈ, ਅਕਾਲੀ ਆਗੂ ਨੇ ਕਿਹਾ ਕਿ ਸਿਹਤ ਮੰਤਰੀ ਉਹਨਾਂ ਸ਼ਰਧਾਲੂਆਂ ਦੇ ਮਾਮਲੇ ਵਿਚ ਕੀਤੇ ਕੁਪ੍ਰਬੰਧਾਂ ਲਈ ਵੀ ਜ਼ਿੰਮੇਵਾਰ ਹੈ, ਜਿਹਨਾਂ ਨੂੰ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਲਿਆਂਦਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਸ਼ਰਧਾਲੂਆਂ ਦੇ ਚੰਗੀ ਤਰ੍ਹਾਂ ਟੈਸਟ ਨਹੀਂ ਕੀਤੇ ਸਨ ਅਤੇ ਨਾ ਹੀ ਉਹਨਾਂ ਨੂੰ ਕੁਆਰੰਟੀਨ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਜ਼ਿਲ੍ਹਾ ਹੈਡਕੁਅਟਰਜ਼ ਉੱਤੇ ਸ਼ਰਧਾਲੂਆਂ ਨੁੰ ਕੁਆਰੰਟੀਨ ਕਰਨ ਦੇ ਨਿਰਦੇਸ਼ 27 ਅਪ੍ਰੈਲ ਨੂੰ ਪਹੁੰਚੇ ਸਨ ਜਦਕਿ ਸ਼ਰਧਾਲੂ 24 ਅਤੇ 25 ਅਪ੍ਰੈਲ ਨੂੰ ਪੰਜਾਬ ਅੰਦਰ ਆਉਣੇ ਸ਼ੁਰੂ ਹੋ ਗਏ ਸਨ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਿਹਤ ਵਿਭਾਗ ਨੇ ਆਈਸੀਐਮਆਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਸਰਦਾਰ ਮਜੀਠੀਆ ਨੇ ਐਂਬੈਲੈਂਸਾਂ ਅਤੇ ਹਸਪਤਾਲਾਂ ਵਿਚ ਗੰਦਗੀ ਸੰਬੰਧੀ ਸਾਹਮਣੇ ਆਏ ਤਾਜ਼ਾ ਮਾਮਲਿਆਂ ਬਾਰੇ ਵੀ ਦੱਸਿਆ। ਉਹਨਾਂ ਕਿਹਾ ਕਿ ਇਹ ਇਸ ਲਈ ਹੋ ਰਿਹਾ ਹੈ, ਕਿਉਂਕਿ ਸਿਹਤ ਮੰਤਰੀ ਕੋਈ ਨਿਗਰਾਨੀ ਨਹੀਂ ਕਰ ਰਿਹਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਸਿਹਤ ਮੰਤਰਾਲੇ ਨੇ ਕੇਂਦਰ ਸਰਕਾਰ ਵੱਲੋਂ ਹਾਸਿਲ ਕੀਤੇ ਫੰਡਾਂ ਦੀ ਵੀ ਵਰਤੋਂ ਨਹੀਂ ਕੀਤੀ ਹੈ। ਉਹਨਾਂ ਕਿਹਾ ਕਿ ਭਾਵੇਂਕਿ ਕੇਂਦਰ ਵੱਲੋਂ ਐਨਆਰਐਚਐਮ ਸਕੀਮ ਤਹਿਤ ਪੰਜਾਬ ਨੂੰ 112 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ, ਇਹਨਾਂ ਪੈਸਿਆਂ ਦਾ ਅਜੇ ਤੀਕ ਢੁੱਕਵਾਂ ਇਸਤੇਮਾਲ ਨਹੀਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਆਫਤ ਪ੍ਰਬੰਧਨ ਫੰਡ ਤਹਿਤ ਹਾਸਿਲ ਕੀਤੇ 247 ਕਰੋੜ ਰੁਪਏ ਵਿਚੋਂ ਅਜੇ ਤੀਕ ਸਿਰਫ 16 ਫੀਸਦੀ ਯਾਨੀ 40 ਕਰੋੜ ਰੁਪਏ ਖਰਚਣ ਲਈ ਭੇਜੇ ਗਏ ਹਨ ਅਤੇ ਇਹਨਾਂ ਵਿਚੋਂ ਵੀ ਸਿਰਫ 34 ਫੀਸਦੀ ਹੀ ਖਰਚ ਕੀਤੇ ਗਏ ਹਨ।
ਤਾਲਾਬੰਦੀ ਵਧਾਉਣ ਅਤੇ ਸੀਮਤ ਖੁੱਲ੍ਹਾਂ ਦੇਣ ਸੰਬੰਧੀ ਟਿੱਪਣੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਸ ਪੀਰੀਅਡ ਦੌਰਾਨ ਲੋਕ ਸਿਰਫ ਜਰੂਰੀ ਵਸਤਾਂ ਹੀ ਖਰੀਦ ਪਾਉਣਗੇ। ਉਹਨਾਂ ਕਿਹਾ ਕਿ ਛੋਟਾਂ ਦੇਣ ਸਮੇਂ ਲੋੜੀਂਦੀਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹਨਾਂ ਇੱਕ ਆਰਥਿਕ ਪੈਕਜ ਦੀ ਮੰਗ ਕਰਦਿਆਂ ਕਿਹਾ ਕਿ ਖੇਤ ਮਜ਼ਦੂਰਾਂ ਅਤੇ ਦਿਹਾੜੀਦਾਰਾਂ ਨੂੰ 6 ਹਜ਼ਾਰ ਰੁਪਏ ਦੀ ਸਹਾਇਤਾ ਦੇਣੀ ਚਾਹੀਦੀ ਹੈ। ਘਰੇਲੂ ਬਿਜਲੀ ਅਤੇ ਪਾਣੀ ਦੇ ਬਿਲ ਅੱਧੇ ਕਰ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਉਦਯੋਗਾਂ ਨਂੂੰ ਦੁਬਾਰਾ ਚਲਾਉਣ ਲਈ ਸੰਜੀਦਾ ਯਤਨ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਪਹਿਲਾਂ ਕੀਤੇ ਐਲਾਨ ਸਿਰਫ ਕਾਗਜ਼ਾਂ ਉੱਤੇ ਹੀ ਰਹਿ ਗਏ ਹਨ। ਉਹਨਾਂ ਨੇ ਉਦਯੋਗਾਂ ਲਈ ਬਿਜਲੀ ਦੇ ਪੱਕੇ ਖਰਚੇ ਹਟਾਉਣ ਅਤੇ ਬਿਜਲੀ ਬਿਲ ਅੱਧੇ ਕਰਨ ਦੀ ਵੀ ਮੰਗ ਕੀਤੀ।