ਚੰਡੀਗੜ੍ਹ/05 ਨਵੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਤਾਰਪੁਰ ਲਾਂਘੇ ਵਿਚ ਅੜਿੱਕੇ ਪਾਉਣ ਅਤੇ ਗੁਰੂ ਦੀ ਬਖਸ਼ਿਸ਼ ਦੇ ਰਾਹ ਵਿਚ ਰੋੜਾ ਬਣਨ ਦੇ ਮੰਤਵ ਨਾਲ ਭੜਕਾਊ ਬਿਆਨ ਜਾਰੀ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਲਈ ਉਹਨਾਂ ਤੋਂ ਤੁਰੰਤ ਮੁਆਫੀ ਮੰਗਣ ਲਈ ਆਖਿਆ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੋਈ ਵਿਅਕਤੀ ਇੱਕੋਂ ਸਮੇਂ ਇਸ ਪ੍ਰੋਗਰਾਮ ਦਾ ਹਿੱਸਾ ਅਤੇ ਇਸ ਦਾ ਵਿਰੋਧ ਕਰਨ ਵਾਲਾ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਵਾਰ ਵਾਰ ਇਹ ਬਿਆਨ ਦੇਣਾ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ ਸੂਬੇ ਦੇ ਹਿੱਤ ਵਿਚ ਨਹੀਂ ਹੈ ਅਤੇ ਇਸ ਦੇ ਨਾਲ ਹੀ ਲਾਂਘੇ ਦੇ ਉਦਘਾਟਨ ਲਈ ਰੱਖੇ ਪ੍ਰੋਗਰਾਮ ਦਾ ਹਿੱਸਾ ਬਣੇ ਰਹਿਣਾ ਕਰਤਾਰਪੁਰ ਲਾਂਘੇ ਵਿਚ ਅੜਿੱਕਾ ਪਾਉਣ ਦੀ ਕਾਂਗਰਸ ਪਾਰਟੀ ਦੀ ਕਿਸੇ ਡੂੰਘੀ ਸਾਜ਼ਿਸ਼ ਦਾ ਸਬੂਤ ਹੈ।
ਕੈਪਟਨ ਅਮਰਿੰਦਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਤੋਂ ਵਰਜਦਿਆਂ ਸਰਦਾਰ ਮਜੀਠੀਆ ਅਤੇ ਡਾਕਟਰ ਚੀਮਾ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਉੱਤੇ ਮੁੱਖ ਮੰਤਰੀ ਵੱਲੋਂ ਵਾਰ ਵਾਰ ਬਿਆਨ ਬਦਲਣ ਵਿਚੋਂ ਸਿਆਸਤ ਦੀ ਬੋਅ ਆਉਂਦੀ ਹੈ। ਉਹਨਾਂ ਕਿਹਾ ਕਿ ਜਿਸ ਵਿਅਕਤੀ ਨੇ ਲਾਂਘਾ ਖੋਲ੍ਹਣ ਦਾ ਸਵਾਗਤ ਕੀਤਾ ਹੋਵੇ ਅਤੇ ਪਾਕਿਸਤਾਨ ਜਾਣ ਵਾਲੇ ਪਹਿਲੇ ਜਥੇ ਦੀ ਅਗਵਾਈ ਕਰਨ ਦਾ ਐਲਾਨ ਕੀਤਾ ਹੋਵੇ, ਉਹ ਕਰਤਾਰਪੁਰ ਲਾਂਘਾ ਖੁੱਲ੍ਹ ਜਾਣ ਤੇ ਪਾਕਿਸਤਾਨ ਦੀ ਆਈਐਸਆਈ ਏਜੰਸੀ ਨੂੰ ਕਰਤਾਰਪੁਰ ਲਾਂਘੇ ਨਾਲ ਵਾਰ ਵਾਰ ਜੋੜ ਰਿਹਾ ਹੈ ਜਦਕਿ ਉਹ ਭਲੀ ਭਾਂਤ ਜਾਣਦਾ ਹੈ ਕਿ ਸਾਡੇ ਸੁਰੱਖਿਆ ਦਸਤੇ ਅਜਿਹੇ ਖਤਰੇ ਨਾਲ ਚੰਗੀ ਤਰ੍ਹਾਂ ਨਿਪਟ ਸਕਦੇ ਹਨ। ਉਹਨਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਨੂੰ ਇਹ ਦੱਸਣਾ ਚਾਹਾਂਗੇ ਕਿ ਗੁਰੂ ਸਾਹਿਬ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਅਤੇ ਉੁਹ ਹੀ ਇਸ ਦਾ ਖਿਆਲ ਰੱਖਣਗੇ। ਕੈਪਟਨ ਨੂੰ ਸੌੜੀ ਰਾਜਨੀਤੀ ਤੋਂ ਉੱਪਰ ਉੱਠਣਾ ਚਾਹੀਦਾ ਹੈ ਅਤੇ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਦਾ ਕੰਮ ਦਾ ਗੁਰੂ ਸਾਹਿਬ ਅਤੇ ਸ਼ਰਧਾਲੂਆਂ ਦੀ ਆਸਥਾ ਉੱਤੇ ਛੱਡ ਦੇਣਾ ਚਾਹੀਦਾ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਵੱਲੋਂ ਲਾਂਘੇ ਦਾ ਵਿਰੋਧ ਕਰਨ ਦੀ ਅਸਲੀ ਵਜ੍ਹਾ ਇਸ ਉਸਾਰੂ ਕਦਮ ਲਈ ਸਿੱਖ ਸੰਗਤਾਂ ਵੱਲੋਂ ਮਿਲਿਆ ਜਬਰਦਸਤ ਹੁੰਗਾਰਾ ਹੈ। ਇਹ ਗੱਲ ਕਾਂਗਰਸ ਪਾਰਟੀ ਨੂੰ ਬਿਲਕੁੱਲ ਚੰਗੀ ਨਹੀਂ ਲੱਗ ਰਹੀ ਹੈ, ਜਿਹੜੀ ਕਿ ਆਪਣੀ ਪਾੜੋ ਅਤੇ ਰਾਜ ਕਰੋ ਦੀ ਰਵਾਇਤ ਅਨੁਸਾਰ ਸਿੱਖਾਂ ਵਿਚ ਵੰਡੀਆਂ ਪਾ ਕੇ ਰੱਖਣਾ ਚਾਹੁੰਦੀ ਹੈ।
ਮੁੱਖ ਮੰਤਰੀ ਨੂੰ ਵਾਹਿਗੁਰੂ ਅਤੇ ਲਾਂਘਾ ਖੁੱਲਵਾਉਣ ਵਾਲੀ ਕਰੋੜਾਂ ਸਿੱਖਾਂ ਦੀ ਅਰਦਾਸ ਵਿਚ ਭਰੋਸਾ ਰੱਖਣ ਲਈ ਆਖਦਿਆਂ ਸਰਦਾਰ ਮਜੀਠੀਆ ਅਤੇ ਡਾਕਟਰ ਚੀਮਾ ਨੇ ਕਿਹਾ ਕਿ ਇਸ ਕਰਾਮਾਤ ਪਿੱਛੇ ਹੋਰ ਕੋਈ ਵਜ੍ਹਾ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਦੋਵਾਂ ਮੁਲਕਾਂ ਵਿਚਕਾਰ ਤਣਾਅਪੂਰਨ ਸੰਬੰਧ ਹੋਣ ਦੇ ਬਾਵਜੂਦ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਅਰਦਾਸ ਸਦਕਾ ਸਿੱਖਾਂ ਦਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦਾ ਸੁਫਨਾ ਪੂਰਾ ਹੋ ਗਿਆ ਹੈ। ਇਸ ਗੱਲ ਨੂੰ ਵੇਖਦਿਆਂ ਵਿਚ ਦੋਵੇਂ ਮੁਲਕਾਂ ਵਿਚਕਾਰ ਵਪਾਰ ਸੰਬੰਧ ਬੰਦ ਹਨ ਅਤੇ ਉਹ ਇੱਕ ਦੂਜੇ ਨਾਲ ਕ੍ਰਿਕਟ ਮੈਚ ਵੀ ਨਹੀਂ ਖੇਡਦੇ, ਇਹ ਲਾਂਘਾ ਖੁੱਲ੍ਹਣਾ ਆਪਣੇ ਆਪ ਵਿਚ ਇੱਕ ਹੈਰਾਨੀਜਨਕ ਗੱਲ ਹੈ।
ਅਕਾਲੀ ਆਗੂਆਂ ਨੇ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਮੌਕੇ 12 ਨਵੰਬਰ ਨੂੰ ਐਸਜੀਪੀਸੀ ਵੱਲੋਂ ਸੁਲਤਾਨਪੁਰ ਲੋਧੀ ਆਯੋਜਿਤ ਕੀਤੇ ਜਾ ਰਹੇ ਮੁੱਖ ਸਮਾਗਮ ਨੂੰ ਸਾਂਝੇ ਤੌਰ ਤੇ ਮਨਾਉਣ ਦੇ ਦਿੱਤੇ ਆਦੇਸ਼ ਨੂੰ ਠੁਕਰਾਉਣ ਦੇ ਆਪਣੇ ਪਾਪ ਨੂੰ ਲੁਕੋਣ ਲਈ ਮੁੱਖ ਮੰਤਰੀ ਜਾਣ ਬੁੱਝ ਕੇ ਕਰਤਾਰਪੁਰ ਲਾਂਘੇ ਵਿਚ ਅੜਿੱਕੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖ ਸੰਗਤ ਕਰਤਾਰਪੁਰ ਵਿਚ ਗੁਰਦੁਆਰਾ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਆਪਣੀ ਅਰਦਾਸ ਖ਼ਿਲਾਫ ਜਾਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਕਦੇ ਮੁਆਫ ਨਹੀਂ ਕਰੇਗੀ। ਉਹਨਾਂ ਮੁੱਖ ਮੰਤਰੀ ਨੂੰ ਸਿੱਖ ਸੰਗਤ ਦੇ ਇਸ ਸੁਫਨੇ ਨੂੰ ਪੂਰਾ ਹੋਣ ਤੋਂ ਰੋਕਣ ਵਾਲੀਆਂ ਸਾਰੀਆਂ ਗਤੀਵਿਧੀਆਂ ਤੁਰੰਤ ਬੰਦ ਕਰਨ ਲਈ ਆਖਿਆ।