ਚੰਡੀਗੜ੍ਹ/02 ਅਗਸਤ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਪੰਜਾਬ ਵਿਧਾਨ ਸਭਾ ਅੰਦਰ ਪਾਰਟੀ ਦੇ ਵਿਧਾਇਕ ਦਲ ਦਾ ਨਵਾਂ ਆਗੂ ਨਿਯੁਕਤ ਕੀਤਾ ਹੈ ਜਦਕਿ ਐਨਕੇ ਸ਼ਰਮਾ ਨੂੰ ਚੀਫ ਵਿਪ੍ਹ ਅਤੇ ਪਵਨ ਕੁਮਾਰ ਟੀਨੂੰ ਨੂੰ ਸਦਨ ਦੇ ਅੰਦਰ ਪਾਰਟੀ ਦਾ ਡਿਪਟੀ ਆਗੂ ਥਾਪਿਆ ਹੈ।
ਇਹਨਾਂ ਨਿਯੁਕਤੀਆਂ ਦਾ ਐਲਾਨ ਕਰਦਿਆਂ ਪਾਰਟੀ ਦੇ ਬੁਲਾਰੇ ਸਰਦਾਰ ਹਰਚਰਨ ਸਿੰਘ ਬੈਂਸ ਨੇ ਦੱਸਿਆ ਕਿ ਇਹ ਨਿਯੁਕਤੀਆਂ ਅੱਜ ਦੁਪਹਿਰ ਵਿਧਾਇਕ ਦਲ ਦੀ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਕੀਤੀਆਂ ਗਈਆਂ ਹਨ। ਸਰਦਾਰ ਬੈਂਸ ਨੇ ਕਿਹਾ ਕਿ ਪਾਰਟੀ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਤੋਂ ਪਹਿਲਾਂ ਪਾਰਟੀ ਵਿਧਾਇਕਾਂ ਨੂੰ ਨਵਾਂ ਆਗੂ ਚੁਣਨ ਲਈ ਕਹਿ ਦਿੱਤਾ ਸੀ, ਕਿਉਂਕਿ ਸਰਦਾਰ ਬਾਦਲ ਦੇ ਲੋਕ ਸਭਾ ਮੈਂਬਰ ਬਣਨ ਮਗਰੋਂ ਇਹ ਅਹੁਦਾ ਖਾਲੀ ਹੋ ਗਿਆ ਸੀ। ਉਹਨਾਂ ਕਿਹਾ ਕਿ ਸਰਦਾਰ ਢੀਂਡਸਾ ਨੇ ਵਿੱਤ ਮੰਤਰੀ ਤੋਂ ਲੈ ਕੇ ਵੱਖ ਵੱਖ ਅਹੁਦਿਆਂ ਉੱਤੇ ਰਹਿ ਕੇ ਪਾਰਟੀ ਦੀ ਸੇਵਾ ਕੀਤੀ ਹੈ। ਉਹਨਾਂ ਨੂੰ ਇੱਕ ਬਹੁਤ ਹੀ ਸੁਲਝੇ ਹੋਏ ਸਿਆਸਤਦਾਨ ਵਜੋਂ ਜਾਣਿਆ ਜਾਂਦਾ ਹੈ, ਜਿਹੜੇ ਉਦਾਰ ਅਤੇ ਧਰਮ ਨਿਰਪੱਖ ਨਜ਼ਰੀਏ ਦੇ ਮਾਲਕ ਹਨ। ਸਰਦਾਰ ਢੀਂਡਸਾ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਦਾ ਮੁਕੰਮਲ ਭਰੋਸਾ ਅਤੇ ਸਤਿਕਾਰ ਹਾਸਿਲ ਹੈ।
ਪਾਰਟੀ ਦੇ ਵਿਧਾਇਕ ਦਲ ਦਾ ਆਗੂ ਚੁਣੇ ਜਾਣ ਤੋਂ ਤੁਰੰਤ ਬਾਅਦ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਢੀਂਡਸਾ ਨੂੰ ਜੱਫੀ ਵਿਚ ਲੈ ਕੇ ਮੁਬਾਰਕਬਾਦ ਦਿੱਤੀ। ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਵੀ ਸਰਦਾਰ ਢੀਂਡਸਾ ਨੂੰ ਇਸ ਨਵੇਂ ਅਹੁਦੇ ਲਈ ਵਧਾਈ ਦਿੱਤੀ।
ਬਾਅਦ ਵਿਚ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਢੀਂਡਸਾ ਨੇ ਪਾਰਟੀ ਪ੍ਰਧਾਨ ਅਤੇ ਸਰਦਾਰ ਬਾਦਲ ਦਾ ਤਹਿ ਦਿਲੋਂ ਸ਼ੁਕਰਾਨਾ ਅਦਾ ਕੀਤਾ। ਇਸ ਵੱਡੀ ਜ਼ਿੰਮੇਵਾਰੀ ਵਾਸਤੇ ਉਹਨਾਂ ਅੰਦਰ ਭਰੋਸਾ ਜਤਾਉਣ ਲਈ ਸਰਦਾਰ ਢੀਂਡਸਾ ਨੇ ਵਿਧਾਇਕ ਦਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਵਿਧਾਇਕ ਦਲ ਦੇ ਆਗੂ ਵਜੋਂ ਆਪਣੀ ਜ਼ਿੰਮੇਵਾਰੀਆਂ ਨੂੰ ਪੂਰੀ ਵਚਨਬੱਧਤਾ ਅਤੇ ਈਮਾਨਦਾਰੀ ਨਾਲ ਨਿਭਾਉਣਗੇ।
ਸ੍ਰੀ ਐਨਕੇ ਸ਼ਰਮਾ ਅਤੇ ਸ੍ਰੀ ਟੀਨੂੰ ਨੇ ਵੀ ਉਹਨਾਂ ਅੰਦਰ ਭਰੋਸਾ ਜਤਾਉਣ ਲਈ ਪਾਰਟੀ ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਵਿਧਾਇਕ ਦਲ ਦਾ ਧੰਨਵਾਦ ਕੀਤਾ।