ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਇਸ ਵੱਕਾਰੀ ਅਹੁਦੇ ਉੱਤੇ ਆਪਣੇ ਚਹੇਤੇ ਦੀ ਨਿਯੁਕਤੀ ਵਾਸਤੇ ਨਿਯਮਾਂ ਦੀ ਉਲੰਘਣਾ ਕਰਨ ਲਈ ਫਟਕਾਰ ਲਾਈ
ਅੰਮ੍ਰਿਤਸਰ/29 ਮਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਟੇਟ ਸਹਿਕਾਰੀ ਖੇਤੀਬਾੜੀ ਬੈਂਕ (ਪੀਐਸਸੀਏਡੀ) ਦੇ ਮੈਨੇਜਿੰਗ ਡਾਇਰੈਕਟਰ ਚਰਨਦੇਵ ਸਿੰਘ ਨੂੰ ਹਟਾਉਣ ਦੀ ਮੰਗ ਕੀਤੀ ਹੈ, ਜਿਸ ਦੀ ਬਤੌਰ ਐਮਡੀ ਮਿਆਦ ਵਿਚ ਸਾਰੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਕਹਿਣ ਤੇ ਤਾਲਾਬੰਦੀ ਦੌਰਾਨ ਦੂਜੀ ਵਾਰ ਵਾਧਾ ਕੀਤਾ ਗਿਆ ਹੈ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਸੰਸਦੀ ਸਕੱਤਰ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸਹਿਕਾਰਤਾ ਮੰਤਰੀ ਨੇ ਇਹ ਨਿਯੁਕਤੀ ਕਰਦਿਆਂ ਨਾ ਸਿਰਫ ਨਿਯਮਾਂ ਦੀ ਅਣਦੇਖੀ ਕੀਤੀ ਹੈ, ਸਗੋਂ ਆਪਣੇ ਇਸ ਆਪਹੁਦਰੇ ਫੈਸਲੇ ਨੂੰ ਝੂਠੀਆਂ ਦਲੀਲਾਂ ਨਾਲ ਸਹੀ ਵੀ ਠਹਿਰਾਇਆ ਹੈ। ਉਹਨਾਂ ਕਿਹਾ ਕਿ ਰੰਧਾਵਾ ਨੇ ਆਪਣੇ ਚਹੇਤੇ ਨੂੰ ਖੇਤੀਬਾੜੀ ਵਿਕਾਸ ਬੈਂਕ ਦਾ ਮੁਖੀ ਲਾਉਣ ਲਈ ਜਾਣਬੁੱਝ ਕੇ ਤਾਲਾਬੰਦੀ ਵਾਲਾ ਸਮਾਂ ਚੁਣਿਆ, ਕਿਉਂਕਿ ਉਹ ਇਸ ਸੰਬੰਧੀ ਬੋਰਡ ਆਫ ਡਾਇਰੈਕਟਰਜ਼ ਦੀਆਂ ਸਿਫਾਰਿਸ਼ਾਂ ਮੰਗਣ ਸਮੇਤ ਮੁੱਢਲੀਆਂ ਸ਼ਰਤਾਂ ਦੀ ਪਾਲਣਾ ਨਹੀਂ ਸੀ ਕਰਨਾ ਚਾਹੁੰਦਾ। ਉਹਨਾਂ ਕਿਹਾ ਕਿ ਉਸ ਨੇ ਬਿਨਾਂ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਸੱਦੇ ਚਰਨਦੇਵ ਸਿੰਘ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਤਿੰਨ ਦਿਨ ਪਹਿਲਾਂ ਸਰਕੂਲਰ ਜਾਰੀ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਨਿਯਮਾਂ ਅਨੁਸਾਰ ਇਸ ਨਿਯੁਕਤੀ ਲਈ ਏਜੰਡਾ 15 ਦਿਨਾਂ ਪਹਿਲਾਂ ਜਾਰੀ ਕਰਨਾ ਹੁੰਦਾ ਹੈ।ਪਰ ਸਾਡੇ ਸਹਿਕਾਰਤਾ ਮੰਤਰੀ ਨੇ ਇਹਨਾਂ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ।
ਹੋਰ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇੱਥੋਂ ਤਕ ਕਿ ਸੇਵਾਮੁਕਤੀ ਤੋਂ ਬਾਅਦ ਇੱਕ ਵਾਰ ਪਹਿਲਾਂ ਇਸੇ ਅਹੁਦੇ ਉੱਤੇ ਰਹਿ ਚੁੱਕੇ ਇਸ ਵਿਅਕਤੀ ਦੀ ਮਿਆਦ ਵਿਚ ਦੂਜੀ ਵਾਰ ਵਾਧਾ ਕਰਨ ਲਈ ਦਿੱਤੀ ਦਲੀਲ ਬਿਲਕੁੱਲ ਝੂਠੀ ਸੀ। ਉਹਨਾਂ ਕਿਹਾ ਕਿ ਚਰਨਦੇਵ ਸਿੰਘ ਨੂੰ ਦੂਜੀ ਵਾਰ ਖੇਤੀਬਾੜੀ ਬੈਂਕ ਦਾ ਐਮਡੀ ਲਾਉਣ ਪਿੱਛੇ ਸ਼ਾਨਦਾਰ ਕਾਰਗੁਜ਼ਾਰੀ, ਬੇਮਿਸਾਲ ਉਗਰਾਹੀ ਦੀ ਦਰ ਅਤੇ ਲੰਬਾ ਚੌੜਾ ਤਜਰਬਾ ਆਦਿ ਨੂੰ ਉਸ ਦੀਆਂ ਪ੍ਰਾਪਤੀਆਂ ਵਜੋਂ ਗਿਣਾਇਆ ਗਿਆ ਸੀ। ਉਹਨਾਂ ਕਿਹਾ ਕਿ ਪਰ ਅਸਲੀ ਤਸਵੀਰ ਕੁੱਝ ਹੋਰ ਹੀ ਹੈ। ਇਸ ਵਿਅਕਤੀ ਦੇ ਕਾਰਜਕਾਲ ਦੌਰਾਨ ਬੈਂਕ ਨੂੰ ਕਰਜ਼ੇ ਉਤਾਰਣ ਲਈ ਬਾਕੀ ਬੈਂਕਾਂ ਤੋਂ ਉਧਾਰ ਲੈਣਾ ਪਿਆ ਸੀ। ਇੱਥੋਂ ਤਕ ਕਿ ਸਹਿਕਾਰੀ ਬੈਂਕ ਵਿਚ ਉਸ ਦਾ ਤਜਰਬਾ ਵੀ ਇੱਕ ਸਾਲ ਤੋਂ ਘੱਟ ਸੀ। ਸਰਦਾਰ ਵਲਟੋਹਾ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਰੰਧਾਵਾ ਨੇ ਆਪਣੇ ਚਹੇਤੇ ਨੂੰ ਇਸ ਵੱਕਾਰੀ ਅਹੁਦੇ ਉਤੇ ਲਾਉਣ ਲਈ ਤਾਲਾਬੰਦੀ ਪੀਰੀਅਡ ਦੀ ਦੁਰਵਰਤੋਂ ਕੀਤੀ ਹੈ।
ਨਵੇਂ ਥਾਪੇ ਐਮਡੀ ਨੂੰ ਤੁਰੰਤ ਹਟਾਉਣ ਦੀ ਮੰਗ ਕਰਦਿਆਂ ਸਰਦਾਰ ਵਲਟੋਹਾ ਨੇ ਕਿਹਾ ਕਿ ਖੇਤੀਬਾੜੀ ਬੈਂਕ ਕਿਸਾਨਾਂ ਦੀਆਂ ਆਰਥਿਕ ਲੋੜਾਂ ਦੀ ਪੂਰਤੀ ਕਰਦਾ ਹੈ, ਇਸ ਲਈ ਇਸ ਨੂੰ ਪੇਸ਼ਾਵਰ ਢੰਗ ਨਾਲ ਚਲਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇੱਕ ਅਯੋਗ ਵਿਅਕਤੀ ਨੂੰ ਇਸ ਵਿੱਤੀ ਸੰਸਥਾ ਦਾ ਮੁਖੀ ਲਾਉਣਾ ਸਾਡੇ ਕਿਸਾਨਾਂ ਨੂੰ ਡੂੰਘੇ ਆਰਥਿਕ ਸੰਕਟ ਵੱਲ ਧੱਕ ਸਕਦਾ ਹੈ, ਕਿਉਂਕਿ ਇਸ ਵਿਅਕਤੀ ਵੱਲੋਂ ਅਜਿਹੇ ਗਲਤ ਆਰਥਿਕ ਫੈਸਲੇ ਲੈਣ ਦੀ ਸੰਭਾਵਨਾ ਹੈ, ਜਿਹੜੇ ਸਾਡੀ ਕਿਸਾਨੀ ਲਈ ਨੁਕਸਾਨਦੇਹ ਸਾਬਿਤ ਹੋ ਸਕਦੇ ਹਨ।