ਕਿਹਾ ਕਿ ਸਿੱਧੂ ਨੇ ਸਾਬਿਤ ਕਰ ਦਿੱਤਾ ਕਿ ਉਹ ਆਪਣੇ ਦੇਸ਼ ਅਤੇ ਸਿੱਖਾਂ ਪ੍ਰਤੀ ਇਮਾਨਦਾਰ ਨਹੀਂ ਹੈ
ਮਹੇਸ਼ਇੰਦਰ ਗਰੇਵਾਲ ਨੇ ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ਨੂੰ ਸਖ਼ਤ ਸੁਨੇਹਾ ਦੇਣ ਲਈ ਆਖਿਆ
ਚੰਡੀਗੜ੍ਹ/05 ਜਨਵਰੀ:ਸ਼੍ਰੋਮਣੀ ਅਕਾਲੀ ਦਲ ਦੇ ਅੱਜ ਪਾਕਿਸਤਾਨ ਵਿਚ ਸਿੱਖਾਂ ਅਤੇ ਨਨਕਾਣਾ ਸਾਹਿਬ ਉੱਤੇ ਹੋਏ ਨਫ਼ਰਤੀ ਹਮਲੇ ਬਾਰੇ ਕਾਂਗਰਸੀ ਆਗੂ ਨਵਜੋਤ ਸਿੱਧੂ ਵੱਲੋਂ ਧਾਰੀ ਚੁੱਪ ਉੱਤੇ ਸੁਆਲ ਉਠਾਉਂਦਿਆਂ ਕਿਹਾ ਕਿ ਸਿੱਧੂ ਸਿਰਫ ਪਾਕਿਸਤਾਨੀ ਫੌਜ ਅਤੇ ਆਈਐਸਆਈ ਲਈ ਆਪਣੇ ਪਿਆਰ ਦਾ ਸਪੱਸ਼ਟੀਕਰਨ ਦੇਣ ਵਿਚ ਹੀ ਨਾਕਾਮ ਨਹੀਂ ਹੋਇਆ ਹੈ, ਸਗੋਂ ਉਸ ਨੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਉਹ ਆਪਣੇ ਦੇਸ਼ ਅਤੇ ਸਿੱਖਾਂ ਪ੍ਰਤੀ ਇਮਾਨਦਾਰ ਨਹੀਂ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਗੱਲ ਸਪੱਸ਼ਟ ਹੈ ਕਿ ਸਿੱਧੂ ਆਪਣੀ ਜ਼ਮੀਰ ਪਾਕਿਸਤਾਨੀ ਫੌਜ ਕੋਲ ਵੇਚ ਚੁੱਕਿਆ ਹੈ ਅਤੇ ਆਈਐਸਆਈ ਵੱਲੋਂ ਆਪਣੀਆਂ ਭਾਰਤ-ਵਿਰੋਧੀ ਗਤੀਵਿਧਅੀਆਂ ਲਈ ਉਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਉਹ ਆਈਐਸਆਈ ਦਾ ਬੁਲਾਰਾ ਬਣ ਚੁੱਕਿਆ ਹੈ ਅਤੇ ਉਸ ਨੇ ਪਾਕਿਸਤਾਨ ਵਿਚ ਰਹਿੰਦੇ ਆਪਣੇ ਸਿੱਖ ਭਰਾਵਾਂ ਅਤੇ ਉਹਨਾਂ ਦੀਆਂ ਤਕਲੀਫਾਂ ਵੱਲ ਪਿੱਠ ਮੋੜ ਲਈ ਹੈ।
ਪਾਕਿਸਤਾਨ ਵਿਚ ਇੱਕ ਨਾਬਾਲਿਗ ਸਿੱਖ ਲੜਕੀ ਦੀ ਜਬਰਦਸਤੀ ਧਰਮ ਤਬਦੀਲੀ ਅਤੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਜਿਹਨਾਂ ਵਿਚ ਪੀੜਤ ਪਰਿਵਾਰ ਨੂੰ ਮੌਤ ਦੀ ਧਮਕੀਆਂ ਮਿਲਣਾ, ਗੁਰਦੁਆਰਾ ਜਨਮ ਅਸਥਾਨ ਉੱਤੇ ਇੱਟਾਂ-ਰੋੜੇ ਮਾਰਨਾ ਅਤੇ ਪਵਿੱਤਰ ਨਗਰੀ ਨਨਕਾਣਾ ਸਾਹਿਬ ਦਾ ਨਾਂ ਬਦਲਣ ਦੀਆਂ ਧਮਕੀਆਂ ਦੇਣਾ ਆਦਿ ਉੱਤੇ ਸਿੱਧੂ ਵੱਲੋਂ ਧਾਰੀ ਚੁੱਪ ਦਾ ਜੁਆਬ ਮੰਗਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਤੁਹਾਡੀਆਂ ਵਫਾਦਾਰੀਆਂ ਕਿਸ ਨਾਲ ਹਨ। ਉਹਨਾਂ ਕਿਹਾ ਕਿ ਦੁਨੀਆ ਦਾ ਕੋਈ ਵੀ ਸਿੱਖ ਸਿੱਖਾਂ ਦੀ ਜਬਰੀ ਧਰਮ ਤਬਦੀਲੀ ਅਤੇ ਪਵਿੱਤਰ ਗੁਰਧਾਮਾਂ ਉਤੇ ਹਮਲੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਸਿੱਖ ਸਿੱਧੂ ਵਰਗਿਆਂ ਨੂੰ ਵੀ ਕਦੇ ਮੁਆਫ ਨਹੀਂ ਕਰਨਗੇ, ਜਿਹੜੇ ਪਾਕਿਸਤਾਨ ਵਿਚ ਰਹਿੰਦੇ ਆਪਣੇ ਦੋਸਤਾਂ ਦੇ ਇਸ਼ਾਰਿਆਂ ਉਤੇ ਨੱਚਦੇ ਹਨ।
ਸਿੱਧੂ ਨੂੰ ਇਸ ਮਾਮਲੇ ਉੱਤੇ ਸਪੱਸ਼ਟੀਕਰਨ ਦੇਣ ਜਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਸਿੱਧੂ ਨੂੰ ਪਾਕਿਸਤਾਨੀ ਸਰਕਾਰ ਅਤੇ ਆਪਣੇ ਦੋਸਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੁਰੰਤ ਨਿਖੇਧੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਿੱਧੂ ਨੂੰ ਆਪਣੇ ਦੋਸਤ ਜਨਰਲ ਕਮਰ ਜਾਵੇਦ ਬਾਜਵਾ ਨਾਲ ਆਪਣੇ ਗੂੜ੍ਹੇ ਸੰਬੰਧਾਂ ਦਾ ਇਸਤੇਮਾਲ ਕਰਦਿਆਂ ਉਹਨਾਂ ਖ਼ਿਲਾਫ ਫੌਰੀ ਕਾਰਵਾਈ ਕਰਵਾਉਣੀ ਚਾਹੀਦੀ ਹੈ, ਜਿਹਨਾਂ ਨੇ ਗੁਰਦੁਆਰਾ ਜਨਮ ਅਸਥਾਨ ਉੱਤੇ ਪੱਥਰਬਾਜ਼ੀ ਕੀਤੀ ਹੈ ਅਤੇ ਜਿਹੜੇ ਇੱਕ ਨਾਬਾਲਿਗ ਸਿੱਖ ਲੜਕੀ ਦੀ ਜਬਰਦਸਤੀ ਧਰਮ ਤਬਦੀਲੀ ਲਈ ਜ਼ਿੰਮੇਵਾਰ ਸਨ। ਉਹਨਾਂ ਕਿਹਾ ਕਿ ਸਿੱਧੂ ਨੂੰ ਪਾਕਿਸਤਾਨ ਵਿਚ ਜਬਰੀ ਧਰਮ ਤਬਦੀਲੀ ਅਤੇ ਨਨਕਾਣਾ ਸਾਹਿਬ ਉੱਤੇ ਹੋਏ ਹਮਲੇ ਖ਼ਿਲਾਫ ਨਾ ਬੋਲਣ ਲਈ ਸਿੱਖਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਇਹ ਕਹਿੰਦਿਆਂ ਕਿ ਪਾਕਿਸਤਾਨ ਦੇ ਮਾੜੇ ਇਰਾਦਿਆਂ ਤੋਂ ਸਾਰੇ ਵਾਕਿਫ਼ ਹਨ, ਅਕਾਲੀ ਆਗੂ ਨੇ ਸਿੱਖਾਂ ਨੂੰ ਇੱਕਜੁਟ ਹੋ ਕੇ ਪਾਕਿਸਤਾਨ ਵਿਚ ਸਿੱਖਾਂ ਉਤੇ ਹੋ ਰਹੇ ਅੱਿਤਆਚਾਰਾਂ ਦੀ ਨਿਖੇਧੀ ਕਰਨ ਲਈ ਅਪੀਲ ਕੀਤੀ। ਉਹਨਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਪਾਕਿਸਤਾਨ ਨੂੰ ਸਖ਼ਤ ਸੁਨੇਹਾ ਭੇਜਣ ਕਿ ਅਜਿਹਾ ਘਿਨੌਣਾ ਵਿਵਹਾਰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਅਸੀਂ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੂੰ ਗੁਰਦੁਆਰਾ ਜਨਮ ਅਸਥਾਨ ਉੱਤੇ ਹੋਏ ਹਮਲੇ ਬਾਰੇ ਚੁੱਪ ਰਹਿ ਕੇ ਪਾਕਿਸਤਾਨੀ ਖੇਡ ਖੇਡਣ ਤੋਂ ਵਰਜਦੇ ਹਾਂ, ਜਿਹਨਾਂ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਕਹਿਣ ਮਗਰੋਂ ਹੀ ਆਪਣਾ ਮੂੰਹ ਖੋਲ੍ਹਿਆ ਹੈ।