ਗੁਰਜਿੰਦਰ ਸਿੱਧੂ ਨੇ ਕਿਹਾ ਕਿ ਢੀਂਡਸਾ ਦੀ ਅਖੌਤੀ ਟਕਸਾਲੀਆਂ ਨਾਲ ਨੇੜਤਾ ਕਾਂਗਰਸ ਦੇ ਹੱਥਾਂ ਵਿਚ ਖੇਡਣ ਦੇ ਸਮਾਨ ਹੈ
ਚੰਡੀਗੜ੍ਹ/20 ਦਸੰਬਰ:ਸ਼੍ਰੋਮਣੀ ਅਕਾਲੀ ਦਲ ਦੇ ਸੈਨਿਕ ਵਿੰਗ ਨੇ ਅੱਜ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਬੇਤੁਕੀ ਬਿਆਨਬਾਜ਼ੀ ਕਰਕੇ ਆਪਣੀ ਮਾਂ-ਪਾਰਟੀ ਦਾ ਨੁਕਸਾਨ ਕਰਨ ਤੋਂ ਪਰਹੇਜ਼ ਕਰਨ ਲਈ ਆਖਿਆ ਅਤੇ ਪਾਰਟੀ ਵੱਲੋਂ ਉਹਨਾਂ ਨੂੰ ਸਮੇਂ ਸਮੇਂ ਦਿੱਤੇ ਸਨਮਾਨ ਚੇਤੇ ਕਰਵਾਏ। ਇਸ ਦੇ ਨਾਲ ਹੀ ਵਿੰਗ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਪੂਰਨ ਭਰੋਸਾ ਜਤਾਇਆ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੈਨਿਕ ਵਿੰਗ ਦੇ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ 1977 ਵਿਚ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿਚ ਟਰਾਂਸਪੋਰਟ ਮੰਤਰੀ ਰਹਿਣ ਤੋਂ ਇਲਾਵਾ 1997 ਵਿਚ ਅਸੰਬਲੀ ਚੋਣਾਂ ਹਾਰ ਜਾਣ ਮਗਰੋਂ 1998 ਵਿਚ ਸੁਖਦੇਵ ਸਿੰਘ ਢੀਂਡਸਾ ਨੂੰ ਰਾਜ ਸਭਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ ਅਤੇ ਜਿਸ ਕਰਕੇ 2000 ਵਿਚ ਉਹ ਕੈਬਨਿਟ ਮੰਤਰੀ ਬਣ ਗਿਆ ਸੀ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਲਗਾਤਾਰ ਦੋ ਵਾਰ 2010 ਅਤੇ 2016 ਵਿਚ ਸੰਸਦੀ ਚੋਣਾਂ 'ਚ ਹਾਰਨ ਮਗਰੋਂ ਪਾਰਟੀ ਵੱਲੋਂ ਸਰਦਾਰ ਢੀਂਡਸਾ ਨੂੰ ਦੁਬਾਰਾ ਰਾਜ ਸਭਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ।
ਸੈਨਿਕ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਪਾਰਟੀ ਅੰਦਰ ਸਰਦਾਰ ਢੀਂਡਸਾ ਨੂੰ ਹਮੇਸ਼ਾਂ ਇੱਕ ਅਹਿਮ ਸਥਾਨ ਦਿੱਤਾ ਸੀ ਅਤੇ ਉਹਨਾਂ ਨੇ ਸਰਦਾਰ ਢੀਂਡਸਾ ਦਾ ਸਾਥ ਦੇਣ ਲਈ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨਾਲੋਂ ਵੀ ਤੋੜ ਵਿਛੋੜਾ ਕਰ ਲਿਆ ਸੀ। ਉਹਨਾਂ ਕਿਹਾ ਕਿ ਸਰਦਾਰ ਬਾਦਲ ਹਰ ਚੰਗੇ ਮਾੜੇ ਸਮੇਂ ਵਿਚ ਢੀਂਡਸਾ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੇ ਸਨ ਅਤੇ ਉਹਨਾਂ ਨੇ ਸੰਸਦ ਮੈਂਬਰ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਅਤੇ ਸਰਕਾਰ ਅੰਦਰ ਅਹਿਮ ਭੂਮਿਕਾ ਦਿੱਤੀ ਸੀ। ਉਹਨਾਂ ਦੱਸਿਆ ਕਿ ਇੱਥੋਂ ਤਕ ਕਿ ਸਰਦਾਰ ਢੀਂਡਸਾ ਦੇ ਜਵਾਈ ਨੂੰ ਵੀ ਮੋਹਾਲੀ ਤੋਂ ਪਾਰਟੀ ਟਿਕਟ ਦਿੱਤੀ ਸੀ।
ਇੰਜਨੀਅਰ ਸਿੱਧੂ ਨੇ ਕਿਹਾ ਕਿ ਸਰਦਾਰ ਢੀਂਡਸਾ ਵੱਲੋਂ ਅਖੌਤੀ ਟਕਸਾਲੀਆਂ ਨਾਲ ਮਿਲ ਕੇ ਕੰਮ ਕਰਨ ਦਾ ਕੀਤਾ ਐਲਾਨ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਖੇਡਣ ਦੇ ਸਮਾਨ ਹੈ, ਜਿਹੜੀ ਕਿ ਅਕਾਲੀ ਦਲ ਅਤੇ ਸਿੱਖ ਸੰਸਥਾਂਵਾਂ ਨੂੰ ਕਮਜ਼ੋਰ ਕਰਨ ਲਈ ਟਕਸਾਲੀਆਂ ਦੀ ਹਮਾਇਤ ਕਰ ਰਹੀ ਹੈ। ਉਹਨਾਂ ਕਿਹਾ ਕਿ ਇੱਕ ਅਜਿਹੇ ਸੀਨੀਅਰ ਆਗੂ ਤੋਂ ਇਸ ਗੱਲ ਦੀ ਉਮੀਦ ਨਹੀਂ ਸੀ, ਜੋ ਕਿ ਪਾਰਟੀ ਵੱਲੋਂ ਲਏ ਸਾਰੇ ਫੈਸਲਿਆਂ ਵਿਚ ਸ਼ਾਮਿਲ ਰਿਹਾ ਸੀ ਅਤੇ ਜਿਸ ਨੇ ਪਿਛਲੀਆਂ ਦੋ ਚੋਣਾਂ ਦੌਰਾਨ ਅਕਾਲੀ ਦਲ ਪ੍ਰਧਾਨ ਦੇ ਅਹੁਦੇ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਂ ਦੀ ਹਮਾਇਤ ਕੀਤੀ ਸੀ। ਉਹਨਾਂ ਕਿਹਾ ਕਿ ਸਰਦਾਰ ਢੀਂਡਸਾ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਹੜੇ ਵੀ ਅਕਾਲੀ ਦਲ ਤੋਂ ਵੱਖ ਹੋਏ ਹਨ, ਉਹ ਪੰਜਾਬ ਦੀ ਸਿਆਸਤ ਅੰਦਰ ਹਾਸ਼ੀਏ ਉੱਤੇ ਚਲੇ ਗਏ ਹਨ। ਉਹਨਾਂ ਕਿਹਾ ਕਿ ਸਰਦਾਰ ਢੀਂਡਸਾ ਨੂੰ ਆਪਣਾ ਰਵੱਈਆ ਬਦਲ ਕੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਸ ਦੇ ਕਾਬਿਲ ਬੇਟੇ ਪਰਮਿੰਦਰ ਸਿੰਘ ਢੀੰਂਡਸਾ ਦਾ ਸਿਆਸੀ ਭਵਿੱਖ ਕਿਸੇ ਵੀ ਢੰਗ ਨਾਲ ਖਰਾਬ ਨਾ ਹੋਵੇ।