ਵਿਧਾਇਕਾਂ ਨੇ ਡੀਜੀਪੀ ਨੂੰ ਦਸਤਾਵੇਜ਼ੀ ਸਬੂਤ ਵਿਖਾ ਕੇ ਕਿਹਾ ਕਿ ਜੇਲ੍ਹ ਵਿਚੋਂ ਅਜਿਹੀਆਂ ਧਮਕੀਆਂ ਦੇਣਾ ਸਿਰਫ ਜੇਲ੍ਹ ਪ੍ਰਸਾਸ਼ਨ ਅਤੇ ਜੇਲ੍ਹ ਮੰਤਰੀ ਦੀ ਸਰਪ੍ਰਸਤੀ ਨਾਲ ਹੀ ਸੰਭਵ ਹੈ
ਵਿਧਾਇਕਾਂ ਨੇ ਇਹ ਵੀ ਕਿਹਾ ਕਿ ਉਹ ਬਟਾਲਾ ਪੁਲਿਸ ਨੂੰ ਕਤਲ ਕੀਤੇ ਗਏ ਅਕਾਲੀ ਵਰਕਰ ਦਲਬੀਰ ਢਿੱਲਵਾਂ ਦੇ ਪਰਿਵਾਰ ਦਾ ਬਿਆਨ ਕਲਮਬੰਦ ਕਰਨ ਦਾ ਨਿਰਦੇਸ਼ ਦੇਣ
ਚੰਡੀਗੜ੍ਹ/26 ਨਵੰਬਰ:ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਅੱਜ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੂੰ ਕਿਹਾ ਕਿ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿਚੋਂ ਧਮਕੀਆਂ ਦੇਣ ਲਈ ਉਹ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਉਸ ਦੇ ਸਾਥੀਆਂ ਦੇ ਖ਼ਿਲਾਫ ਤੁਰੰਤ ਕਾਰਵਾਈ ਕਰਨ। ਵਿਧਾਇਕਾਂ ਨੇ ਇਹ ਵੀ ਕਿਹਾ ਕਿ ਕਤਲ ਕੀਤੇ ਗਏ ਸਾਬਕਾ ਅਕਾਲੀ ਸਰਪੰਚ ਦਲਬੀਰ ਢਿੱਲਵਾਂ ਦੇ ਪਰਿਵਾਰ ਵੱਲੋਂ ਲਾਏ ਦੋਸ਼ਾਂ ਅਨੁਸਾਰ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ ਐਫਆਈਆਰ ਦਰਜ ਕੀਤੀ ਜਾਵੇ। ਉਹਨਾਂ ਨੇ ਡੀਜੀਪੀ ਨੂੰ ਇਹ ਵੀ ਆਖਿਆ ਕਿ ਉਹ ਬਟਾਲਾ ਪੁਲਿਸ ਨੂੰ ਤੁਰੰਤ ਪੀੜਤ ਪਰਿਵਾਰ ਦਾ ਬਿਆਨ ਕਲਮਬੰਦ ਕਰਨ ਦਾ ਨਿਰਦੇਸ਼ ਦੇਣ।
ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਅਕਾਲੀ ਵਿਧਾਇਕਾਂ ਨੇ ਇਸ ਸਾਬਿਤ ਕਰਨ ਲਈ ਡੀਜੀਪੀ ਨੂੰ ਦਸਤਾਵੇਜ਼ੀ ਸਬੂਤ ਵੀ ਵਿਖਾਏ ਕਿ ਸਰਦਾਰ ਮਜੀਠੀਆ ਵੱਲੋਂ ਗੈਂਗਸਟਰ ਦੇ ਜੇਲ੍ਹ ਮੰਤਰੀ ਨਾਲ ਸੰਬੰਧਾਂ ਦਾ ਪਰਦਾਫਾਸ਼ ਕੀਤੇ ਜਾਣ ਮਗਰੋਂ ਭਗਵਾਨਪੁਰੀਆ ਜੇਲ੍ਹ ਵਿਚੋਂ ਅਕਾਲੀ ਆਗੂ ਨੂੰ ਧਮਕੀਆਂ ਜਾਰੀ ਕਰ ਰਿਹਾ ਹੈ। ਵਿਧਾਇਕਾਂ ਨੇ ਕਿਹਾ ਕਿ ਇਹ ਘਟਨਾ ਆਪਣੇ ਆਪ ਜੇਲ੍ਹ ਪ੍ਰਸਾਸ਼ਨ ਦੀ ਨਾਕਾਮੀ ਅਤੇ ਜੇਲ੍ਹ ਮੰਤਰੀ ਵੱਲੋਂ ਜੇਲ੍ਹਾਂ ਅੰਦਰ ਗੈਂਗਸਟਰਾਂ ਨੂੰ ਦਿੱਤੀ ਖੁੱਲ੍ਹ ਦੀ ਪੋਲ ਖੋਲ੍ਹਦੀ ਹੈ।
ਇਹ ਟਿੱਪਣੀ ਕਰਦਿਆਂ ਕਿ ਜੇਲ੍ਹ ਮੰਤਰੀ ਨੇ ਉਹਨਾਂ ਉੱਤੇ ਜੇਲ੍ਹ ਤੋਂ ਬਾਹਰੋਂ ਹਮਲਾ ਕੀਤਾ ਹੈ ਜਦਕਿ ਭਗਵਾਨਪੁਰੀਆ ਅਤੇ ਉਸ ਦੇ ਸਾਥੀਆਂ ਨੇ ਜੇਲ੍ਹ ਵਿਚੋਂ ਧਮਕੀਆਂ ਜਾਰੀ ਕੀਤੀਆਂ ਹਨ, ਸਰਦਾਰ ਮਜੀਠੀਆ ਨੇ ਕਿਹਾ ਕਿ ਜੇਲ੍ਹ ਮੰਤਰੀ ਦੀ ਸਰਪ੍ਰਸਤੀ ਤੋਂ ਬਿਨਾਂ ਕੀ ਇਹ ਸੰਭਵ ਹੈ ਕਿ ਇੱਕ ਗੈਂਗਸਟਰ ਜੇਲ੍ਹ ਅੰਦਰ ਬੈਠਾ ਮੇਰੇ ਬਾਰੇ ਵੀਡਿਓ ਪਾਵੇ ਅਤੇ ਸ਼ਰੇਆਮ ਧਮਕੀਆਂ ਜਾਰੀ ਕਰੇ? ਉਹਨਾਂ ਕਿਹਾ ਕਿ ਇਸ ਸਮੁੱਚੇ ਮਸਲੇ ਦੀ ਘੋਖ ਲਈ ਜੇਲ੍ਹ ਮੰਤਰੀ ਅਤੇ ਉਸ ਦੇ ਨਿੱਜੀ ਸਹਾਇਕ ਦੀਆਂ ਕਾਲਾਂ ਦੇ ਰਿਕਾਰਡ ਦੀ ਜਾਂਚ ਹੋਣੀ ਚਾਹੀਦੀ ਹੈ?
ਇਹ ਟਿੱਪਣੀ ਕਰਦਿਆਂ ਕਿ ਇਹ ਧਮਕੀਆਂ ਜੱਗੂ ਭਗਵਾਨਪੁਰੀਆ ਦੇ ਨਾਂ ਉੱਤੇ ਚੱਲ ਰਹੇ ਦੋ ਵੱਖੋ-ਵੱਖਰੇ ਪੇਜਾਂ ਤੋਂ ਜਾਰੀ ਕੀਤੀਆਂ ਗਈਆਂ ਹਨ, ਅਕਾਲੀ ਵਿਧਾਇਕਾਂ ਨੇ ਕਿਹਾ ਕਿ ਗੈਂਗਸਟਰਾਂ ਨੇ ਲਿਖਿਆ ਹੈ ਕਿ ਅਜੇ ਤੇ ਬਹੁਤ ਕੁੱਝ ਹੋਣਾ ਹੈ ਮਜੀਠੀਆ ਸਾਹਿਬ।ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਢੁੱਕਵੇਂ ਸਮੇਂ ਉੱਤੇ ਜੁਆਬ ਦੇਣਗੇ ਅਤੇ ਪਹਿਲਾਂ ਵਾਂਗ ਦੁਬਾਰਾ ਆ ਕੇ ਹਮਲਾ ਕਰਨ ਦਾ ਵਾਅਦਾ ਕੀਤਾ ਹੈ। ਵਿਧਾਇਕਾਂ ਨੇ ਕਿਹਾ ਕਿ ਗੈਂਗਸਟਰਾਂ ਨੇ ਸਰਦਾਰ ਮਜੀਠੀਆ ਦੀ ਇੱਕ ਵੀਡਿਓ ਕਲਿੱਪ ਉੱਪਰ ਵੀ ਇੱਕ ਜੁਆਬ ਭੇਜਿਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਸੁਖਜਿੰਦਰ ਰੰਧਾਵਾ ਦੀ ਸਰਪ੍ਰਸਤੀ ਹੇਠ ਜੱਗੂ ਭਗਵਾਨਪੁਰੀਆ ਦਾ ਨੈਟਵਰਕ ਕਾਫੀ ਫੈਲ ਚੁੱਕਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਗੈਂਗਸਟਰਾਂ ਦਾ ਦਾਇਰਾ ਹੋਰ ਵੱਡਾ ਹੋਵੇਗਾ। ਵਿਧਾਇਕਾਂ ਨੇ ਕਿਹਾ ਕਿ ਇਹਨਾਂ ਪੋਸਟਾਂ ਵਿਚ ਭਗਵਾਨਪੁਰੀਆ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਲੋਕ ਉਸ ਕੋਲੋਂ ਬਿਨ੍ਹਾਂ ਵਜ੍ਹਾ ਤੋਂ ਨਹੀਂ ਡਰਦੇ ਹਨ।
ਡੀਜੀਪੀ ਨੂੰ ਇਹ ਪੁੱਛਦਿਆਂ ਕਿ ਜੇਲ੍ਹ ਅੰਦਰ ਬੈਠੇ ਗੈਂਗਸਟਰਾਂ ਕੋਲ ਆਧੁਨਿਕ ਇਲੈਕਟ੍ਰੋਨਿਕ ਸਾਧਨ ਕਿਵੇਂ ਪੁੱਜ ਰਹੇ ਹਨ, ਵਿਧਾਇਕਾਂ ਨੇ ਭਗਵਾਨਪੁਰੀਆ ਅਤੇ ਉਸ ਦੇ ਸਾਥੀਆਂ ਵਲੋਂ ਚਲਾਏ ਜਾ ਰਹੇ ਫਿਰੌਤੀ ਰੈਕਟ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਮੰਤਰੀ ਅਤੇ ਗੈਂਗਸਟਰਾਂ ਵਿਚਲੀ ਮਿਲੀਭੁਗਤ ਵਾਲੇ ਪਹਿਲੂ ਨੂੰ ਵੀ ਜਾਂਚਣ ਦੀ ਲੋੜ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਭਗਵਾਨਪੁਰੀਆ ਗੈਂਗ ਫਿਰੌਤੀਆਂ ਵਸੂਲ ਰਿਹਾ ਹੈ, ਸੁਪਾਰੀ ਲੈ ਕੇ ਕਤਲ ਕਰ ਰਿਹਾ ਹੈ ਅਤੇ ਕਬੱਡੀ ਟੂਰਨਾਮੈਂਟ ਕਰਵਾ ਰਿਹਾ ਹੈ, ਜਿਸ ਵਿਚ ਇਹ ਖਿਡਾਰੀਆਂ ਨੂੰ ਧਮਕਾ ਕੇ ਆਪਣੀਆਂ ਟੀਮਾਂ ਵਿਚ ਖਿਡਾਉਂਦਾ ਹੈ।
ਇਹ ਟਿੱਪਣੀ ਕਰਦਿਆਂ ਕਿ ਜਦ ਤਕ ਇਸ ਸਮੁੱਚੇ ਮਾਫੀਆ ਗਿਰੋਹ ਦਾ ਪਰਦਾਫਾਸ਼ ਨਹੀਂ ਹੁੰਦਾ, ਅਕਾਲੀ ਦਲ ਟਿਕ ਕੇ ਨਹੀਂ ਬੈਠੇਗਾ, ਸਰਦਾਰ ਮਜੀਠੀਆ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ 2015 ਵਿਚ ਭਗਵਾਨਪੁਰੀਆ ਨੂੰ ਜੇਲ੍ਹ ਭੇਜਿਆ ਸੀ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੇ ਖੁਲਾਸੇ ਅਨੁਸਾਰ ਜੇਕਰ ਭਗਵਾਨਪੁਰੀਆ ਜੇਲ੍ਹ ਵਿੱਚ ਬੈਠਾ ਕਰੋੜਾਂ ਰੁਪਏ ਦਾ ਫਿਰੌਤੀ ਰੈਕਟ ਚਲਾ ਰਿਹਾ ਹੈ ਤਾਂ ਸਪੱਸ਼ਟ ਹੈ ਕਿ ਉਸ ਨੂੰ ਸਰਕਾਰ ਦੀ ਹਮਾਇਤ ਹਾਸਿਲ ਹੈ।
ਵਿਧਾਇਕਾਂ ਨੇ ਇਹ ਗੱਲ ਵੀ ਡੀਜੀਪੀ ਦੇ ਧਿਆਨ ਵਿਚ ਲਿਆਂਦੀ ਕਿ ਗੈਂਗਸਟਰਾਂ ਦੇ ਹੌਂਸਲੇ ਇੰਨੇ ਖੁੱਲ੍ਹ ਚੁੱਕੇ ਹਨ ਕਿ ਉਹਨਾਂ ਨੇ ਜੇਲ੍ਹ ਵਿਚ ਭਗਵਾਨਪੁਰੀਆ ਦਾ ਜਨਮ ਦਿਨ ਮਨਾਇਆ ਸੀ ਅਤੇ ਬਹੁਤ ਸਾਰੇ ਕੈਮਰਿਆਂ ਨਾਲ ਇਸ ਦੀਆਂ ਵੀਡਿਓਜ਼ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਈਆਂ ਸਨ।
ਵਿਧਾਇਕਾਂ ਨੇ ਇਹ ਆਖਦਿਆਂ ਭਗਵਾਨਪੁਰੀਆ ਦੀ ਪਤਨੀ ਦੇ ਕਤਲ ਦੀ ਵੀ ਜਾਂਚ ਮੰਗੀ ਕਿ ਉਸ ਦਾ ਉਸੇ ਰਾਤ ਬਿਨਾ ਪੋਸਟ ਮਾਰਟਮ ਕਰਵਾਏ ਸਸਕਾਰ ਕਰ ਦਿੱਤਾ ਗਿਆ ਸੀ ਅਤੇ ਬਟਾਲਾ ਪੁਲਿਸ ਨੇ ਕੇਸ ਰਫਾ ਦਫਾ ਕਰ ਦਿੱਤਾ ਸੀ।
ਅਕਾਲੀ ਦਲ ਦੇ ਵਿਧਾਇਕਾਂ ਦੇ ਇਸ ਵਫ਼ਦ ਵਿਚ ਸ਼ਰਨਜੀਤ ਸਿੰਘ ਢਿੱਲੋਂ, ਲਖਬੀਰ ਸਿੰਘ ਲੋਧੀਨੰਗਲ, ਐਨਕੇ ਸ਼ਰਮਾ, ਪਵਨ ਕੁਮਾਰ ਟੀਨੂੰ, ਡਾਕਟਰ ਸੁਖਵਿੰਦਰ ਸੁੱਖੀ, ਗੁਰਪ੍ਰਤਾਪ ਸਿੰਘ ਵਡਾਲਾ, ਦਿਲਰਾਜ ਸਿੰਘ ਭੂੰਦੜ, ਕੰਵਰਜੀਤ ਸਿੰਘ ਬਰਕੰਦੀ ਅਤੇ ਬਲਦੇਵ ਸਿੰਘ ਖਹਿਰਾ ਸ਼ਾਮਿਲ ਸਨ।