ਕਿਹਾ ਕਿ ਰੈਲੀ ਸਰਕਾਰ ਬਦਲਣ ਤੇ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ਦਾ ਮੁੱਢ ਬੰਨੇਗੀ
ਰੈਲੀ ਵਾਸਤੇ ਪੰਡਾਲ 40 ਏਕੜ ਥਾਂ ’ਤੇ ਲਗਾਇਆ ਗਿਆ
ਚੰਡੀਗੜ੍ਹ, 13 ਦਸੰਬਰ : ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਸਥਾਪਨਾ ਦੇ 100 ਵਰ੍ਹੇ ਪੂਰੇ ਹੋਣ ’ਤੇ ਮੋਗਾ ਵਿਚ ਕੀਤੀ ਜਾ ਰਹੀ ਇਤਿਹਾਸਕ ਰੈਲੀ ਵਿਚ 2 ਲੱਖ ਤੋਂ ਜ਼ਿਆਦਾ ਲੋਕ ਭਾਗ ਲੈਣਗੇ ਅਤੇ ਇਹ ਰੈਲੀ ਸਰਕਾਰ ਬਦਲਣ ਤੇ ਪੰਜਾਬ ਦੇ ਸਰਵ ਪੱਖੀ ਵਿਕਾਸ ਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਦੌਰ ਦੀ ਸ਼ੁਰੂਆਤ ਦਾ ਮੁੱਢ ਬੰਨੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਿਹਨਾਂ ਨੇ ਇਸ ਯੁੱਗ ਪਰਿਵਰਤਨ ਰੈਲੀ ਦੀਆਂ ਤਿਆਰੀਆਂ ਦੀ ਸਮੀਖਿਆ ਆਪ ਨਿੱਜੀ ਤੌਰ ’ਤੇ ਕੀਤੀ, ਨੇ ਕਿਹਾ ਕਿ ਭਲਕੇ ਮੋਗਾ ਵਿਚ ਮਨੁੱਖਤਾ ਦਾ ਸਮੁੰਦਰ ਨਜ਼ਰ ਆਵੇਗਾ ਤੇ ਭ੍ਰਿਸ਼ਟ, ਘੁਟਾਲਿਆਂ ਭਰੀ ਕਾਂਗਰਸ ਸਰਕਾਰ ਜਿਸਨੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ ਤੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਗਈ, ਦੀ ਪੁੱਠੀ ਗਿਣਤੀ ਸ਼ੁਰੂ ਹੋਵੇਗੀ। ਉਹਨਾਂ ਕਿਹਾ ਕਿ ਲੋਕਾਂ ਦਾ ਰੌਂਅ ਸਪਸ਼ਟ ਹੈ। ਲੋਕ ਜਵਾਬਦੇਹ ਸਰਕਾਰ ਚਾਹੁੰਦੇ ਹਨ ਜੋ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲੇ ਅਤੇ ਫਿਰਕੂ ਸਦਭਾਵਨਾ ਤੇ ਕਾਨੂੰਨ ਦਾ ਰਾਜ ਯਕੀਨੀ ਬਣਾਵੇ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਲੋਕਾਂ ਨੇ ਅਕਾਲੀ ਦਲ ਤੇ ਬਸਪਾ ਗਠਜੋੜ ਨੂੰ ਸਰਕਾਰ ਬਣਾਉਣ ਵਾਸਤੇ ਚੁਣਨ ਦਾ ਫੈਸਲਾ ਕੀਤਾ ਹੈ।
ਰੈਲੀ ਦੀਆਂ ਤਿਆਰੀਆਂ ਦੇ ਵੇਰਵੇ ਸਾਂਝੇ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਰੀ ਰੈਲੀ ਵਾਸਤੇ 100 ਏਕੜ ਥਾਂ ਨਿਸ਼ਚਿਤ ਕੀਤੀ ਗਈ ਹੈ ਤੇ ਮੁੱਖ ਪੰਡਾਲ ਹੀ 40 ਏਕੜ ਵਿਚ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਜਿਹੜੇ 10 ਹਜ਼ਾਰ ਵਰਕਰ ਅੰਜ ਰੈਲੀ ਵਿਚ ਪਹੁੰਚੇ ਹਨ, ਉਹਨਾਂ ਦੇ ਸੌਣ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਲੰਗਰਾਂ ਤੇ ਕਾਰ ਪਾਰਕਿੰਗ ਲਈ ਵੀ ਥਾਂ ਰੱਖੀ ਗਈ ਹੇ। ਉਹਨਾਂ ਦੱਸਿਆ ਕਿ 10 ਹਜ਼ਾਰ ਹੋਰ ਲੋਕਾਂ ਲਈ ਮੋਗਾ ਦੇ ਗੁਰਦੁਆਰਾ ਸਾਹਿਬਾਨ ਵਿਚ ਅਤੇ ਮੈਰਿਜ ਪੈਲੇਸਾਂ ਵਿਚ ਤਿਆਰੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਦੋ ਵੱਡੇ ਲੰਗਰ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ ਜਦੋਂ ਕਿ ਛੇ ਹੋਰ ਲੰਗਰ ਕੱਲ੍ਹ ਸਵੇਰੇ ਸ਼ੁਰੂ ਹੋ ਜਾਣਗੇ।
ਸਰਦਾਰ ਬਾਦਲ ਨੇ ਦੱਸਿਆ ਕਿ ਰੈਲੀ ਵਾਲੀ ਥਾਂ ’ਤੇ ਫੋਟੋ ਪ੍ਰਦਰਸ਼ਨੀ ਲਗਾਈ ਗਈ ਹੈ ਜਿਸ ਵਿਚ ਪਾਰਟੀ ਦਾ ਇਤਿਹਾਸ ਅਤੇ ਲਗਾਏ ਗਹੇ ਮੋਰਚਿਆਂ ਤੇ ਕਿਸਾਨਾਂ, ਗਰੀਬਾਂ ਤੇ ਕਮਜ਼ੋਰ ਵਰਗਾਂ ਦੇ ਹਿੱਤਾਂ ਲਈ ਕੀਤੇ ਗਏ ਕੰਮਾਂ ਦਾ ਵੇਰਵਾ ਦਰਸਾਇਆ ਗਿਆ ਹੈ।
ਰੈਲੀ ਵਿਚ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੀਨੀਅਰ ਮੀਤ ਪ੍ਰਧਾਨ ਸਤੀਸ਼ ਮਿਸ਼ਰਾ ਵੀ ਸ਼ਾਮਲ ਹੋਣਗੇ।