ਮੁੱਖ ਮੰਤਰੀ ਸਮੇਂ ਸਿਰ ਬਾਰਦਾਨੇ ਦਾ ਆਰਡਰ ਨਾ ਦੇਣ ਲਈ ਖੁਰਾਕ ਸਪਲਾਈ ਮੰਤਰੀ ਆਸ਼ੂ ਖਿਲਾਫ ਤੁਰੰਤ ਕਾਰਵਾਈ ਕਰਨ : ਪ੍ਰੋ. ਚੰਦੂਮਾਜਰਾ
ਚੰਡੀਗੜ੍ਹ, 17 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਉਹ ਅਗਲੇ ਦੋ ਦਿਨਾਂ ਦੇ ਅੰਦਰ ਅੰਦਰ ਕਣਕ ਦੀ ਖਰੀਦ ਵਿਚ ਆ ਰਹੀਆਂ ਰੁਕਾਵਟਾਂ ਦੂਰ ਕਰੇ ਜਾਂ ਫਿਰ ਸੂਬੇ ਭਰ ਵਿਚ ਰੋਸ ਪ੍ਰਦਰਸ਼ਨਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਰਾ ਨੇ ਕਿਹਾ ਕਿ ਕਣਕ ਦੀ ਖਰੀਦ ਪਹਿਲਾਂ ਹੀ 10 ਦਿਨ ਦੇਰੀ ਨਾਲ ਸ਼ੁਰੂ ਹੋਈ ਤੇ ਹੁਣ ਸੂਬਾ ਸਰਕਾਰ ਵੱਲੋਂ ਸਹੀ ਤਰੀਕੇ ਤਿਆਰੀ ਨਾ ਕਰਨ ਕਾਰਨ ਇਸ ਵਿਚ ਹੋਰ ਦੇਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਬਾਰਦਾਨੇ ਦੀ ਕਮੀ ਕਾਰਨ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗ ਗਏ ਹਨ ਜਿਹਨਾਂ ਵਿਚ ਪਹਿਲਾਂ ਹੀ ਲੇਬਰ ਦੀ ਘਾਟ ਦੀਆਂ ਮੁਸ਼ਕਿਲਾਂ ਵੀ ਆ ਰਹੀਆਂ ਹਨ।
ਪ੍ਰੋ. ਚੰਦੂਮਾਜਰਾ ਨੇ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਕਣਕ ਵੇਚਣ ਲਈ ਮੰਡੀਆਂ ਵਿਚ ਲੰਬੇ ਸਮੇਂ ਤੱਕ ਉਡੀਕ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਰ ਵੱਲੋਂ ਕਿਸਾਨਾਂ ਦੀਆਂ ਮੁਸ਼ਕਿਲਾਂ ਪ੍ਰਤੀ ਢਿੱਲ ਮੱਠ ਦਾ ਰਵੱਈਆ ਸਾਬਤ ਕਰਦਾ ਹੈ ਕਿ ਕਾਂਗਰਸ ਸਰਕਾਰ ਕਿਸਾਨਾਂ ਨੁੰ ਤੰਗ ਪ੍ਰੇਸ਼ਾਨ ਕਰਨ ਲਈ ਕੇਂਦਰ ਸਰਕਾਰ ਨਾਲ ਰਲੀ ਹੋਈ ਹੈ।
ਉਹਨਾਂ ਕਿਹਾਕਿ ਕਿਸਾਨਾਂ ਨੂੰ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ। ਉਹਨਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਖਰਾਬ ਮੌਸਮ ਤੇ ਕੋਰੋਨਾ ਮਹਾਂਮਾਰੀ ਕਾਰਨ ਵੀ ਮੁਸ਼ਕਿਲਾਂ ਝੱਲ ਰਹੇ ਹਨ। ਉਹਨਾਂ ਕਿਹਾ ਕਿ ਹੁਣ ਉਹਨਾਂ ਨੁੰ ਸਰਕਾਰ ਦੀ ਬੇਰਹਿਮੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਤੇ ਸਰਕਾਰ ਕਣਕ ਦੀ ਸੁਖਾਲੀ ਖਰੀਦ ਯਕੀਨੀ ਬਣਾਉਣ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਮੰਡੀਆਂ ਵਿਚ ਵਿਵਸਥਾ ਬਰਹਾਲ ਕਰਨ ਲਈ ਕਦਮ ਨਾ ਚੁੱਕੇ ਤਾਂ ਫਿਰ ਅਸੀਂ ਸੂਬੇ ਭਰ ਵਿਚ ਰੋਸ ਪ੍ਰਦਰਸ਼ਨ ਕਰਾਂਗੇ ਪਰ ਅਜਿਹਾ ਕਰਦਿਆਂ ਕੋਰੋਨਾ ਨਿਯਮਾਂ ਦਾ ਖਿਆਲ ਵੀ ਰੱਖਾਂਗੇ।
ਪ੍ਰੋ. ਚੰਦੂਮਾਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਆਖਿਆ ਕਿ ਉਹ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਤੁਰੰਤ ਕਾਰਵਾਈ ਕਰਨ ਕਿਉਂਕਿ ਉਹੀ ਬਾਰਦਾਨੇ ਲਈ ਸਮੇਂ ਸਿਰ ਆਰਡਰ ਦੇਣ ਵਿਚ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਆਸ਼ੂ ਬਿਲਕੁਲ ਝੂਠ ਬੋਲ ਰਹੇ ਹਨ ਕਿ ਬਾਰਦਾਨੇ ਦਾ ਆਰਡਰ ਸਮੇਂ ਸਿਰ ਦਿੱਤਾ ਗਿਆ ਸੀ ਤੇ ਇਹ ਕੱਲ੍ਹ ਖੋਲਿ੍ਹਆ ਗਿਆ ਹੈ ਕਿਉਂਕਿ ਕੇਂਦਰ ਸਰਕਾਰ ਨੇ ਇਸ ਲਈ ਪ੍ਰਵਾਨਗੀ ਦੇਰ ਨਾਲ ਦਿੱਤੀ ਹੈ। ਉਹਨਾਂ ਕਿਹਾ ਕਿ ਜੇਕਰ ਇਹ ਸੱਚਾਈ ਹੈ ਤਾਂ ਫਿਰ ਹਰਿਆਣਾ ਸਰਕਾਰ ਨੇ ਇਹੀ ਟੈਂਡਰ ਦੇ ਕੇ ਇਸਨੁੰ 10 ਦਿਨ ਪਹਿਲਾਂ ਕਿਵੇਂ ਖੋਲਿ੍ਹਆ ਤੇ ਉਹ ਮਾਰਕੀਟ ਵਿਚ ਉਪਲਬਧ ਬਾਰਦਾਨੇ ਵਿਚੋਂ ਬਹੁ ਗਿਣਤੀ ਲੈਣ ਵਿਚ ਸਫਲ ਕਿਵੇਂ ਹੋਈ?
ਅਕਾਲੀ ਆਗੂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਇਹ ਵੀ ਝੁਠੇ ਦਾਅਵੇ ਕਰ ਰਹੀ ਹੈ ਕਿ ਉਹ ਕਿਸਾਨਾਂ ਨੂੰ ਕੋਰੋਨਾ ਤੋਂ ਬਚਾਅ ਲਈ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਦਾਅਵਿਆਂ ਦੇ ਉਲਟ ਮੰਡੀਆਂ ਵਿਚ ਹੁਣ ਤੱਕ ਪੈਰਾਂ ਨਾਲ ਚਲਾਈਆਂ ਜਾ ਸਕਣ ਵਾਲੀਆਂ ਟੂਟੀਆਂ ਹੁਣ ਤੱਕ ਨਹੀਂ ਲੱਗੀਆਂ। ਉਹਨਾਂ ਕਿਹਾ ਕਿ ਇਸੇ ਤਰੀਕੇ ਸੈਨੀਟਾਈਜ਼ਰ ਤੇ ਮਾਸਕ ਦੇਣ ਲਈ ਕੋਈ ਸਹੂਲਤ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਇਹ ਸਹੂਲਤਾਂ ਦੇਣ ਦੀ ਗੱਲ ਹੀ ਛੱਡੋ ਸਰਕਾਰ ਨੇ ਤਾਂ ਬਹੁਤੀਆਂ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਲਈ ਪੱਖੇ ਚਲਾਉਣ ਵਾਸਤੇ ਬਿਜਲੀ ਦੀ ਸਹੂਲਤ ਵੀ ਨਹੀਂ ਦਿੱਤੀ।