ਕਿਹਾ ਕਿ ਪੁਲਿਸ ਵੱਲੋਂ ਇਹ ਦੱਸਣ ਮਗਰੋਂ ਕਿ ਸੁਖਜਿੰਦਰ ਰੰਧਾਵਾ ਖਿਲਾਫ ਪਰਿਵਾਰ ਦਾ ਤਾਜ਼ਾ ਬਿਆਨ ਕਲਮਬੱਧ ਕਰ ਲਿਆ ਗਿਆ ਹੈ, ਹੀ ਹਾਈਕੋਰਟ ਨੇ ਪੁਲਿਸ ਰਿਪੋਰਟ ਉੱਤੇ ਸਤੁੰਸ਼ਟੀ ਜ਼ਾਹਿਰ ਕੀਤੀ ਹੈ
ਡਾਕਟਰ ਚੀਮਾ ਨੇ ਮੁੱਖ ਮੰਤਰੀ ਨੂੰ ਰੰਧਾਵਾ ਨੂੰ ਬਰਖਾਸਤ ਕਰਨ ਲਈ ਕਿਹਾ ਤਾਂ ਕਿ ਉਸ ਖ਼ਿæਲਾਫ ਨਿਰਪੱਖ ਜਾਂਚ ਹੋ ਸਕੇ
ਚੰਡੀਗੜ੍ਹ/30 ਜਨਵਰੀ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਇਹ ਮੰਤਰੀ-ਗੈਂਗਸਟਰ-ਪੁਲਿਸ ਦੇ ਨਾਪਾਕ ਗਠਜੋੜ ਖ਼ਿਲਾਫ ਆਪਣੀ ਲੜਾਈ ਜਾਰੀ ਰੱਖੇਗਾ ਅਤੇ ਮੈਜਿਸਟਰੇਟ ਅੱਗੇ ਸ਼ਿਕਾਇਤ ਦਰਜ ਕਰਵਾਉਣ ਲਈ ਸਾਬਕਾ ਅਕਾਲੀ ਸਰਪੰਚ ਦਲਬੀਰ ਢਿੱਲਵਾਂ ਦੇ ਪਰਿਵਾਰ ਦੀ ਪੂਰੀ ਮੱਦਦ ਕਰੇਗਾ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਾਈਕੋਰਟ ਨੇ ਦਲਬੀਰ ਦੇ ਸਪੁੱਤਰ ਵੱਲੋਂ ਦਾਇਰ ਕੇਸ ਦੀ ਸੁਣਵਾਈ ਕਰਦਿਆਂ ਉਸ ਨੂੰ ਇਸ ਦਾ ਢੁੱਕਵਾਂ ਹੱਲ ਮੰਗਣ ਦੀ ਆਜ਼ਾਦੀ ਦਿੱਤੀ ਹੈ ਅਤੇ ਪਰਿਵਾਰ ਵੱਲੋਂ ਹੁਣ ਮੈਜਿਸਟਰੇਟ ਕੋਲ ਇੱਕ ਨਿੱਜੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਹਾਈਕੋਰਟ ਨੇ ਸੂਬਾ ਪੁਲਿਸ ਵੱਲੋਂ ਇਹ ਦੱਸਣ ਕਿ ਪਰਿਵਾਰ ਦਾ ਤਾਜ਼ਾ ਬਿਆਨ ਕਲਮਬੱਧ ਕਰ ਲਿਆ ਗਿਆ ਹੈ, ਮਗਰੋਂ ਹੀ ਇਸ ਮਾਮਲੇ ਵਿਚ ਪੁਲਿਸ ਵੱਲੋਂ ਦਿੱਤੇ ਗਏ ਜੁਆਬ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਸਾਡੇ ਵੱਲੋਂ ਵੀ ਇਹੀ ਮੰਗ ਕੀਤੀ ਜਾਂਦੀ ਰਹੀ ਹੈ। ਉਹਨਾਂ ਕਿਹਾ ਕਿ ਦਲਬੀਰ ਦੇ ਪਰਿਵਾਰ ਨੇ ਤਾਜ਼ਾ ਬਿਆਨ ਵਿਚ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦਾ ਨਾਂ ਲਿਆ ਹੈ ਅਤੇ ਪੁਲਿਸ ਨੇ ਕਿਹਾ ਹੈ ਕਿ ਇਸ ਵੱਲੋਂ ਮਿਲੀ ਸ਼ਿਕਾਇਤ ਸੰਬੰਧੀ ਜਾਂਚ ਕਰਕੇ ਇੱਕ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਹੁਣ ਕੇਸ ਨਹੀਂ ਸਹੀ ਮੋੜ ਲੈ ਲਿਆ ਹੈ ਅਤੇ ਜੇਕਰ ਇਸ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾਂਦੀ ਹੈ ਤਾਂ ਜੇਲ੍ਹ ਮੰਤਰੀ ਦੀ ਭੂਮਿਕਾ ਦਾ ਪਰਦਾਫਾਸ਼ ਹੋ ਜਾਵੇਗਾ ਅਤੇ ਉਸ ਨੂੰ ਦੋਸ਼ੀ ਵਜੋਂ ਨਾਮਜ਼ਦ ਕਰਨ ਮਗਰੋਂ ਕਾਨੂੰਨ ਦੇ ਕਟਿਹਰੇ ਵਿਚ ਲਿਆਂਦਾ ਜਾ ਸਕਦਾ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਅਕਾਲੀ ਦਲ ਆਪਣੇ ਵੱਲੋਂ ਪੁਲਿਸ ਵੱਲੋਂ ਕੀਤੀ ਜਾਂਦੀ ਜਾਂਚ ਉੱਤੇ ਪੂਰੀ ਨਿਗਰਾਨੀ ਰੱਖੇਗਾ ਅਤੇ ਜੇਕਰ ਬਟਾਲਾ ਪੁਲਿਸ ਦੁਬਾਰਾ ਜੇਲ੍ਹ ਮੰਤਰੀ ਦੇ ਪ੍ਰਭਾਵ ਹੇਠ ਆ ਗਈ ਅਤੇ ਉਸ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਅਕਾਲੀ ਦਲ ਵੱਲੋਂ ਇਸ ਮਾਮਲੇ ਵਿਚ ਕਾਰਵਾਈ ਲਈ ਕਿਸੇ ਢੁੱਕਵੀਂ ਨਿਆਂਇਕ ਅਥਾਰਟੀ ਕੋਲ ਪਹੁੰਚ ਕੀਤੀ ਜਾਵੇਗੀ।
ਅਕਾਲੀ ਆਗੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਸੁਖਜਿੰਦਰ ਰੰਧਾਵਾ ਨੂੰ ਮੰਤਰਾਲੇ ਤੋਂ ਬਰਖਾਸਤ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਹੁਣ ਹਾਈ ਕੋਰਟ ਦੇ ਨਿਰਦੇਸ਼ਾਂ ਉੱਤੇ ਮੰਤਰੀ ਖ਼ਿਲਾਫ ਬਿਆਨ ਕਲਮਬੱਧ ਹੋ ਚੁੱਕਿਆ ਹੈ ਅਤੇ ਸੂਬਾ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਇਸ ਲਈ ਰੰਧਾਵਾ ਦੀ ਮੰਤਰੀ ਦੇ ਅਹੁਦੇ ਤੋਂ ਛੁੱਟੀ ਕਰ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਸ ਮਾਮਲੇ ਵਿਚ ਕਲੀਨ ਚਿਟ ਲੈਣ ਲਈ ਰੰਧਾਵਾ ਬਟਾਲਾ ਪੁਲਿਸ ਉੱਤੇ ਦਬਾਅ ਪਾਵੇਗਾ। ਇਸ ਲਈ ਰੰਧਾਵਾ ਜਦ ਤਕ ਮੰਤਰੀ ਦੀ ਕੁਰਸੀ ਉੱਤੇ ਰਹਿੰਦਾ ਹੈ, ਇਸ ਕੇਸ ਵਿਚ ਇਨਸਾਫ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਰੰਧਾਵਾ ਦੀ ਤੁਰੰਤ ਛੁੱਟੀ ਕਰ ਦੇਣੀ ਚਾਹੀਦੀ ਹੈ ਅਤੇ ਪੀੜਤ ਪਰਿਵਾਰ ਦੀ ਸ਼ਿਕਾਇਤ ਦੀ ਨਿਰਪੱਖ ਜਾਂਚ ਕਰਨ ਲਈ ਬਟਾਲਾ ਪੁਲਿਸ ਨੂੰ ਨਿਰਦੇਸ਼ ਜਾਰੀ ਕਰ ਦੇਣਾ ਚਾਹੀਦਾ ਹੈ।