ਕਾਂਗਰਸ ਸਰਕਾਰ ਦੇ ਸੱਤਾ ਵਿਚ ਆਉਣ ਵੇਲੇ ਤੋਂ ਸਭ ਤੋਂ ਵੱਧ ਨੌਜਵਾਨ ਪੀੜਤ : ਪਰਮਬੰਸ ਸਿੰਘ ਰੋਮਾਣਾ
ਯੂਥ ਅਕਾਲੀ ਦਲ ਨੇ ਪੰਜਾਬ ਮੰਗਦਾ ਜਵਾਬ ਰੈਲੀਆਂ ਸਾਰੇ ਸੂਬੇ ਵਿਚ ਵਧਾਈਆਂ
ਚੰਡੀਗੜ੍ਹ, 27 ਮਾਰਚ : ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਕਿਹਾ ਕਿ ਪੰਜਾਬ ਵਿਚੋਂ ਪਿਛਲੇ ਚਾਰ ਸਾਲਾਂ ਦੌਰਾਨ 4 ਲੱਖ ਤੋਂ ਵੱਧ ਨੌਜਵਾਨਾਂ ਵੱਲੋਂ ਵਿਦੇਸ਼ਾਂ ਨੂੰ ਉਡਾਰੀ ਮਾਰ ਜਾਣਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਘਰ ਘਰ ਨੌਕਰੀ ਯੋਜਨਾ ਬੁਰੀ ਤਰ੍ਹਾਂ ਫੇਲ੍ਹ ਹੋ ਜਾਣ ਦਾ ਪ੍ਰਤੁੱਖ ਸਬੂਤ ਹੈ।
ਇਥੇ ਯੂਥ ਅਕਾਲੀ ਦਲ ਦੇ ਨਵੇਂ ਨਿਯੁਕਤ ਹੋਏ ਅਹੁਦੇਦਾਰਾਂ ਦੀ ਮੀਟਿੰਗ ਨੁੰ ਸੰਬੋਧਨ ਕਰਦਿਆਂ ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਸ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਪੰਜਾਬ ਵਿਚੋਂ 4 ਲੱਖ ਤੋਂ ਜ਼ਿਆਦਾ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਗਏ ਹਨ। ਉਹਨਾਂ ਕਿਹਾ ਕਿ ਭਾਵੇਂ 2 ਲੱਖ ਤੋਂ ਵੱਧ ਨੌਜਵਾਨ ਸਟੱਡੀ ਵੀਜ਼ਾ ’ਤੇ ਗਏ ਹਨ ਪਰ ਅਸਲ ਵਿਚ ਉਹ ਨੌਕਰੀਆਂ ਦੀ ਤਲਾਸ਼ ਵਿਚ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਤੋਂ ਇਲਾਵਾ 2 ਲੱਖ ਤੋਂ ਵਧੇਰੇ ਹੋੋਰ ਨੌਜਵਾਨ ਵੱਖ ਵੱਖ ਮੁਲਕਾਂ ਵਿਚ ਇਮੀਗਰੇਸ਼ਨ ਹਾਸਲ ਕਰਨ ਉਪਰੰਤ ਚਲੇ ਗਏ ਹਨ। ਸਟੱਡੀ ਵੀਜ਼ਾ ’ਤੇ ਜਾਣ ਵਾਲਿਆਂ ਦੇ ਅੰਕੜੇ ਪੇਸ਼ ਕਰਦਿਆਂ ਸ੍ਰੀ ਰੋਮਾਣਾ ਨੇ ਦੱਸਿਆ ਕਿ 2017 ਵਿਚ 52160 ਨੌਜਵਾਨ ਪੰਜਾਬ ਛੱਡ ਗਏ, 2018 ਵਿਚ 60331, 2019 ਵਿਚ 73754, 2020 ਵਿਚ 33412 ਅਤੇ 2021 ਵਿਚ ਹੁਣ ਤੱਕ 5791 ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਗਏ ਹਨ। ਉਹਨਾਂ ਕਿਹਾ ਕਿ ਇਹ ਅੰਕੜੇ ਕੇਂਦਰੀ ਵਿਦੇਸ਼ ਰਾਜ ਮੰਤਰੀ ਨੇ ਖੁਦ ਲੋਕ ਸਭਾ ਵਿਚ ਦਿੱਤੇ ਹਨ।
ਉਹਨਾਂ ਕਿਹਾ ਕਿ ਇਕ ਪਾਸੇ ਤਾਂ ਸੂਬੇ ਵਿਚ ਨੌਕਰੀਆਂ ਨਾ ਮਿਲਣ ਕਾਰਨ ਨੌਜਵਾਨ ਮਾਨਸਿਕ ਦਬਾਅ ਤੇ ਪ੍ਰੇਸ਼ਾਨੀ ਝੱਲ ਰਹੇ ਹਨ ਜਦਕਿ ਕਾਂਗਰਸ ਸਰਕਾਰ ਪ੍ਰਾਈਵੇਟ ਕਾਲਜਾਂ ਦੇ ਰੋਜ਼ਗਾਰ ਮੇਲਿਆਂ ਨੁੰ ਹਾਈਜੈਕ ਕਰ ਕੇ ਡਰਾਮੇ ਕਰ ਰਹੀ ਹੈ। ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਇਹ ਕਾਲਜ ਤਾਂ ਪਹਿਲਾਂ ਹੀ ਸਾਲਾਨਾ ਆਧਾਰ ’ਤੇ ਆਪਣੇ ਕੈਂਪਸਾਂ ਵਿਚ ਰੋਜ਼ਗਾਰ ਮੇਲੇ ਲਗਾ ਰਹੇ ਹਨ ਅਤੇ ਸਰਕਾਰ ਦਾ ਇਹਨਾਂ ਮੇਲਿਆਂ ਨਾਲ ਕੋਈ ਲੈਣ ਦੇਣ ਨਹੀਂ ਹੈ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਨਾ ਸਿਰਫ ਚੋਣ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਵੱਲੋਂ ਘੜਿਆ ਘਰ ਘਰ ਰੋਜ਼ਗਾਰ ਦਾ ਨਾਅਰੇ ਝੂਠਾ ਤੇ ਗੁੰਮਰਾਹਕੁੰਨ ਸਾਬਤ ਹੋਇਆ ਹੈ ਬਲਕਿ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਬਣਾਈਆਂ ਸਕੀਮਾਂ ਸਮੇਤ ਸਾਰੀਆਂ ਸਕੀਮਾਂ ਹੀ ਸ਼ੁਰੂ ਹੀ ਨਹੀਂ ਹੋ ਸਕੀਆਂ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਰੋਜ਼ਗਾਰ ਸਿਰਜਣ ਯੋਜਨਾ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖ ਕੇ ਘਿਨੌਣਾ ਅਪਰਾਧ ਕੀਤਾਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਨੌਜਵਾਨਾਂ ਨੁੰ ਯਾਰੀ ਐਂਟਰਪ੍ਰਾਇਜਿਜ਼ ਸਕੀਮ ਤਹਿਤ ਆਪਣਾ ਉਦਮ ਸ਼ੁਰੂ ਕਰਨ ਲਈ 5 ਲੱਖ ਦਾ ਕਰਜ਼ਾ ਦੇਣ ਸਮੇਤ ਆਪਣੀ ਗੱਡੀ ਆਪਣਾ ਰੋਜ਼ਗਾਰ ਤੇ ਹਰਾ ਟਰੈਕਟਰ ਵਰਗੀਆਂ ਸਕੀਮਾਂ ਜਿਸ ਤਹਿਤ ਨੌਜਵਾਨਾਂ ਨੁੰ ਸੌਖੀਆਂ ਕਿਸ਼ਤਾਂ ’ਤੇ 25 ਹਜ਼ਾਰ ਟਰੈਕਟਰ ਦੇਣ ਦਾ ਵਾਅਦਾ ਕੀਤਾ ਗਿਆ ਸੀ, ਵਿਚੋਂ ਇਕ ਵੀ ਸਕੀਮ ਸ਼ੁਰੂ ਹੀ ਨਹੀਂ ਹੋ ਸਕੀ।
ਸ੍ਰੀ ਰੋਮਾਣਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਇਹਨਾਂ ਹਾਲਾਤਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਅਤੇ ਯੂਥ ਅਕਾਲੀ ਦਲ ਉਹਨਾਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿ ਝੁਠੇ ਵਾਅਦੇ ਕਰ ਕੇ ਭੱਜਣ ਨਹੀਂ ਦੇਵੇਗਾ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਮੰਗਦਾ ਜਵਾਬ ਰੈਲੀਆਂ ਸੂਬੇ ਭਰ ਵਿਚ ਕਰਨ ਦਾ ਐਲਾਨ ਵੀ ਕੀਤਾ ਤੇ ਦੱਸਿਆ ਕਿ ਯੂਥ ਅਕਾਲੀ ਦਲ ਵੱਲੋਂ 28 ਮਾਰਚ ਨੁੰ ਧੂਰੀ ਤੇ 30 ਨੁੰ ਗੁਰਦਾਸਪੁਰ ਵਿਚ ਰੈਲੀ ਕੀਤੀ ਜਾਵੇਗੀ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਰਬਜੋਤ ਸਿੰਘ ਸਾਬੀ, ਗੁਰਿੰਦਰਪਾਲ ਸਿੰਘ ਰਣੀਕੇ, ਜੋਧ ਸਿੰਘ ਸਮਰਾ, ਸਿਮਰਨਜੀਤ ਸਿੰਘ ਢਿੱਲੋਂ, ਰਣਬੀਰ ਸਿੰਘ ਲੋਪੋਕੇ, ਹਰਿੰਦਰਪਾਲ ਸਿੰਘ ਟੌਹੜਾ, ਸੁਖਮਾਨ ਸਿੰਘ ਸਿੱਧੂ, ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਕੰਵਲਪ੍ਰੀਤ ਸਿੰਘ ਕਾਕੀ ਤੇ ਸੁਖਦੀਪ ਸਿੰਘ ਸ਼ੁਕਾਰ ਵੀ ਹਾਜ਼ਰ ਸਨ।