ਕਿਹਾ ਕਿ ਇਹ ਐਨਡੀਏ ਸਰਕਾਰ ਦੁਆਰਾ ਕੀਤੀ ਠੋਸ ਕਾਰਵਾਈ ਦਾ ਨਤੀਜਾ ਹੈ, ਜਿਸ ਨੇ ਐਫਆਈਆਰਜ਼ ਦੇ ਆਖਰੀ ਨਿਬੇੜੇ ਲਈ 'ਸਿਟ' ਦਾ ਗਠਨ ਕੀਤਾ ਸੀ
ਕਿਹਾ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਅਕਾਲੀ ਦਲ ਸਭ ਤੋਂ ਅੱਗੇ ਡਟਿਆ ਰਹੇਗਾ
ਚੰਡੀਗੜ•/15 ਨਵੰਬਰ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਐਨਡੀਏ ਸਰਕਾਰ ਦੁਆਰਾ ਗਠਿਤ ਐਸਆਈਟੀ ਵੱਲੋਂ ਕੀਤੀ ਜਾਂਚ ਦੇ ਆਧਾਰ ਉੱਤੇ 1984 ਸਿੱਖ ਕਤਲੇਆਮ ਦੌਰਾਨ ਦੋ ਸਿੱਖਾਂ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਹੋਈ ਸਜ਼ਾ ਨੇ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਵੀ ਅਜਿਹੀਆਂ ਸਜ਼ਾਵਾਂ ਦਿੱਤੇ ਜਾਣ ਵਾਸਤੇ ਰਾਹ ਤਿਆਰ ਕਰ ਦਿੱਤਾ ਹੈ ਅਤੇ ਕਾਂਗਰਸ ਵੱਲੋਂ ਸਿੱਖਾਂ ਉੱਤੇ ਢਾਹੇ ਗਏ ਅੱਤਿਆਚਾਰਾਂ ਦੇ ਅੰਤਿਮ ਨਿਬੇੜੇ ਲਈ ਜ਼ਮੀਨ ਤਿਆਰ ਕਰ ਦਿੱਤੀ ਹੈ।
1984 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਦੱਖਣੀ ਦਿੱਲੀ ਵਿਚ ਪੈਂਦੇ ਪਿੰਡ ਮਹੀਪਾਲ ਵਿਚ ਦੋ ਸਿੱਖਾਂ ਦਾ ਕਤਲ ਕਰਨ ਵਾਲੇ ਦੋ ਵਿਅਕਤੀਆਂ ਨੂੰ ਹੋਈ ਸਜ਼ਾ ਦਾ ਸਵਾਗਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਹ ਐਨਡੀਏ ਸਰਕਾਰ ਦੁਆਰਾ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਕੀਤੀ ਸਖ਼ਤ ਕਾਰਵਾਈ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਇਹ ਸਜ਼ਾਵਾਂ ਉਹਨਾਂ ਸੈਂਕੜੇ ਸਿੱਖ ਪਰਿਵਾਰਾਂ ਲਈ ਆਸ ਦੀ ਕਿਰਨ ਹਨ, ਜਿਹੜੇ ਕਾਂਗਰਸੀ ਆਗੂਆਂ ਦੀ ਅਗਵਾਈ ਵਾਲੀਆਂ ਭੀੜਾਂ ਵੱਲੋਂ 34 ਸਾਲ ਪਹਿਲਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਦਿੱਲੀ ਦੀਆਂ ਸੜਕਾਂ ਉਤੇ ਕੀਤੇ ਕਤਲੇਆਮ ਤੋਂ ਇਲਾਵਾ ਉਹਨਾਂ ਦੀਆਂ ਦੁਕਾਨਾਂ ਅਤੇ ਘਰਾਂ ਨੂੰ ਲਾਈਆਂ ਅੱਗਾਂ ਦੇ ਕੇਸਾਂ ਵਿਚ ਅਜੇ ਤੀਕ ਇਨਸਾਫ ਦੀ ਉਡੀਕ ਕਰ ਰਹੇ ਹਨ।
ਬੀਬੀ ਬਾਦਲ ਨੇ ਕਿਹਾ ਕਿ ਇਹ ਸਜ਼ਾਵਾਂ ਨੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਸਮੇਂ ਸਮੇਂ ਦੀਆਂ ਕਾਂਗਰਸ ਸਰਕਾਰਾਂ ਵੱਲੋਂ ਕਤਲੇਆਮ ਦੇ ਸਬੂਤਾਂ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਰਾਹੀਂ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਜਾਂਦੀ ਰਹੀ ਹੈ। ਉਹਨਾਂ ਕਿਹਾ ਕਿ ਪਰੰਤੂ 2014 ਵਿਚ ਐਨਡੀਏ ਸਰਕਾਰ ਵੱਲੋਂ ਸਿਟ ਦੇ ਗਠਨ ਮਗਰੋਂ ਦੋਸ਼ੀਆਂ ਨੂੰ ਆਪਣਾ ਗੁਨਾਹਾਂ ਦਾ ਸੇਕ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀ। ਉਹਨਾਂ ਕਿਹਾ ਕਿ ਪਹਿਲਾਂ ਤਾਂ ਐਨਡੀਏ ਸਰਕਾਰ ਨੇ ਸਿਟ ਦਾ ਗਠਨ ਕੀਤਾ, ਜਿਸ ਨੇ ਸਾਰੇ ਚਸ਼ਮਦੀਦ ਗਵਾਹਾਂ ਦੇ ਬਿਆਨ ਲੈਣੇ ਸ਼ੁਰੂ ਕਰ ਦਿੱਤੇ ਅਤੇ ਦੋਸ਼ੀਆਂ ਖ਼ਿਲਾਫ ਸਬੂਤ ਇਕੱਤਰ ਕਰਨੇ ਸ਼ੁਰੂ ਕਰ ਦਿੱਤੇ। ਉਹਨਾਂ ਕਿਹਾ ਕਿ ਐਨਡੀਏ ਸਰਕਾਰ ਨੇ ਇਸ ਦੇ ਨਾਲ ਨਾਲ ਗਵਾਹਾਂ ਅੰਦਰ ਨਿਡਰ ਹੋ ਕੇ ਗਵਾਹੀ ਦੇਣ ਦਾ ਵਿਸ਼ਵਾਸ਼ ਪੈਦਾ ਕੀਤਾ। ਉਸ ਤੋਂ ਬਾਅਦ ਇਹਨਾਂ ਕੇਸਾਂ ਦੀ ਰੋਜ਼ਾਨਾ ਸੁਣਵਾਈ ਹੋਈ, ਜਿਸ ਦੇ ਨਤੀਜੇ ਵਜੋਂ ਇਹ ਸਜ਼ਾਵਾਂ ਹੋਈਆਂ ਹਨ।
ਇਹ ਟਿੱਪਣੀ ਕਰਦਿਆਂ ਕਿ ਇਹ ਸਜ਼ਾਵਾਂ ਹੁਣ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਲਈ ਸਜ਼ਾ ਦਾ ਰਾਹ ਤਿਆਰ ਕਰਨਗੀਆਂ, ਬੀਬੀ ਬਾਦਲ ਨੇ ਕਿਹਾ ਕਿ ਟਾਈਟਲਰ ਪਹਿਲਾਂ ਹੀ ਸੇਥਖੀ ਮਾਰ ਚੁੱਕਿਆ ਹੈ ਕਿ ਉਸ ਨੇ 1984 ਦੇ ਕਤਲੇਆਮ ਦੌਰਾਨ 100 ਸਿੱਖਾਂ ਦਾ ਕਤਲ ਕੀਤਾ ਸੀ। ਉਹਨਾਂ ਕਿਹਾ ਕਿ ਇੱਕ ਵਾਰ ਟਾਈਟਲਰ ਅਤੇ ਸੱਜਣ ਕੁਮਾਰ ਕਾਨੂੰਨ ਦੇ ਸਿਕੰਜੇ ਹੇਠ ਆ ਗਏ ਤਾਂ ਇਹਨਾਂ ਮਾਮਲਿਆਂ ਵਿਚ ਕਾਂਗਰਸ ਵੱਲੋਂ ਰਚੀ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਜਾਵੇਗਾ ਅਤੇ ਇਸ ਭਿਆਨਕ ਕਤਲੇਆਮ ਦੀ ਸਾਜ਼ਿਸ ਘੜਣ ਵਾਲੀ ਕਾਂਗਰਸ ਨੂੰ ਵੀ ਸਜ਼ਾ ਹੋਵੇਗੀ।
ਸਿੱਖਾਂ ਦੇ ਸਮੂਹਿਕ ਕਤਲੇਆਮ ਨਾਲ ਜੁੜੇ ਸਾਰੇ ਕੇਸਾਂ ਦੇ ਗਵਾਹਾਂ ਨੁੰ ਨਿਡਰ ਹੋ ਕੇ ਗਵਾਹੀ ਦੇਣ ਦੀ ਅਪੀਲ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ 1984 ਕੇਸਾਂ ਦੀ ਐਫਆਈਆਰ ਦਰਜ ਕਰਵਾਉਣ ਲਈ ਸਿੱਖਾਂ ਨੂੰ 9 ਸਾਲ ਉਡੀਕ ਕਰਨੀ ਪਈ ਸੀ। ਇਹ ਗੱਲ ਵੀ 11 ਕਮਿਸ਼ਨ ਬਣਾਏ ਜਾਣ ਮਗਰੋਂ ਵਾਪਰੀ ਸੀ। ਉਹਨਾਂ ਕਿਹਾ ਕਿ ਦਿੱਲੀ ਪੁਲਿਸ ਕਾਂਗਰਸ ਸਰਕਾਰਾਂ ਵੱਲੋਂ ਇੱਕ ਹਥਿਆਰ ਵਜੋਂ ਇਸਤੇਮਾਲ ਕੀਤੀ ਜਾਂਦੀ ਸੀ। ਇਸ ਲਈ ਹਜ਼ਾਰਾਂ ਦੀ ਗਿਣਤੀ ਵਿਚ ਮਾਰੇ ਅਤੇ ਜ਼ਖਮੀ ਕੀਤੇ ਸਿੱਖਾਂ ਦੇ ਮਾਮਲਿਆਂ ਵਿਚ ਦਰਜ ਕਰਵਾਈਆਂ 587 ਐਫਆਈਆਰਜ਼ ਵਿਚੋਂ 241 ਐਫਆਈਆਰਜ਼ ਨੂੰ ਬੰਦ ਕਰ ਦਿੱਤਾ ਗਿਆ ਸੀ। ਬਾਕੀ ਬਚਦੀਆਂ ਐਫਆਈਆਰਜ਼ ਦੀ ਵੀ ਕਾਂਗਰਸੀ ਹਕੂਮਤ ਅਧੀਨ ਦਬਾਅ ਵਿਚ ਹੋਣ ਕਰਕੇ ਦਿੱਲੀ ਪੁਲਿਸ ਅਤੇ ਸੀਬੀਆਈ ਵੱਲੋਂ ਜਾਂਚ ਨਹੀਂ ਸੀ ਕੀਤੀ ਗਈ।
ਬੀਬੀ ਬਾਦਲ ਨੇ ਕਿਹਾ ਕਿ ਉਹ 1984 ਦਾ ਕਤਲੇਆਮ ਕਰਵਾਉਣ ਵਾਲੇ ਬੁੱਚੜਾਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣ ਦੀ ਲੜਾਈ ਵਿਚ ਹਮੇਸ਼ਾਂ ਸਭ ਤੋਂ ਅੱਗੇ ਰਹੇ ਹਨ। ਉਹਨਾਂ ਕਿਹਾ ਕਿ ਸੰਸਦ ਵਿਚ ਆਪਣੇ ਪਹਿਲੇ ਭਾਸ਼ਣ ਦੌਰਾਨ ਇਸ ਮੁੱਦੇ ਨੂੰ ਉਠਾਉਣ ਸਮੇਤ ਉਹਨਾਂ ਨੇ ਪੀੜਤਾਂ ਨੂੰ ਇਨਸਾਫ ਦਿਵਾਉਣ ਤੋਂ ਲੈ ਕੇ ਮਨੁੱਖੀ ਇਮਦਾਦ ਦਿਵਾਉਣ ਨਾਲ ਜੁੜੇ ਸਾਰੇ ਮਸਲੇ ਐਨਡੀਏ ਸਰਕਾਰ ਕੋਲ ਉਠਾਏ ਹਨ। ਉਹਨਾਂ ਕਿਹਾ ਕਿ ਇਹ ਗੱਲ ਰਿਕਾਰਡ ਉੱਤੇ ਪਈ ਹੈ ਕਿ ਐਨਡੀਏ ਸਰਾਰ ਨੇ ਪੀੜਤ ਪਰਿਵਾਰਾਂ ਨੂੰ 5 ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤਾ ਸੀ। ਉਹਨਾਂ ਕਿਹਾ ਕਿ ਜਦ ਤਕ ਸਾਰੀਆਂ ਐਫਆਈਆਰਜ਼ ਦਾ ਨਿਬੇੜਾ ਨਹੀਂ ਹੋ ਜਾਂਦਾ, ਅਕਾਲੀ ਦਲ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਵਿਚ ਮੱਦਦ ਕਰਨਾ ਜਾਰੀ ਰੱਖੇਗਾ।