ਚੰਡੀਗੜ•/27 ਨਵੰਬਰ: ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅਜ਼ਾਦੀ ਤੋਂ ਬਾਅਦ ਨਿਰਦੋਸ਼ ਸਿੱਖਾਂ ਦੀ ਕੀਤੀ ਸਭ ਤੋਂ ਵੱਡੀ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਦੀ ਸਖ਼ਤ ਝਾੜਝੰਬ ਕੀਤੀ ਹੈ।
ਇੱਥੇ ਇੱੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਹੈ ਕਿ ਕੱਲ• ਡੇਰਾ ਬਾਬਾ ਨਾਨਕ ਸਮਾਗਮ ਦੌਰਾਨ ਕਾਂਗਰਸ ਪਾਰਟੀ ਦੇ ਨਾਪਾਕ ਇਰਾਦਿਆਂ ਦਾ ਉਸ ਸਮੇਂ ਪਰਦਾਫਾਸ਼ ਹੋ ਗਿਆ ਜਦੋਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ 1984 ਕਤਲੇਆਮ ਬਾਰੇ ਚਿੰਤਾ ਜਤਾਉਣ ਉੱਤੇ ਕਾਂਗਰਸੀ ਆਗੂਆਂ ਨੇ ਸ਼ਰੇਆਮ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।
ਕਾਂਗਰਸ ਪਾਰਟੀ ਉੱਤੇ ਆਪਣੇ ਪਿੱਠੂਆਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੀ ਪੁਸ਼ਤਪਨਾਹੀ ਦੇ ਦੋਸ਼ ਲਾਉਂਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਜਦੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਹ ਕਿਹਾ ਕਿ 1984 ਵਿਚ ਦੋ ਨੌਜਵਾਨ ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਸਜ਼ਾ ਹੋਣ ਨਾਲ ਸਾਨੂੰ 34 ਸਾਲਾਂ ਬਾਅਦ ਇਨਸਾਫ ਮਿਲਿਆ ਹੈ ਅਤੇ ਉਮੀਦ ਹੈ ਕਿ 1947 ਮਗਰੋਂ ਸਾਡੇ ਧਰਮ ਨਿਰਪੱਖ ਦੇਸ਼ ਅੰਦਰ ਸਭ ਤੋਂ ਵੱਡੀ ਨਸਲਕੁਸ਼ੀ ਕਰਵਾਉਣ ਦੇ ਅਸਲ ਦੋਸ਼ੀਆਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਵੀ ਉਹਨਾਂ ਦੇ ਘਿਨੌਣੇ ਗੁਨਾਹਾਂ ਦੀ ਸਜ਼ਾ ਮਿਲੇਗੀ ਤਾਂ ਸਟੇਜ ਉੱਤੇ ਬੈਠੇ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਭੜਕ ਉੱਠੇ ਅਤੇ ਉਹਨਾਂ ਨੇ ਇਹਨਾਂ ਟਿੱਪਣੀਆਂ ਉਤੇ ਸਖ਼ਤ ਇਤਰਾਜ਼ ਜਤਾਇਆ।
ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਹਰ ਪਲੇਟਫਾਰਮ ਉਤੇ ਇਸ ਮੁੱਦੇ ਨੂੰ ਉਠਾਉਣ ਲਈ ਵਚਨਵੱਧ ਹੈ ਕਿਉਂਕਿ ਅਸੀਂ ਇਨਸਾਫ ਚਾਹੁੰਦੇ ਹਾਂ ਅਤੇ ਇਨਸਾਫ ਲੈ ਕੇ ਰਹਾਂਗੇ। ਕਾਂਗਰਸ ਨੇ ਇਕ ਵਾਰ ਫਿਰ ਗੈਰਕਾਨੂੰਨੀ ਢੰਗ ਨਾਲ ਸਾਡੀ ਆਵਾਜ਼ ਕੁਚਲਣ ਦੀ ਕੋਸ਼ਿਸ਼ ਕੀਤੀ ਹੈ। ਪਰੰਤੂ ਸਾਡੇ ਵੱਲੋਂ ਇਨਸਾਫ ਲਈ ਲਗਾਤਾਰ ਕੀਤੇ ਯਤਨਾਂ ਸਦਕਾ ਅਸੀਂ ਕਾਨੂੰਨ ਰਾਹੀਂ ਦੋ ਦੋਸ਼ੀਆਂ ਨੂੰ ਪਹਿਲੀ ਸਜ਼ਾ ਦਿਵਾਉਣ ਵਿਚ ਸਫਲ ਹੋ ਗਏ ਹਾਂ।
ਅਕਾਲੀ ਆਗੂ ਨੇ ਕਿਹਾ ਕਿ ਸਿੱਖਾਂ ਸਦੀਆਂ ਤੋਂ ਸਾਡੀ ਸਰਹੱਦਾਂ ਦੇ ਰਾਖੇ ਹਨ ਅਤੇ ਉਹਨਾਂ ਨੇ ਇਸ ਦੇਸ਼ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਕਾਂਗਰਸ ਪਾਰਟੀ ਨੂੰ ਆਪਣੇ ਅਜਿਹੇ ਆਗੂਆਂ ਨੂੰ ਬਚਾਉਣ ਸਮੇਂ ਆਪਣਾ ਸਿਰ ਸ਼ਰਮ ਨਾਲ ਝੁਕਾ ਲੈਣਾ ਚਾਹੀਦਾ ਹੈ, ਜਿਹੜੇ ਧਰਮ ਦੇ ਨਾਂ ਉੁਤੇ ਕਤਲੇਆਮ ਕਰਦੇ ਹਨ ਅਤੇ ਮਨੁੱਖਤਾ ਖਿਲਾਫ ਘਿਣਾਉਣੇ ਅਪਰਾਧ ਕਰਕੇ ਉਸਦਾ ਸਿਆਸੀ ਲਾਹਾ ਲੈਂਦੇ ਹਨ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਾਂਤੀ ਅਤੇ ਭਾਈਚਾਰੇ ਦੇ ਮਸੀਹਾ ਸਨ, ਜਿਹਨਾਂ ਨੇ ਇਹ ਉਪਦੇਸ਼ ਦਿੱਤਾ ਸੀ ਕਿ ਮਨੁੱਖਾਂ ਨੂੰ ਧਰਮ ਦੇ ਨਾਂ ਉਤੇ ਨਹੀਂ ਵੰਡਿਆ ਜਾ ਸਕਦਾ।
ਸਾਬਕਾ ਮੰਤਰੀ ਨੇ ਕਿਹਾ ਕਿ ਪਰ ਅਫਸੋਸ ਦੀ ਗੱਲ ਹੈ ਕਿ ਕੱਲ• ਦੇ ਪਵਿੱਤਰ ਦਿਹਾੜੇ ਦੇ ਮੌਕੇ ਵੀ ਕਾਂਗਰਸ ਪਾਰਟੀ ਘਟੀਆਪਣ ਅਤੇ ਵੰਡ-ਪਾਊ ਸਿਆਸਤ ਉਤੇ ਉੱਤਰ ਆਈ ਅਤੇ ਇਸ ਨੇ ਇਸ ਗੱਲ ਉੱਤੇ ਵੀ ਇਤਰਾਜ਼ ਜਤਾਇਆ ਕਿ 34 ਸਾਲਾਂ ਬਾਅਦ ਪੀੜਤਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਅਸੀਂ ਇਨਸਾਫ ਲੈਣ ਲਈ ਨਿਡਰ ਹੋ ਕੇ ਲੜਾਂਗੇ, ਕਿਉਂਕਿ ਦੇਰੀ ਨਾਲ ਇਨਸਾਫ ਦੇਣਾ, ਇਨਸਾਫ ਨਾ ਦੇਣ ਦੇ ਬਰਾਬਰ ਹੁੰਦਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨਿਰਦੋਸ਼ਾਂ ਦੇ ਖੂਨ ਵਿਚ ਹੱਥ ਰੰਗ ਕੇ ਬਚ ਨਿਕਲੀ ਸੀ, ਪਰ ਜਲਦੀ ਹੀ ਉਹ ਦਿਨ ਆਵੇਗਾ ,ਜਦੋਂ 1984 ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਮੈਂ 1984 ਦੇ ਕਤਲੇਆਮ ਨੂੰ ਸਿਰਫ ਸਿੱਖਾਂ ਖ਼ਿਲਾਫ ਨਹੀਂ ਸਗੋਂ ਸਾਡੇ ਮੁਲਕ ਖ਼ਿਲਾਫ ਕੀਤਾ ਗਿਆ ਸਭ ਤੋਂ ਵੱਡਾ ਅਪਰਾਧ ਕਹਾਂਗਾ।