ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਨੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਐਨਡੀਏ ਸਰਕਾਰ ਵੱਲੋਂ 100 ਦਿਨਾਂ ਅੰਦਰ ਲਏ ਵੱਡੇ ਫੈਸਲਿਆਂ ਬਾਰੇ ਇੱਕ ਪੰਜਾਬੀ ਕਿਤਾਬਚਾ ਜਾਰੀ ਕੀਤਾ
ਚੰਡੀਗੜ੍ਹ/09 ਸਤੰਬਰ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ 'ਦੇਸ਼ ਸਭ ਤੋਂ ਪਹਿਲਾਂ' ਦੀ ਧਾਰਨਾ ਨੂੰ ਮੁੱਖ ਰੱਖਦਿਆਂ ਇਸ ਸਰਕਾਰ ਨੇ ਸੱਤਾ ਸੰਭਾਲੀ ਸੀ। ਆਪਣੇ ਸਾਸ਼ਨ ਦੇ ਪਹਿਲੇ 100 ਦਿਨਾਂ ਵਿਚ ਇਸ ਸਰਕਾਰ ਨੇ ਅਜਿਹੇ ਸ਼ਾਨਦਾਰ ਸਮਾਜਿਕ ਅਤੇ ਆਰਥਿਕ ਸੁਧਾਰ ਕੀਤੇ ਹਨ ਜਿਹਨਾਂ ਨੂੰ ਪਹਿਲਾਂ ਅਸੰਭਵ ਮੰਨਿਆ ਜਾਂਦਾ ਸੀ। ਉਹਨਾਂ ਕਿਹਾ ਕਿ ਇਸ ਸਰਕਾਰ ਦੇ ਪਹਿਲੇ 100 ਦਿਨ ਉਸ ਜੋਸ਼ੀਲੇ ਭਾਰਤ ਦੀ ਝਲਕ ਪੇਸ਼ ਕਰਦੇ ਹਨ, ਜਿਹੜਾ ਪੂਰੇ ਯਕੀਨ ਨਾਲ 'ਸਬ ਕਾ ਸਾਥ, ਸਬ ਕਾ ਵਿਕਾਸ, ਸਬ ਕਾ ਵਿਸ਼ਵਾਸ਼'ਨੂੰ ਸੱਚ ਕਰਕੇ ਵਿਖਾਉਣ ਲਈ ਉਤਾਵਲਾ ਹੈ।
ਬੀਬਾ ਬਾਦਲ ਨੇ ਇਹ ਟਿੱਪਣੀਆਂ ਐਨਡੀਏ ਸਰਕਾਰ ਦੇ 100 ਸਾਲ ਪੂਰੇ ਹੋਣ ਦੇ ਸੰਬੰਧ ਵਿਚ ਰੱਖੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤੀਆਂ। ਇਸ ਮੌਕੇ ਮੰਤਰੀ ਨੇ ਐਨਡੀਏ ਸਰਕਾਰ ਵੱਲੋਂ 100 ਦਿਨਾਂ ਅੰਦਰ ਲਏ ਵੱਡੇ ਫੈਸਲਿਆਂ ਬਾਰੇ ਇੱਕ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਪੰਜਾਬੀ ਵਿਚ ਇੱਕ ਕਿਤਾਬਚਾ ਜਾਰੀ ਕੀਤਾ। ਇਸ ਕਿਤਾਬਚੇ ਵਿਚ ਮੋਦੀ ਸਰਕਾਰ ਵੱਲੋਂ ਪਿਛਲੇ 100 ਦਿਨਾਂ ਅੰਦਰ ਲਏ ਮੁੱਖ ਫੈਸਲਿਆਂ ਦਾ ਵੇਰਵਾ ਸ਼ਾਮਿਲ ਹੈ।
ਇਸ ਮੌਕੇ ਬੀਬਾ ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਬਹੁਤ ਵੱਡੇ ਪੱਧਰ ਉੱਤੇ ਇਤਿਹਾਸਕ ਅਤੇ ਵੱਡੇ ਫੈਸਲੇ ਲਏ ਹਨ। ਉਹਨਾਂ ਨੇ ਇਸਰੋ ਵਿਖੇ ਪ੍ਰਤੀਬੱਧ ਸਾਇੰਸਦਾਨਾਂ ਪ੍ਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਵਿਖਾਈ ਸੰਵੇਦਨਸ਼ੀਲਤਾ ਅਤੇ ਅਤੇ ਸਾਇੰਸਦਾਨਾਂ ਨੂੰ ਦਿੱਤੀ ਹੱਲਾਸ਼ੇਰੀ ਬਾਰੇ ਦੱਸਿਆ, ਜਿਸ ਨਾਲ ਦੇਸ਼ ਦੇ ਸਾਰੇ ਵਿਗਿਆਨੀਆਂ ਦਾ ਮਨੋਬਲ ਉੱਚਾ ਹੋਇਆ ਹੈ। ਉਹਨਾਂ ਕਿਹਾ ਕਿ ਚੰਦਰਯਾਨ-2 ਨਾਲ ਭਾਰਤ ਨੇ ਪੁਲਾੜ ਅੰਦਰ ਨਿੱਗਰ ਕਦਮ ਰੱਖੇ ਹਨ ਅਤੇ ਆਪਣੇ ਕੌਮਾਂਤਰੀ ਪਹਿਚਾਣ ਬਣਾਈ ਹੈ।
ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਨਵੀਂ ਸਰਕਾਰ ਦੇ ਪਹਿਲੇ ਸੰਸਦੀ ਇਜਲਾਸ ਨੇ ਮੰਤਰੀ ਮੰਡਲ ਦੇ ਫੈਸਲਾਕੁੰਨ ਸੁਭਾਅ ਤੋਂ ਜਾਣੂ ਕਰਵਾ ਦਿੱਤਾ ਹੈ। ਪਹਿਲੇ ਹੀ ਹਫ਼ਤੇ ਸਖ਼ਤ ਵਿਰੋਧ ਦੇ ਬਾਵਜੂਦ ਤਿੰਨ ਤਲਾਕ ਦੀ ਪ੍ਰਥਾ ਨੂੰ ਖ਼ਤਮ ਕਰਕੇ ਇਸ ਸਰਕਾਰ ਨੇ ਔਰਤਾਂ ਦੇ ਸਨਮਾਨ ਦੀ ਰਾਖੀ ਪ੍ਰਤੀ ਆਪਣੀ ਵਚਨਬੱਧਤਾ ਦਾ ਮੁਜ਼ਾਹਰਾ ਕੀਤਾ ਹੈ। ਇਹ ਕਾਨੂੰਨ ਮੁਸਲਿਮ ਔਰਤਾਂ ਨੂੰ ਭਾਰਤੀ ਸੰਵਿਧਾਨ ਵਿਚ ਦਰਜ ਲਿੰਗਕ ਨਿਆਂ ਨੂੰ ਯਕੀਨੀ ਬਣਾਉਂਦਾ ਹੋਇਆ ਨਾ ਸਿਰਫ ਉਹਨਾਂ ਦੀ ਰਾਖੀ ਕਰਦਾ ਹੈ, ਸਗੋਂ ਉਹਨਾਂ ਨੂੰ ਸ਼ਕਤੀਸ਼ਾਲੀ ਵੀ ਬਣਾਉਂਦਾ ਹੈ।
ਐਨਡੀਏ ਸਰਕਾਰ ਦੀਆਂ ਵੱਡੀਆਂ ਪ੍ਰਾਪਤੀਆਂ ਗਿਣਾਉਂਦਿਆਂ ਬੀਬਾ ਬਾਦਲ ਨੇ ਦੱਸਿਆ ਕਿ ਬੱਚਿਆਂ ਦੀ ਜਿਨਸੀ ਸੋਸ਼ਣ ਤੋਂ ਰਾਖੀ ਲਈ ਸਰਕਾਰ ਨੇ ਇੱਕ ਅਜਿਹਾ ਸਖ਼ਤ ਕਾਨੂੰਨ ਬਣਾਇਆ ਹੈ, ਜਿਹੜਾ ਬੱਚਿਆਂ ਦਾ ਜਿਨਸੀ ਸੋਸ਼ਣ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੰਦਾ ਹੈ। ਸਮਾਜਿਕ ਸੁਧਾਰਾਂ ਪ੍ਰਤੀ ਇਸ ਸਰਕਾਰ ਦੀ ਵਚਨਬੱਧਤਾ ਦੀ ਇਹ ਇਕ ਸ਼ਾਨਦਾਰ ਮਿਸਾਲ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਹਰ ਕਿਸਾਨ ਨੂੰ ਛੇ ਹਜ਼ਾਰ ਰੁਪਏ ਦੀ ਆਰਥਿਕ ਮੱਦਦ ਦੇ ਕੇ ਅਤੇ ਮਜ਼ਦੂਰਾਂ, ਛੋਟੇ ਵਪਾਰੀਆਂ ਅਤੇ ਕਿਸਾਨਾਂ ਲਈ ਪੈਨਸ਼ਨ ਸਕੀਮ ਸ਼ੁਰੂ ਕਰਕੇ ਗਰੀਬ ਤਬਕਿਆਂ ਨੂੰ ਉੱਚਾ ਚੁੱਕਣ ਵਾਸਤੇ ਵੱਡਾ ਹੰਭਲਾ ਮਾਰਿਆ ਹੈ।
ਇਸ ਮੌਕੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਵਧੀਕ ਡਾਇਰੈਕਟਰ ਜਨਰਲ (ਖੇਤਰੀ) ਸ੍ਰੀਮਤੀ ਦੇਵਪ੍ਰੀਤ ਸਿੰਘ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰਾਲੇ ਦੇ ਸੰਯੁਕਤ ਸਕੱਤਰ ਬੀਬਾ ਰੀਮਾ ਪ੍ਰਕਾਸ਼ ਵੀ ਮੌਜੂਦ ਸਨ।