ਨੌਜਵਾਨਾਂ ਵਿਚ ਦਸਤਾਰ ਬੰਨ੍ਹਣ ਦੀ ਰੁਚੀ ਜਗਾਉਣ ਲਈ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ
ਚੰਡੀਗੜ੍ਹ/10 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਵੱਲੋਂ ਨੌਜਵਾਨਾਂ ਅੰਦਰ ਦਸਤਾਰ ਪ੍ਰਤੀ ਮਾਣ ਅਤੇ ਸਤਿਕਾਰ ਦੀ ਭਾਵਨਾ ਵਿਕਸਤ ਕਰਨ ਲਈ ਵਿਸਾਖੀ ਦੇ ਪਵਿੱਤਰ ਦਿਹਾੜੇ ਉੱਤੇ 14 ਅਪ੍ਰੈਲ ਨੂੰ ਇੱਕ ਰਾਜ ਪੱਧਰੀ 'ਮੇਰੀ ਦਸਤਾਰ ਮੇਰੀ ਸ਼ਾਨ' ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਖਾਲਸਾ ਸਿਰਜਣਾ ਦਿਵਸ ਮੌਕੇ ਆਰੰਭੀ ਜਾਣ ਵਾਲੀ ਇਸ ਅਨੋਖੀ ਮੁਹਿੰਮ ਦਾ ਉਦਘਾਟਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਨੌਜਵਾਨਾਂ ਨੂੰ ਦਸਤਾਰ ਬੰਨਣ ਦੀ ਸਿਖਲਾਈ ਦੇਣ ਤੋਂ ਇਲਾਵਾ ਰਾਜ ਭਰ ਵਿਚ ਦਸਤਾਰ ਬੰਨ੍ਹਣ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵੀ ਕਰਵਾਏ ਜਾਣਗੇ।
ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਮੁਹਿੰਮ ਦੇ ਕੋਆਰਡੀਨੇਟਰ ਅਤੇ ਯੂਥ ਆਗੂ ਗੁਰਪ੍ਰੀਤ ਸਿੰਘ ਰਾਜੂਖੰਨਾ ਨੇ ਕਿਹਾ ਕਿ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਇਸ ਪ੍ਰੋਗਰਾਮ ਨਾਲ ਬਹੁਤ ਨੇੜੇ ਤੋਂ ਜੁੜੇ ਹੋਏ ਹਨ। ਉਹ ਇਸ ਮੁਹਿੰਮ ਦੇ ਉਦਘਾਟਨ ਮੌਕੇ ਵੀ ਹਾਜ਼ਿਰ ਹੋਣਗੇ। ਇਹ ਸਮਾਗਮ ਜੂਨ ਵਿਚ ਕਰਵਾਏ ਜਾਣ ਵਾਲੇ ਇੱਕ ਰਾਜ ਪੱਧਰੀ ਮੁਕਾਬਲੇ ਨਾਲ ਨੇਪਰੇ ਚੜ੍ਹੇਗਾ, ਜਿਸ ਵਿਚ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚੋਂ ਜੇਤੂ ਰਹੇ ਨੌਜਵਾਨ ਇੱਕ ਸੂਬਾਈ ਦਸਤਾਰ ਮੁਕਾਬਲੇ ਵਿਚ ਆਪਣੀ ਦਸਤਾਰ ਬੰਨ੍ਹਣ ਦੀ ਕਲਾ ਦੇ ਜੌਹਰ ਵਿਖਾਉਣਗੇ।
ਇਸ ਮੁਹਿੰਮ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦਸਤਾਰ ਸਿਰਫ ਇੱਕ ਕੱਪੜੇ ਦਾ ਟੁਕੜਾ ਨਹੀਂ ਹੈ, ਸਗੋਂ ਇੱਕ ਅਜਿਹਾ ਧਾਰਮਿਕ ਚਿੰਨ੍ਹ ਹੈ, ਜਿਹੜਾ ਸਵੈਮਾਣ ਅਤੇ ਬੇਮਿਸਾਲ ਬਹਾਦਰੀ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਕਿ ਇਸ ਮੁਹਿੰਮ ਦਾ ਟਾਈਟਲ ਸੁਝਾਉਂਦਾ ਹੈ ਕਿ ਦਸਤਾਰ ਹਰ ਸਿੱਖ ਦੀ ਸ਼ਾਨ ਹੁੰਦੀ ਹੈ। ਸਾਡੀ ਇਹ ਪੁਰਜ਼ੋਰ ਕੋਸ਼ਿਸ਼ ਹੈ ਕਿ ਨੌਜਵਾਨ ਪੀੜ੍ਹੀ ਅੰਦਰ ਸਾਡੀ ਨਿਵੇਕਲੀ ਪਛਾਣ ਬਾਰੇ ਗੌਰਵ ਦੀ ਭਾਵਨਾ ਭਰੀ ਜਾਵੇ ਅਤੇ ਸਾਡੇ ਅਮੀਰ ਅਤੇ ਸ਼ਾਨਾਮੱਤੇ ਸੱਭਿਆਚਾਰਕ ਵਿਰਸੇ ਦਾ ਪ੍ਰਚਾਰ ਕੀਤਾ ਜਾਵੇ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਵੱਡੀ ਮੁਹਿੰਮ ਪੰਜਾਬ ਦੇ ਨੌਜਵਾਨਾਂ ਨੂੰ ਸਿਰਫ ਪੱਗ ਦੀ ਸ਼ਾਨ ਉੱਤੇ ਮਾਣ ਕਰਨ ਵਾਸਤੇ ਹੀ ਹੱਲਾਸ਼ੇਰੀ ਦੇਵੇਗੀ, ਸਗੋਂ ਉਹਨਾਂ ਨੂੰ ਆਪਣੀ ਦਸਤਾਰ ਸਜਾਉਣ ਦੀ ਕਲਾ ਨੂੰ ਵਿਖਾਉਣ ਦਾ ਵੀ ਮੌਕਾ ਦੇਵੇਗੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਅਮੀਰ ਵਿਰਸੇ ਦੀ ਸੰਭਾਲ ਅਤੇ ਪ੍ਰਚਾਰ ਲਈ ਵਚਨਵੱਧ ਹੈ। ਇਹ ਮੁਹਿੰਮ ਇਸੇ ਦਿਸ਼ਾ ਵਿਚ ਕੀਤਾ ਜਾਣ ਵਾਲਾ ਇੱਕ ਹੋਰ ਨਿਮਾਣਾ ਜਿਹਾ ਯਤਨ ਹੈ।