ਬਿਕਰਮ ਮਜੀਠੀਆ ’ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪ ਆਗੂ ਆਪਣੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੁੱਛਣ ਕਿ ਉਹਨਾਂ ਨੇ ਮਜੀਠੀਆ ਤੋਂ ਲਿਖਤੀ ਮੁਆਫੀ ਕਿਉਂ ਮੰਗੀ ਸੀ : ਅਰਸ਼ਦੀਪ ਕਲੇਰ
ਅਕਾਲੀ ਦਲ ਕੰਗ ਖਿਲਾਫ ਅਦਾਲਤੀ ਮਾਣਹਾਨੀ ਦੀ ਕਾਰਵਾਈ ਬਾਰੇ ਵਿਚਾਰ ਕਰੇਗਾ
ਚੰਡੀਗੜ੍ਹ, 5 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਆਖਿਆ ਕਿ ਉਹਨਾਂ ਵੱਲੋਂ ਗੈਂਗਸਟਰ ਗੋਲਡੀ ਬਰਾੜ ਨੂੰ ਹਿਰਾਸਤ ਵਿਚ ਲਏ ਜਾਣ ਦੇ ਦਾਅਵਿਆਂ ਦੀ ਫੂਕ ਨਿਕਲਣ ਮਗਰੋਂ ਉਹਨਾਂ ਚੁੱਪੀ ਕਿਉਂ ਧਾਰ ਲਈ ਹੈ ਜਦੋਂ ਕਿ ਗੋਲਡੀ ਬਰਾੜ ਟੀਵੀ ਇੰਟਰਵਿਊ ਜਨਤਕ ਹਨ ਜਿਹਨਾਂ ਵਿਚ ਉਹ ਉਹਨਾਂ ਦੇ ਦਾਅਵੇ ਨੂੰ ਨਕਾਰ ਰਿਹਾ ਹੈ।
ਅੱਜ ਸ਼ਾਮ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਤੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਰਸ਼ਦੀਪ ਸਿੰਘ ਕਲੇਕਰ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੋਲਡੀ ਬਰਾੜ ਨੂੰ ਅਮਰੀਕੀ ਏਜੰਸੀਆਂ ਵੱਲੋਂ ਅਮਰੀਕਾ ਵਿਚ ਹਿਰਾਸਤ ਵਿਚ ਲੈਣ ਦਾ ਦਾਅਵਾ ਕੀਤੇ ਨੂੰ 3 ਦਿਨ ਬੀਤ ਚੁੱਕੇ ਹਨ ਤੇ ਜਾਪਦਾ ਹੈ ਕਿ ਉਹਨਾਂ ਸਿਰਫ ਆਪ ਲਈਵੋਟਾਂ ਲੈਣ ਵਾਸਤੇ ਇਹ ਬਿਆਨਬਾਜ਼ੀ ਕੀਤੀ। ਉਹਨਾਂ ਕਿਹਾ ਕਿ ਉਦੋਂ ਤੋਂ ਹੁਣ ਤੱਕ ਨਾ ਤਾਂ ਭਾਰਤੀ ਵਿਦੇਸ਼ ਮੰਤਰਾਲੇ ਜਾਂ ਗ੍ਰਹਿ ਮੰਤਰਾਲੇ ਜਾਂ ਪੰਜਾਬ ਦੇ ਡੀ ਜੀ ਪੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਗੋਲਡੀ ਬਰਾੜ ਬਾਰੇ ਦਾਅਵੇ ਦੀ ਪੁਸ਼ਟੀ ਕੀਤੀਹੈ। ਉਹਨਾਂ ਕਿਹਾ ਕਿ ਅਮਰੀਕੀ ਏਜੰਸੀਆਂ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਦਾਅਵਿਆਂ ਬਾਰੇ ਇਕ ਸ਼ਬਦ ਨਹੀਂ ਕਿਹਾ।
ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੱਲੋਂ ਪਿਛਲੀਆਂ ਸਰਕਾਰਾਂ ਵੱਲੋਂ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਨ ਦੇ ਕੀਤੇ ਦਾਅਵੇ ਦੀ ਨਿਖੇਧੀ ਕਰਦਿਆਂ ਐਡਵੋਕੇਟ ਕਲੇਰ ਨੇ ਆਪ ਆਗੂ ਨੂੰ ਚੇਤੇ ਕਰਵਾਇਆ ਕਿ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਲਾਰੰਸ ਬਿਸ਼ਨੋਈ ਗੈਂਗ ਨੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੈਠ ਕੇ ਕਰਵਾਇਆ ਹੈ ਤੇ ਇਹ ਜੇਲ੍ਹ ਸਿੱਧਾ ਹੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਕੰਟਰੋਲ ਅਧੀਨ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾਬ ਵਿਚ ਆਪ ਸਰਕਾਰ ਕਾਨੂੰਨ ਵਿਵਸਥਾ ਸੰਭਾਲਣ ਵਿਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਅਤੇ ਹੁਣ ਇਹ ਆਪਣੀ ਅਸਫਲਤਾ ਦਾ ਸਿਹਰਾ ਪਿਛਲੀਆਂ ਸਰਕਾਰਾਂ ਸਿਰ ਭੰਨਣਾ ਚਾਹੁੰਦੀ ਹੈ।
ਆਪ ਆਗੂ ਦੇ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਬਾਰੇ ਕੀਤੇ ਦਾਅਵਿਆਂ ਦਾ ਮਖੌਲ ਉਡਾਉਂਦਿਆਂ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਆਪ ਦੇ ਆਗੂ ਇਹ ਭੁੱਲ ਗਏ ਹਨ ਕਿ ਉਹਨਾਂ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ ਵਿਚ ਅਦਾਲਤ ਵਿਚ ਲਿਖਤੀ ਮੁਆਫੀ ਸਰਦਾਰ ਮਜੀਠੀਆ ਤੋਂ ਮੰਗੀ ਹੈ। ਉਹਨਾਂ ਸਵਾਲ ਕੀਤਾ ਕਿ ਕੀ ਉਹ ਆਪ ਵਿਚ ਕੇਜਰੀਵਾਲ ਤੋਂ ਵੀ ਉਪਰ ਹਨ।
ਆਪ ਦੇ ਬੁਲਾਰੇ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਰਦਾਰ ਮਜੀਠੀਆ ਨੂੰ ਦਿੱਤੀ ਜ਼ਮਾਨਤ ਬਾਰੇ ਕੀਤੀਆਂ ਟਿੱਪਣੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਐਡਵੋਕੇਟ ਕਲੇਰ ਨੇ ਕਿਹਾ ਕਿ ਉਹਨਾਂ ਦੀਆਂ ਟਿੱਪਣੀਆਂ ਅਦਾਲਤ ਦੀ ਸਿੱਧੇ ਤੌਰ ’ਤੇ ਮਾਣਹਾਨੀ ਹਨ ਤੇ ਉਹ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਦੇ ਸਾਰੇ ਵਿਕਲਪ ਵਿਚਾਰਨਗੇ।
ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਅੱਜ ਨਸ਼ਾ ਪੰਜਾਬ ਦੇ ਹਰ ਕੋਨੇ ਵਿਚ ਉਪਲਬਧ ਹੈ ਤੇ ਲੋਕਾਂ ਨੇ ਪਿਛਲੇ 8 ਮਹੀਨਿਆਂ ਵਿਚ ਕਈ ਵਾਰ ਆਪ ਸਰਕਾਰ ਦੇ ਮੰਤਰੀਆਂ ਨੂੰ ਇਹਵਿਖਾਇਆ ਵੀ ਹੈ। ਉਹਨਾਂ ਕਿਹਾ ਕਿ ਬਜਾਏ ਆਪਣੀਆਂ ਗਲਤੀਆਂ ਮੰਨਣ ਤੇ ਦਰੁੱਸਤੀ ਵਾਲੇ ਕਦਮ ਚੁੱਕਣ ਦੇ ਆਮ ਆਦਮੀ ਪਾਰਟੀ ਸਰਕਾਰ ਇਸਦਾ ਸਿਹਰਾ ਪਿਛਲੀਆਂ ਸਰਕਾਰਾਂ ਸਿਰ ਭੰਨਣਾ ਚਾਹੁੰਦੀਹੈ ਜੋ ਬਹੁਤ ਸ਼ਰਮਨਾਕ ਗੱਲ ਹੈ।