ਬਦਲਾਖੋਰੀ ਦੀ ਰਾਜਨੀਤੀ ਦੀ ਕੀਤੀ ਨਿਖੇਧੀ, ਕਿਹਾ ਜਿਹਨਾਂ ਨੇ ਇਹ ਕੀਤੀ, ਲੋਕਾਂ ਨੇ ਉਹਨਾਂ ਨੂੰ ਠੁਕਰਾਇਆ
ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ’ਤੇ ਨਗਰ ਕੀਰਤਨ ਵਿਚ ਕੀਤੀ ਸ਼ਮੂਲੀਅਤ
ਮਜੀਠਾ, 4 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਤੇ ਕਿਹਾ ਕਿ ਸਮਾਜ ਦੇ ਗਰੀਬ ਤੇ ਕਮਜ਼ੋਰ ਵਰਗਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਭਾਰੀ ਜ਼ੁਰਮਾਨੇ ਲਾ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਸ ਹਲਕੇ ਦੇ ਪਿੰਡ ਅਬਦਾਲ ਵਿਚ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ’ਤੇ ਨਗਰ ਕੀਰਤਨ ਜੋ ਸ੍ਰੀ ਆਨੰਦਪੁਰ ਸਾਹਿਬ ਤੱਕ ਜਾਵੇਗਾ, ਵਿਚ ਸ਼ਮੂਲੀਅਤ ਕਰਨ ਮੌਕੇ ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਅਗਵਾਈ ਹੇਠਲੀ ਸਰਕਾਰ ਵਿਚ ਸਮਾਜ ਭਲਾਈ ਸਕੀਮਾਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੀਆਂ ਗਈਆਂ ਸਨ। ਉਹਨਾਂ ਕਿਹਾ ਕਿ ਅਸੀਂ ਆਟਾ ਦਾਲ, ਸ਼ਗਨ ਸਕੀਮ ਤੇ ਬੁਢਾਪਾ ਪੈਨਸ਼ਨ ਵਰਗੀਆਂ ਸਕੀਮਾਂ ਸ਼ੁਰੂ ਤੇ ਲਾਗੂ ਕੀਤੀਆਂ ਸਨ। ਹੁਣ ਆਪ ਸਰਕਾਰ ਨੇ ਸਿਰਫ ਕੁਝ ਵਰਗਾਂ ਨੂੰ ਸਸਤੀ ਬਿਜਲੀ ਦੇਣੀ ਸ਼ੁਰੂ ਕੀਤੀ ਹੈ ਪਰ ਇਸਦੇ ਨਾਲ ਹੀ ਭਾਰੀ ਜ਼ੁਰਮਾਨੇ ਲਗਾਏ ਜਾ ਰਹੇ ਹਨ ਜਿਸ ਨਾਲ ਸਕੀਮ ਦਾ ਮਨੋਰਥ ਹੀ ਖਤਮ ਹੋ ਗਿਆ ਹੈ।
ਸਰਕਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਬਜਾਏ ਲੋਕਾਂ ਦੀ ਭਲਾਈ ਲਈ ਠੋਸ ਕੰਮ ਕਰਨ ਦੇ ਆਪ ਸਰਕਾਰ ਝੂਠੇ ਪ੍ਰਾਪੇਗੰਡੇ ਵਿਚ ਵਿਸ਼ਵਾਸ ਕਰਦੀ ਹੈ। ਉਹਨਾਂ ਕਿਹਾ ਕਿ ਇਹ ਸਰਕਾਰ ਆਪਣੇ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹੀ ਹੈ ਭਾਵੇਂ ਉਹ ਸਾਰੀਆਂ ਔਰਤਾਂ ਨੂੰ ਇਕ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣਾ, ਬੇਰੋਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਰੋਜ਼ਗਾਰ ਦੇਣਾ ਅਤੇ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਸ਼ਾਮਲ ਹੈ। ਉਹਨਾਂ ਕਿਹਾ ਕਿ ਇਸਦੀ ਥਾਂ ’ਤੇ ਸਰਕਾਰ ਹਰ ਮਹੀਨੇ ਕਰੋੜਾਂ ਰੁਪਏ ਪੇਡ ਨਿਊਜ਼ ’ਤੇ ਖਰਚ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਮੂਰਖ ਬਣਾਇਆ ਜਾ ਸਕੇ।
ਪਿਛਲੀ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਸਿਆਸੀ ਬਦਲਾਖੋਰੀ ਜੋ ਮੌਜੂਦਾ ਆਪ ਸਰਕਾਰ ਦੇ ਦੌਰ ਵਿਚ ਵੀ ਜਾਰੀ ਹੈ, ਦੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਬਦਲਾਖੋਰੀ ਦੀ ਰਾਜਨੀਤੀ ਵਿਚੋਂ ਕੁਝ ਨਹੀਂ ਮਿਲਦਾ। ਉਹਨਾਂ ਕਿਹਾ ਕਿ ਇਸਦਾ ਅਸਰ ਉਲਟਾ ਬਦਲਾਖੋਰੀ ਕਰਨ ਵਾਲਿਆਂ ’ਤੇ ਹੁੰਦਾ ਹੈ ਜਿਵੇਂ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹਸ਼ਰ ਸਭਦੇ ਸਾਹਮਣੇ ਹੈ ਜੋ ਆਪ ਪਿਛਲੀਆਂ ਚੋਣਾਂ ਵਿਚ ਦੋਵਾਂ ਸੀਟਾਂ ਤੋਂ ਹਾਰਨ ਮਗਰੋਂ ਵਿਦੇਸ਼ ਤੋਂ ਵਾਪਸ ਨਹੀਂ ਪਰਤ ਰਹੇ। ਉਹਨਾਂ ਕਿਹਾ ਕਿ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੁੰ ਇਕ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਹੈ ਤੇ ਉਹ ਪਟਿਆਲਾ ਜੇਲ੍ਹ ਵਿਚ ਸਜ਼ਾ ਭੁਗਤ ਰਹੇ ਹਨ।
ਸਾਬਕਾ ਮੰਤਰੀ ਨੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਤੋਂ ਫੀਡਬੈਕ ਲੈਣ ਮਗਰੋਂ ਅਕਾਲੀ ਦਲ ਵਿਚ ਕੀਤੀਆਂ ਜਥੇਬੰਦਕ ਤਬਦੀਲੀਆਂ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਸਮਾਂ ਬਦਲ ਰਿਹਾ ਹੈ ਤੇ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਨਾਲ ਨਾਲ ਚੋਣ ਰਾਜਨੀਤੀ ਵਿਚ ਨੌਜਵਾਨ ਵਰਗ ਨੁੰ ਅੱਗੇ ਲਿਆਂਦਾ ਜਾਵੇ। ਉਹਨਾਂ ਕਿਹਾ ਕਿ ਪਾਰਟੀ ਨੁੰ ਮਜ਼ਬੂਤ ਕਰਨ ਲਈ ਇਸਦਾ ਪ੍ਰਭਾਵਸ਼ਾਲੀ ਅਸਰ ਪਵੇਾਗ। ਉਹਨਾਂ ਨੇ ਪਾਰਟੀ ਵੱਲੋਂ ਇਕ ਪਰਿਵਾਰ ਇਕ ਟਿਕਟ ਦੇ ਕੀਤੇ ਐਲਾਨ ਦਾ ਵੀ ਸਵਾਗਤ ਕੀਤਾ।
ਸਰਦਾਰ ਮਜੀਠੀਆ ਨੇ ਬਾਬਾ ਜੀਵਨ ਸਿੰਘ ਦੀ ਮਹਾਨ ਸ਼ਹਾਦਤ ਬਾਰੇ ਵਿਸਥਾਰ ਵਿਚ ਗੱਲ ਕੀਤੀ ਤੇ ਉਹਨਾਂ ਨੂੰ ਅਮਰ ਸ਼ਹੀਦ ਕਰਾਰ ਦਿੱਤਾ। ਉਹਨਾਂ ਨੇ ਬਾਬਾ ਜੀਵਨ ਸਿੰਘ ਦੇ 361ਵੇਂ ਜਨਮ ਦਿਹਾੜੇ ’ਤੇ ਨਗਰ ਕੀਰਤਨ ਸਜਾਉਣ ਲਈ ਸ਼ੁਭਕਾਮਨਾਵਾਂ ਵੀ ਭੇਂਟ ਕੀਤੀਆਂ ਤੇ ਸਾਬਕਾ ਮੰਤਰੀ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਦਾ ਧੰਨਵਾਦ ਵੀ ਕੀਤਾ ਜਿਹਨਾਂ ਇਸ ਨਗਰ ਕੀਰਤਨ ਲਈ ਨਿੱਜੀ ਯਤਨ ਕੀਤੇ।
ਇਸ ਮੌਕੇ ਸਾਬਕਾ ਮੰਤਰੀ ਸਰਦਾਰ ਗੁਲਜ਼ਾਰ ਸਿੰਘ ਰਣੀਕੇ, ਵਰਿਆਮ ਸਿੰਘ ਨੰਗਲ ਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਤੇ ਹੋਰ ਪਤਵੰਤੇ ਹਾਜ਼ਰ ਸਨ।