ਆਨੰਦਪੁਰ ਸਾਹਿਬ ਦੇ ਹਲਕਾ ਇੰਚਾਰਜ ਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ
ਚੰਡੀਗੜ੍ਹ, 29 ਜਨਵਰੀ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਅੱਜ ਪਾਰਟੀ ਪ੍ਰਧਾਨ ਸਰਦਾਰ ਸੁੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਉਘੇ ਆਗੂ, ਜਿਹਨਾਂ ਪੰਜਾਬ ਵਿਚ ਮਾੜੇ ਦੌਰ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਲ ਕੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਵਿਚ ਅਹਿਮ ਰੋਲ ਅਦਾ ਕੀਤਾ, ਨੇ ਕਿਹਾ ਕਿ ਉਹ ਹਮੇਸ਼ਾ ਏਕਤਾ ਦੇ ਪ੍ਰਤੀਕ ਸਰਦਾਰ ਬਾਦਲ ਦੇ ਨਾਲ ਹਨ ਅਤੇ ਇਹ ਵਿਰਸਾ ਅੱਗੇ ਲਿਜਾਣ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਡੱਟ ਕੇ ਖੜ੍ਹੇ ਹੋਣਗੇ। ਉਹਨਾਂ ਨੇ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵਿਚ ਉਪ ਮੁੱਖ ਮੰਤਰੀ ਹੁੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਤੇਜ਼ ਰਫਤਾਰ ਕੀਤੇ ਗਏ ਵਿਕਾਸ ਤੇ ਸੂਬੇ ਵਿਚ ਵਿਆਪਕ ਨਿਵੇਸ਼ ਲਈ ਸਫਲਤਾਪੂਰਵਕ ਕੀਤੇ ਗਏ ਯਤਨਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ।
ਸ੍ਰੀ ਮਦਨ ਮੋਹਨ ਮਿੱਤਲ, ਜਿਹਨਾਂ ਦੇ ਨਾਲ ਉਹਨਾਂ ਦੇ ਪੁੱਤਰ ਸ੍ਰੀ ਅਰਵਿੰਦ ਮਿੱਤਲ ਤੇ ਆਨੰਦਪੁਰ ਸਾਹਿਬ ਹਲਕੇ ਤੋਂ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ, ਨੇ ਕਿਹਾ ਕਿ ਉਹ ਹਲਕੇ ਨਾਲ ਹੋਏ ਅਨਿਆਂ ਖਿਲਾਫ ਸੰਘਰਸ਼ ਲਈ ਭਾਜਪਾ ਤੋਂ ਅਸਤੀਫਾ ਦੇ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਦੇ ਰਾਜਕਾਲ ਦੌਰਾਨ ਆਨੰਦਪੁਰ ਸਾਹਿਬ ਤੋਂ ਸਾਰੇ ਵਿਕਾਸ ਪ੍ਰਾਜੈਕਟ ਵਾਪਸ ਲੈ ਲਏ ਗਏ ਤੇ ਸਥਾਨਕ ਭਾਜਪਾ ਲੀਡਰਸ਼ਿਪ ਲੋਕਾਂ ਦੇ ਹੱਕਾਂ ਦੀ ਰਾਖੀ ਵਿਚ ਆਪਣੀ ਭੂਮਿਕਾ ਨਿਭਾਉਣ ਵਿਚ ਅਸਫਲ ਰਹੀ। ਉਹਨਾਂ ਕਿਹਾ ਕਿ ਅਸੀਂ ਆਨੰਦਪੁਰ ਸਾਹਿਬ ਵਿਚ ਵੱਡੀ ਪੱਧਰ ’ਤੇ ਮਾਇਨਿੰਗ ਹੁੰਦੀ ਵੇਖੀ ਹੇ ਜਿਸਨੁੰ ਰੋਕਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਟਰੱਕ ਅਪਰੇਟਰਾਂ ਤੇ ਟਰੱਕ ਯੂਨੀਅਨਾਂ ਤੋਂ ਉਹਨਾਂ ਦਾ ਰੋਜ਼ਗਾਰ ਖੋਹ ਲਿਆ ਗਿਆ। ਮੈਂ ਹਮੇਸ਼ਾ ਆਨੰਦਪੁਰ ਸਾਹਿਬ ਦੀ ਭਲਾਈ ਵਾਸਤੇ ਅੱਗੇ ਹੋ ਕੇ ਕੰਮ ਕੀਤਾ ਹੈ ਤੇ ਇਸ ਨਾਲ ਕੀਤਾ ਜਾਂਦਾ ਵਿਤਕਰਾ ਖਤਮ ਕਰਵਾਇਆ ਹੈ।
ਸਰਦਾਰ ਸੁਖਬੀਰ ਬਾਦਲ ਬਾਦਲ ਨੇ ਸ੍ਰੀ ਮਿੱਤਲ ਨੁੰ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਉਹਨਾ ਨੁੰ ਹਲਕਾ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਕੀਤਾ। ਉਹਨਾਂ ਨੇ ਸ੍ਰੀ ਮਿੱਤਲ ਨੁੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ। ਜਦੋਂ ਪੁੱਛਿਆ ਗਿਆ ਕਿ ਕੀ ਸ੍ਰੀ ਮਿੱਤਲ ਮੌਜੂਦਾ ਚੋਣਾਂ ਵਿਚ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਹੋਣਗੇ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਫੈਸਲਾ ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਲਿਆ ਜਾਵੇਗਾ।
ਇਸ ਮੌਕੇ ਵੱਡੀ ਗਿਣਤੀ ਵਿਚ ਪੰਚਾਇਤ ਤੇ ਬਲਾਕ ਸੰਮਤੀ ਮੈਂਬਰ ਵੀ ਸ੍ਰੀ ਮਦਨ ਮੋਹਨ ਮਿੱਤਲ ਦੇ ਨਾਲ ਅਕਾਲੀ ਦਲ ਵਿਚ ਸ਼ਾਮਲ ਹੋਏ ਜਿਹਨਾਂ ਨੁੰ ਸਿਰੋਪਾ ਪਾ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਗੁਰਿੰਦਰ ਸਿੰਘ ਗੋਗੀ ਜ਼ਿਲ੍ਹਾ ਪ੍ਰਧਾਨ ਰੋਪੜ, ਅਜਮੇਰ ਸਿੰਘ ਖੇੜਾ ਮੈਂਬਰ ਸ਼੍ਰੋਮਣੀ ਕਮੇਟੀ, ਹਰਮੋਹਨ ਸਿੰਘ ਪਾਲ ਐਡਵੋਕੇਟ, ਗੁਰਮੁੱਖ ਸਿੰਘ ਸੈਣੀ ਕੌਂਸਲਰ, ਹਰਵਿੰਦ ਸਿੰਘ ਸੈਣੀ ਕੌਂਸਲਰ, ਹਰਜੀਤ ਸਿੰਘ ਸੈਣੀ ਹਵੇਲੀ, ਤਿਲਕਰਾਜ ਪਚਰੰਡਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਆਨੰਦਪੁਰ ਸਾਹਿਬ, ਸੰਦੀਪ ਸਿੰਘ ਮੀਤ ਪ੍ਰਧਾਨ ਅਤੇ ਦਰਬਾਰਾ ਸਿੰਘ ਬਾਲਾ ਵੀ ਮੌਜੂਦ ਸਨ।