ਚੰਡੀਗੜ੍ਹ, 13 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਿਛਲੇ 4 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਮਾਰਟ ਕਾਰਡ ਡਰਾਇਵਿੰਗ ਲਾਇਸੰਸ ਤੇ ਰਜਿਸਟਰੇਸ਼ਨ ਸਰਟੀਫਿਕੇਟ ਜਾਰੀ ਨਾ ਕਰਨ ਕਾਰਨ ਆਮ ਲੋਕ ਤੇ ਸਾਰਾ ਟਰਾਂਸਪੋਰਟ ਸੈਕਟਰ ਮੁਸ਼ਕਿਲਾਂ ਵਿਚ ਘਿਰ ਗਿਆ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਤੋਂ ਬਾਹਰ ਨਾਕਿਆਂ ’ਤੇ ਟਰੱਕਾਂ ਵਾਲਿਆਂ 10 ਹਜ਼ਾਰ ਰੁਪਏ ਤੱਕ ਦੇ ਚਲਾਨ ਹੋ ਰਹੇ ਹਨ ਕਿਉਂਕਿ ਸਰਕਾਰ ਸਮਾਰਟ ਕਾਰਡ ਜਾਰੀ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਫਿਟਨੈਸ ਸਰਟੀਫਿਕੇਟਾਂ ਵਿਚ ਵੀ ਦੇਰੀ ਹੋ ਰਹੀ ਹੈ ਜਿਸ ਕਾਰਨ ਬੱਸ ਤੇ ਟਰੱਕ ਮਾਲਕਾਂ ਦਾ ਨੁਕਸਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਤਰਾਜ਼ ਨਹੀਂ ਸਰਟੀਫਿਕੇਟ ਜਾਰੀ ਕਰਨ ਵਿਚ ਦੇਰੀ ਦੇ ਕਾਰਨ ਸੂਬੇ ਵਿਚ ਵਿਕਰੀ ਤੋਂ ਬਾਹਰ ਵਾਹਨ ਆਪਣੇ ਨਾਂ ਕਰਵਾਉਣ ਤੇ ਇਹਨਾਂ ਦੇ ਕਰਜ਼ੇ ਅਦਾ ਕਰਨ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਲੋਕ ਨਵੇਂ ਟਰੱਕ ਖਰੀਦ ਰਹੇ ਹਨ, ਉਹ ਟਰੱਕ ਯੂਨੀਅਨਾਂ ਵਿਚ ਟਰੱਕ ਸ਼ਾਮਲ ਨਹੀਂ ਕਰਵਾ ਪਾ ਰਹੇ ਕਿਉਂਕਿ ਉਹਨਾਂ ਨੂੰ ਰਜਿਸਟਰੇਸ਼ਨ ਸਰਟੀਫਿਕੇਟ ਜਾਰੀ ਨਹੀਂ ਹੋਏ। ਉਹਨਾਂ ਕਿਹਾ ਕਿ ਇਸੇ ਤਰੀਕੇ ਸਟਾਫ ਦੀ ਘਾਟ ਕਾਰਨ ਫਿਟਨੈਸ ਸਰਟੀਫਿਕੇ ਜਾਰੀ ਕਰਨ ਦੀ ਲੰਬੀ ਲਿਸਟ ਹੈ ਕਿਉਂਕਿ ਤਿੰਨ ਮਹੀਨਿਆਂ ਤੱਕ ਵਾਰੀ ਦੀ ਉਡੀਕ ਕਰਨੀ ਪੈ ਰਹੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਹਾਲ ਹੀ ਵਿਚ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਵੈਲਿਡ ਆਰ ਸੀ ਦਸਤਾਵੇਜ਼ ਤੇ ਡ੍ਰਾਇਵਿੰਗ ਲਾਇਸੰਸ ਜੋ ਐਮ ਪਰਿਵਾਹਨ ਐਪ ਤੇ ਡਿਜੀ ਲਾਕਰ ਵਿਚ ਅਪਲੋਡ ਕੀਤੇ ਹਨ, ਉਹ ਪ੍ਰਵਾਨ ਕੀਤੇ ਜਾਣਗੇ ਪਰ ਟਰੱਕਾਂ ਵਾਲਿਆਂ ਨੂੰ ਨਾਕਿਆਂ ’ਤੇ ਇਹ ਦਸਤਾਵੇਜ਼ ਵਿਖਾਉਣ ਵਿਚ ਮੁਸ਼ਕਿਆਂ ਆ ਰਹੀਆਂ ਹਨ ਕਿਉਂਕਿ ਉਥੇ ਇੰਟਰਨੈਟ ਸਹੂਲਤ ਨਹੀਂ ਹੈ ਤੇ ਅੰਤਰ ਰਾਜੀ ਨਾਕਿਆਂ ’ਤੇ ਚੈਕਿੰਗ ਸਟਾਫ ਵਿਚੋਂ ਹੀ ਬਹੁਤੇ ਐਪ ਤੋਂ ਅਣਜਾਣ ਹਨ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਸਮੇਤ ਲੱਖਾਂ ਲੋਕ ਪ੍ਰਭਾਵਤ ਹੋ ਰਹੇ ਹਨ ਜਿਹਨਾਂ ਲਈ ਆਪਣੇ ਵਾਹਨ ਵੇਚਣਾ ਤੇ ਰਜਿਸਟਰੇਸ਼ਨ ਸਰਟੀਫਿਕੇਟ ਟਰਾਂਸਫਰ ਕਰਵਾਉਣਾ ਔਖਾ ਹੋਇਆ ਪਿਆ ਹੈ। ਉਹਨਾਂ ਕਿਹਾ ਕਿ ਇਸ ਦੇਰੀ ਲਈ ਜ਼ਿੰਮੇਵਾਰ ਠੇਕੇਦਾਰ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਵਿਸ਼ਵ ਪੱਧਰ ’ਤੇ ਸਮਾਰਟ ਕਾਰਡਾਂ ਦੀ ਘਾਟ ਹੈ। ਉਹਨਾਂ ਨੇ ਠੇਕੇਦਾਰ ਦੇ ਰਜਿਸਟਰੇਸ਼ਨ ਸਰਟੀਫਿਕੇਟਾਂ ਦੀਆਂ ਕਾਪੀਆਂ ਪ੍ਰਿੰਟ ਕਰਵਾਉਣ ਵਿਚ ਨਾਕਾਮ ਰਹਿਣ ’ਤੇ ਸੂਬਾ ਟਰਾਂਸਪੋਰਟ ਵਿਭਾਗ ਬਦਲਵੇਂ ਪ੍ਰਬੰਧ ਕਰਨ ਵਿਚ ਨਾਕਾਮ ਰਿਹਾ ਹੈ ਜੋ ਅਤਿਅੰਤ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਟਰੱਕਾਂ ਵਾਲਿਆਂ ਨੂੰ ਪੈ ਰਹੇ ਜ਼ੁਰਮਾਨਿਆਂ ਲਈ ਠੇਕੇਦਾਰ ਨੂੰ ਜ਼ਿੰਮੇਵਾਰ ਮੰਨਿਆ ਜਾਣਾ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਜ਼ਿਲ੍ਹਾ ਟਰਾਂਸਪੋਰਟ ਦਫਤਰਾਂ ਵਿਚ ਖਾਲੀ ਪਈਆਂ ਸਾਰੀਆਂ ਆਸਾਮੀਆਂ ਭਰੀਆਂ ਜਾਣ ਤੇ ਕਿਹਾ ਕਿ ਸਟਾਫ ਦੀ ਘਾਟ ਕਾਰਨ ਲੋਕ ਖੱਜਰ ਖੁਆਰ ਹੋ ਰਹੇ ਹਨ।