ਚੰਡੀਗੜ•/16 ਅਗਸਤ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਦੁਨੀਆਂ ਦੇ ਸਭ ਤੋਂ ਮਹਾਨ ਸਿਆਸਤਦਾਨਾਂ ਵਿਚੋਂ ਇੱਕ ਕਰਾਰ ਦਿੰਦਿਆਂ ਕਿਹਾ ਹੈ ਕਿ ਸ੍ਰੀ ਵਾਜਪਾਈ ਸਭ ਤੋਂ ਵੱਡੇ ਭਾਰਤੀ ਸਿਆਸਤਦਾਨ ਸਨ, ਜਿਹਨਾਂ ਨਾਲ ਉਹਨਾਂ ਨੇ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਭਾਰਤ ਸ੍ਰੀ ਵਾਜਪਾਈ ਨੂੰ ਹਮੇਸ਼ਾਂ ਅਮਨ, ਫਿਰਕੂ ਸਦਭਾਵਨਾ ਅਤੇ ਭਾਰਤ ਦੀ ਅਮੀਰ ਅਖੰਡਤਾ ਦੇ ਚਿੰਨ• ਵਜੋਂ ਯਾਦ ਕਰੇਗਾ। ਉਹਨਾਂ ਨੇ ਭਾਰਤ ਦੀ ਰੂਹ ਦੀ ਪ੍ਰਤੀਨਿਧਤਾ ਕੀਤੀ, ਜਿਹੜੀ ਬਹੁਤ ਘੱਟ ਸਿਆਸਤਦਾਨ ਕਰ ਪਾਏ ਹਨ। ਅੱਜ ਭਾਰਤ ਇੱਕ ਸੰਤ ਸਿਆਸਤਦਾਨ ਅਤੇ ਸ਼ਾਇਦ ਆਪਣੇ ਸਭ ਤੋਂ ਸ਼ਾਨਦਾਰ ਅਤੇ ਨਿਮਰ ਸਪੁੱਤਰ ਗੁਆ ਬੈਠਾ ਹੈ। ਸ੍ਰੀ ਵਾਜਪਾਈ ਦੇ ਜਾਣ ਨਾਲ ਪਏ ਖੱਪੇ ਨੂੰ ਭਰਨ ਵਿਚ ਬਹੁਤ ਜ਼ਿਆਦਾ ਸਮਾਂ ਲੱਗੇਗਾ।
ਉਹਨਾਂ ਕਿਹਾ ਕਿ ਸ੍ਰੀ ਵਾਜਪਾਈ ਇੱਕ ਅਜਿਹੇ ਨਾਇਕ ਸਨ, ਜਿਹਨਾਂ ਨੂੰ ਪਸੰਦ ਕਰਨ ਅਤੇ ਸਰਾਹੁਣ ਤੋਂ ਇਨਕਾਰ ਕਰਨਾ ਉਹਨਾਂ ਦੇ ਵਿਰੋਧੀਆਂ ਲਈ ਵੀ ਮੁਸ਼ਕਿਲ ਸੀ। ਇਸ ਮੁਲਕ ਦੇ ਰਾਜਦੂਤ ਵਜੋਂ ਸ੍ਰੀ ਵਾਜਪਾਈ ਸਾਡੇ ਕੱਟੜ ਦੁਸ਼ਮਣਾਂ ਨੂੰ ਵੀ ਕੀਲ ਲੈਂਦੇ ਸਨ। ਸ਼ਾਂਤੀ ਵਾਸਤੇ ਜਿਹੜਾ ਹੌਂਸਲਾ ਸ੍ਰੀ ਵਾਜਪਾਈ ਨੇ ਵਿਖਾਇਆ ਸੀ, ਬਹੁਤ ਘੱਟ ਆਗੂ ਕਦੇ ਵਿਖਾ ਪਾਉਣਗੇ। ਉਹਨਾਂ ਦੀ ਲਾਹੌਰ ਦੀ ਬੱਸ ਯਾਤਰਾ ਅਤੇ ਕਸ਼ਮੀਰ ਮੁੱਦੇ ਪ੍ਰਤੀ ਉਹਨਾਂ ਦੀ ਪਹੁੰਚ ਇਸ ਹੌਂਸਲੇ ਅਤੇ ਦਲੇਰੀ ਦੀਆਂ ਪ੍ਰਤੀਕ ਸਨ।
ਸਾਬਕਾ ਪ੍ਰਧਾਨ ਮੰਤਰੀ ਨਾਲ ਆਪਣੀ ਲੰਬੇ ਸਮੇਂ ਦੀ ਨੇੜਤਾ ਨੂੰ ਚੇਤੇ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੁਲਕ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਸ੍ਰੀ ਵਾਜਪਾਈ ਨੇ ਜਿਸ ਸੰਜੀਦਗੀ, ਸਬਰ ਅਤੇ ਨਰਮਦਿਲੀ ਵਾਲੀ ਪਹੁੰਚ ਅਪਣਾਈ ਸੀ, ਉਹ ਉਸ ਤੋਂ ਪ੍ਰਭਾਵਿਤ ਸਨ। ਆਪਣੀ ਸਾਦਗੀ, ਹਮਦਰਦੀ ਅਤੇ ਮਨੁੱਖਤਾਵਾਦੀ ਨਜ਼ਰੀਏ ਨਾਲ ਸ੍ਰੀ ਵਾਜਪਾਈ ਅੰਦਰ ਅਸੰਭਵ ਲੱਗਣ ਵਾਲੀਆਂ ਸਮੱਸਿਆਵਾਂ ਨੂੰ ਵੀ ਹੱਲ ਕਰਨ ਦੀ ਸਮਰੱਥਾ ਸੀ। ਉਹਨਾਂ ਨੇ ਸਾਨੂੰ ਸਿਖਾਇਆ ਸੀ ਕਿ ਕਿਸ ਤਰ•ਾਂ ਸਿਆਸਤ ਅੰਦਰ ਵੀ ਪਿਆਰ, ਆਪਸੀ ਸਮਝ, ਸੰਜਮ ਅਤੇ ਅਟੁੱਟ ਸਬਰ ਵਰਗੀਆਂ ਮਨੁੱਖੀ ਭਾਵਨਾਵਾਂ ਦੀ ਕਿੰਨੀ ਅਹਿਮੀਅਤ ਹੁੰਦੀ ਹੈ। ਉਹ ਸਾਡੇ ਮੁਲਕ ਅਤੇ ਲੋਕਾਂ ਦੀ ਮਾਨਸਿਕਤਾ ਉੱਤੇ ਡੂੰਘੀ ਛਾਪ ਛੱਡ ਗਏ ਹਨ।
ਮਹਰੂਮ ਪ੍ਰਧਾਨ ਮੰਤਰੀ ਨੂੰ ਨਿੱਘੀ ਸ਼ਰਧਾਂਜ਼ਲੀ ਭੇਂਟ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸ੍ਰੀ ਵਾਜਪਾਈ ਦੇ ਚਲੇ ਜਾਣ ਨਾਲ ਭਾਰਤ ਦੀ ਕੌਮੀ ਸਿਆਸਤ ਦੇ ਇੱਕ ਯੁੱਗ ਅਤੇ ਬੇਸ਼ੁਮਾਰ ਰੰਗਾਂ ਦਾ ਇੱਕ ਪ੍ਰਭਾਵਸ਼ਾਲੀ ਸੰਗਮ ਬਣਾਉਣ ਵਾਲੀ ਸਾਡੀ ਸਮਾਜਿਕ ਅਤੇ ਰਾਸ਼ਟਰੀ ਪਹਿਚਾਣ ਦਾ ਅੰਤ ਹੋ ਗਿਆ ਹੈ।
ਸਰਦਾਰ ਬਾਦਲ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।