ਚੰਡੀਗੜ੍ਹ/05 ਅਗਸਤ:ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਦੇ ਪ੍ਰਧਾਨ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਅੰਦਰ ਚੱਲ ਰਹੇ ਕਾਟੋ ਕਲੇਸ਼ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਸਰੋਕਾਰ ਨਹੀਂ ਹੈ, ਪਰੰਤੂ ਆਪ ਦੇ ਬਾਗੀ ਆਗੂ ਸੁਖਪਾਲ ਖਹਿਰਾ ਦੀ ਦਲਿਤ ਭਾਈਚਾਰੇ ਦਾ ਅਪਮਾਨ ਕਰਨ ਵਾਲੀ ਦਲਿਤ-ਵਿਰੋਧੀ ਸੋਚ ਨੂੰ ਪਾਰਟੀ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕਰੇਗੀ।
ਇੱਥੇ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਵਿਚ ਸਰਦਾਰ ਰਣੀਕੇ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਖੁੱਸਣ ਦਾ ਗੁੱਸਾ ਕੱਢਣ ਵਾਸਤੇ ਸਮੁੱਚੇ ਦਲਿਤ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀ ਸ਼ਰਮਨਾਕ ਹਰਕਤ ਕੀਤੀ ਹੈ। ਉਹਨਾਂ ਕਿਹਾ ਕਿ ਖੁਦ ਨੂੰ ਲੋਕ ਪੱਖੀ ਆਗੂ ਅਖਵਾਉਣ ਦਾ ਢਕਵੰਜ ਰਚਣ ਵਾਲੇ ਖਹਿਰਾ ਦਾ ਅਸਲੀ ਚਿਹਰਾ ਉਸ ਸਮੇਂ ਇਕਦਮ ਸਾਹਮਣੇ ਆ ਗਿਆ, ਜਦੋਂ ਆਪ ਦੀ ਲੀਡਰਸ਼ਿਪ ਨੇ ਉਸ ਤੋਂ ਵਿਰੋਧੀ ਆਗੂ ਦਾ ਅਹੁਦਾ ਖੋਹ ਕੇ ਇੱਕ ਦਲਿਤ ਆਗੂ ਹਰਪਾਲ ਸਿੰਘ ਚੀਮਾ ਨੂੰ ਦੇ ਦਿੱਤਾ। ਉਹਨਾਂ ਕਿਹਾ ਕਿ ਅਹੁਦਾ ਖੁੱਸਦੇ ਹੀ ਜਗੀਰੂ-ਸੋਚ ਦੇ ਮਾਲਕ ਖਹਿਰਾ ਵੱਲੋਂ 'ਭਾਬੀ' ਵਰਗੀ ਸ਼ਬਦਾਵਲੀ ਵਰਤ ਕੇ ਦਲਿਤਾਂ ਖ਼ਿਲਾਫ ਕੀਤੀਆਂ ਘਟੀਆ ਟਿੱਪਣੀਆਂ ਨਾਲ ਪੰਜਾਬ ਦੇ ਸਮੁੱਚੇ ਦਲਿਤ ਭਾਈਚਾਰੇ ਨੂੰ ਡਾਢੀ ਠੇਸ ਪਹੁੰਚੀ ਹੈ। ਖਹਿਰਾ ਨੂੰ ਆਪਣੀ ਇਸ ਕੋਝੀ ਹਰਕਤ ਲਈ ਤੁਰੰਤ ਸਮੁੱਚੇ ਦਲਿਤ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਆਪ ਆਗੂ ਦੇ ਦਲਿਤ-ਵਿਰੋਧੀ ਵਤੀਰੇ ਦੀ ਸਖ਼ਤ ਨਿਖੇਧੀ ਕਰਦਿਆਂ ਸਰਦਾਰ ਰਣੀਕੇ ਨੇ ਕਿਹਾ ਕਿ ਦਲਿਤਾਂ ਅਤੇ ਗਰੀਬ ਤਬਕਿਆਂ ਪ੍ਰਤੀ ਘ੍ਰਿਣਾ ਦੀ ਭਾਵਨਾ ਰੱਖਣ ਵਾਲਾ ਵਿਅਕਤੀ ਕਦੇ ਵੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਨੁੰਮਾਇਦਗੀ ਨਹੀਂ ਕਰ ਸਕਦਾ। ਉਹਨਾਂ ਕਿਹਾ ਹੈ ਕਿ ਖਹਿਰਾ ਦੇ ਦਿਮਾਗ ਅੰਦਰ ਜਾਤੀਵਾਦ ਦਾ ਜ਼ਹਿਰ ਭਰਿਆ ਹੋਇਆ ਹੈ, ਜਿਸ ਕਰਕੇ ਉਹ ਦਲਿਤਾਂ ਅਤੇ ਗਰੀਬ ਤਬਕਿਆਂ ਪ੍ਰਤੀ ਨਫਰਤ ਦੀ ਭਾਵਨਾ ਰੱਖਦਾ ਹੈ। ਉਹਨਾਂ ਨੇ ਖਹਿਰਾ ਨੂੰ 'ਦਲਬਦਲੂਆਂ ਦਾ ਸਰਦਾਰ' ਕਰਾਰ ਦਿੰਦਿਆਂ ਕਿਹਾ ਕਿ ਜਿੰਨੀ ਛੇਤੀ ਖਹਿਰਾ ਸਿਆਸੀ ਪਾਰਟੀ ਅਤੇ ਵਿਚਾਰਧਾਰਾ ਬਦਲ ਲੈਂਦਾ ਹੈ, ਪੰਜਾਬ ਦਾ ਕੋਈ ਹੋਰ ਆਗੂ ਉਸ ਦੀ ਰੀਸ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਖਹਿਰੇ ਵਰਗਾ 'ਥਾਲੀ ਦਾ ਬੈਂਗਣ' ਵੀ ਦਲਿਤਾਂ ਬਾਰੇ ਅਪਮਾਨਜਨਕ ਟਿੱਪਣੀਆਂ ਕਰ ਰਿਹਾ ਹੈ।
ਖਹਿਰਾ ਨੂੰ ਦਲਿਤ ਭਾਈਚਾਰੇ ਬਾਰੇ ਵਰਤੀ ਮੰਦੀ ਸ਼ਬਦਾਵਲੀ ਲਈ ਤੁਰੰਤ ਮੁਆਫੀ ਮੰਗਣ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਜੇਕਰ ਆਪ ਆਗੂ ਨੇ ਤੁਰੰਤ ਦਲਿਤ ਸਮਾਜ ਕੋਲੋਂ ਮੁਆਫੀ ਨਾ ਮੰਗੀ ਤਾਂ ਅਕਾਲੀ ਦਲ ਦੀ ਅਗਵਾਈ ਵਿਚ ਦਲਿਤ ਭਾਈਚਾਰੇ ਵੱਲੋਂ ਖਹਿਰਾ ਵਿਰੁੱਧ ਰਾਜ ਭਰ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਉਸ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਉੁਹਨਾਂ ਨਾਲ ਆਦਮਪੁਰ ਦੇ ਵਿਧਾਇਕ ਸ੍ਰੀ ਪਵਨ ਕੁਮਾਰ ਟੀਨੂੰ, ਸ੍ਰੀ ਸੋਹਣ ਸਿੰਘ ਠੰਡਲ,ਰਿਟਾਇਰਡ ਜਸਟਿਸ ਨਿਰਮਲ ਸਿੰਘ , ਦਰਸ਼ਨ ਸਿੰਘ ਕੋਟ ਕਰਾਰ ਅਤੇ ਸੁਖਵਿੰਦਰ ਸਿੰਘ ਮੂਨਕ ਹਾਜ਼ਰ ਸਨ।