ਤਿੰਨ ਦਿਨਾਂ ਵਿਚ ਕਾਰਵਾਈ ਨਾ ਹੋਈ ਤਾਂ ਅਦਾਲਤ ਦਾ ਰੁੱਖ ਕਰਾਂਗੇ : ਬੈਂਸ
ਪਾਰਟੀ 15 ਨੁੰ ਜਾਰੀ ਕਰੇਗੀ ਆਪਣਾ ਚੋਣ ਮਨੋਰਥ ਪੱਤਰ
ਚੰਡੀਗੜ੍ਹ, 13 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੁੰ ਕਿਹਾ ਹੈ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਦਲ ਦੇ ਵੋਟਰਾਂ ਨੁੰ ਆਮ ਆਦਮੀ ਪਾਰਟੀ ਨੁੰ ਵੋਟ ਦੇਣ ਦੇ ਮਾਮਲੇ ਵਿਚ ਕੀਤੀ ਗਈ ਚੋਣ ਧਾਂਦਲੀ ਦੇ ਮਾਮਲੇ ਵਿਚ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਕਾਰਵਾਈ ਕਰੇ ਅਤੇ ਜੇਕਰ ਤਿੰਨ ਦਿਨਾਂ ਦੇ ਅੰਦਰ ਅੰਦਰ ਕਾਰਵਾਈ ਨਾ ਕੀਤੀ ਗਈ ਤਾਂ ਪਾਰਟੀ ਅਦਾਲਤ ਦਾ ਰੁੱਖ ਕਰੇਗੀ।
ਅੱਜ ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਪਾਰਟੀ ਨੇ ਪੰਜਾਬ ਦੇ ਮੁੱਖ ਚੋਣ ਅਫਸਰ ਦੇ ਰਾਹੀਂ ਭਾਰਤ ਦੇ ਚੋਣ ਕਮਿਸ਼ਨ ਨੁੰ ਲਿਖਤੀ ਨੋਟਿਸ ਦੇ ਕੇ ਇਸ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਵਾਸਤੇ ਵੱਖਰੀ ਵੀਡੀਓ ਭੇਜੀ ਸੀ ਜਦੋਂ ਕਿ ਟੀ ਵੀ ਚੈਨਲਾਂ ਅਤੇ ਸੋਸ਼ਲ ਮੀਡੀਆ 'ਤੇ ਜੋ ਵੀਡੀਓ ਚਲਾਈ ਗਈ, ਉਹ ਪ੍ਰਵਾਨਤ ਵੀਡੀਓ ਨਾਲੋਂ ਵੱਖਰੀ ਸੀ। ਇਸ ਲਈ ਅਜਿਹਾ ਕਰ ਕੇ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੇ ਭਾਰਤ ਦੀ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਤੇ ਧਾਰਾ 123 ਤਹਿਤ ਆਮ ਆਦਮੀ ਪਾਰਟੀ ਦੀ ਮਾਨਤਾ ਰੱਦ ਹੋਣੀ ਚਾਹੀਦੀਹੈ ਤੇ ਪਾਰਟੀ ਦੇ ਉਮੀਦਵਾਰਾਂ 'ਤੇ ਛੇ ਸਾਲ ਲਈ ਚੋਣ ਲੜਨ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੁੰ 17 ਫਰਵਰੀ ਤੱਕ ਕਾਰਵਾਈ ਕਰਨ ਵਾਸਤੇ ਤਿੰਨ ਦਿਨ ਦਾ ਨੋਟਿਸ ਦਿੱਤਾ ਹੈ ਅਤੇ ਜੇਕਰ ਤਿੰਨ ਦਿਨਾਂ ਵਿਚ ਕਾਰਵਾਈ ਨਾ ਹੋਈ ਤਾਂ ਪਾਰਟੀ ਅਦਾਲਤ ਦਾ ਰੁੱਖ ਕਰੇਗੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਕਿ ਆਮ ਆਦਮੀ ਪਾਰਟੀ ਅਤੇ ਇਸਦੇ ਆਗੂ ਨੇ ਚੋਣ ਕਮਿਸ਼ਨ ਨਾਲ ਹੀ ਧੋਖਾ ਕੀਤਾ ਹੈ ਤੇ ਇਸਦੇ ਸਬੂਤ ਖੁਦ ਕਮਿਸ਼ਨ ਕੋਲ ਮੌਜੂਦ ਹਨ, ਇਸ ਲਈ ਇਸ ਮਾਮਲੇ ਵਿਚ ਕਾਰਵਾਈ ਕਰਨੀਬਣਦੀ ਹੈ।
ਅਕਾਲੀ ਦਲ ਦੇ ਚੋੋਣ ਮਨੋਰਥ ਪੱਤਰ ਦੀ ਗੱਲ ਕਰਦਿਆਂ ਸ੍ਰੀ ਬੈਂਸ ਨੇ ਇਹ ਵੀ ਦੱਸਿਆ ਕਿ ਪਾਰਟੀ ਆਪਣਾ ਚੋਣ ਮਨੋਰਥ ਪੱਤਰ 15 ਫਰਵਰੀ ਨੁੰ ਜਾਰੀ ਕਰੇਗੀ। ਉਹਨਾਂ ਦੱਸਿਆ ਕਿ ਇਹ ਚੋਣ ਮਨੋਰਥ ਪੱਤਰ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਆਗੂ ਰਿਲੀਜ਼ ਕਰਨਗੇ।