ਸਕੂਲ ਦੀਆਂ ਕਿਤਾਬਾਂ ਵਿਚੋਂ ਸਿੱਖ ਇਤਿਹਾਸ ਗਾਇਬ ਕਰਨ ਦਾ ਮਾਮਲਾ
ਸੁਖਬੀਰ ਨੇ ਮੁੱਖ ਮੰਤਰੀ ਨੂੰ 11ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਪੇਸ਼ ਕਰਨ ਲਈ ਆਖਿਆ
ਚੰਡੀਗੜ•/29 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ 11ਵੀ ਕਲਾਸ ਦੀ ਨਵੀਂ ਇਤਿਹਾਸ ਦੀ ਕਿਤਾਬ ਮੀਡੀਆ ਸਾਹਮਣੇ ਪੇਸ਼ ਕਰਨ ਤਾਂ ਕਿ ਉਹਨਾਂ ਵੱਲੋਂ ਕੀਤੇ ਇਸ ਦਾਅਵੇ ਦੀ ਪੁਸ਼ਟੀ ਹੋ ਸਕੇ ਕਿ 12ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਵਿਚੋਂ ਸਿੱਖ ਇਤਿਹਾਸ ਬਾਰੇ ਸਿਲੇਬਸ ਗਾਇਬ ਨਹੀਂ ਕੀਤਾ, ਸਗੋਂ ਇਸ ਸਿਲੇਬਸ ਨੂੰ ਤਬਦੀਲ ਕਰਕੇ 11ਵੀ ਕਲਾਸ ਦੀ ਪੁਸਤਕ ਵਿਚ ਸ਼ਾਮਿਲ ਕੀਤਾ ਹੈ। ਸਰਦਾਰ ਬਾਦਲ ਨੇ ਕਿਹਾ ਕਿ ਮੈਂ ਅੱਜ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਾ ਹਾਂ ਕਿ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਅਧਿਕਾਰੀ ਸਿਲੇਬਸ ਵਿਚੋਂ ਸਿੱਖ ਇਤਿਹਾਸ ਨੂੰ ਗਾਇਬ ਕਰਨ ਦੀ ਗਲਤੀ ਕੱਜਣ ਵਾਸਤੇ ਹੁਣ ਨਵੀਂ ਕਿਤਾਬ ਛਾਪ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਨ, ਉਹ ਤੁਰੰਤ ਸਿੱਖ ਇਤਿਹਾਸ ਦੇ ਸਾਰੇ ਪੁਰਾਣੇ ਚੈਪਟਰਾਂ ਵਾਲੀ ਨਵੀਂ ਕਿਤਾਬ ਸਾਰਿਆਂ ਨਾਲ ਸਾਂਝੀ ਕਰਨ।
ਸਰਦਾਰ ਬਾਦਲ ਸੂਬੇ ਦੇ ਸਿੱਖਿਆ ਬੋਰਡ ਦੀ 12ਵੀਂ ਕਲਾਸ ਦੇ ਸਿਲੇਬਸ ਵਿਚੋਂ ਸਿੱਖ ਇਤਿਹਾਸ ਨੂੰ ਗਾਇਬ ਕਰਨ ਬਾਰੇ ਸ਼੍ਰੋਮਣੀ ਅਕਾਲੀ ਦਲ ਦੁਆਰਾ ਲਾਏ ਦੋਸ਼ਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਟਿੱਪਣੀ ਦਾ ਜੁਆਬ ਦੇ ਰਹੇ ਸਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਬੋਰਡ ਦੇ ਸਿਲੇਬਸ ਵਿਚੋਂ ਕੋਈ ਵੀ ਚੈਪਟਰ ਹਟਾਇਆ ਨਹੀਂ ਗਿਆ ਹੈ ਅਤੇ ਐਨਸੀਈਆਰਟੀ ਦੇ ਨਿਰਦੇਸ਼ਾਂ ਅਨੁਸਾਰ ਇਹ ਚੈਪਟਰਾਂ ਨੂੰ 12ਵੀ ਕਲਾਸ ਦੇ ਸਿਲੇਬਸ ਵਿਚੋਂ ਕੱਢ ਕੇ 11ਵੀਂ ਕਲਾਸ ਦੇ ਸਿਲੇਬਸ ਵਿਚ ਪਾ ਦਿੱਤਾ ਗਿਆ ਹੈ।
ਸਰਦਾਰ ਬਾਦਲ ਨੇ ਅਕਾਲੀ ਦਲ ਵੱਲੋਂ ਲਾਏ ਦੋਸ਼ ਸੰਬੰਧੀ ਮੁੱਖ ਮੰਤਰੀ ਦੇ ਖੰਡਨ ਨੂੰ ਬਿਲਕੁੱਲ ਹੀ ਗਲਤ ਅਤੇ ਗੁੰਮਰਾਹਕੁਨ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਦਾ ਹੁਕਮ ਦੇਣ ਚਾਹੀਦਾ ਸੀ ਨਾ ਕਿ ਇਸ ਗਲਤੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਗੱਲ ਸੁਣ ਕੇ ਗਲਤ ਬਿਆਨਬਾਜ਼ੀ ਕਰਨੀ ਚਾਹੀਦੀ ਸੀ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਸਿੱਖ ਇਤਿਹਾਸ ਨੂੰ ਧੁੰਦਲਾ ਕਰਨ ਅਤੇ ਆਉਣ ਵਾਲੀਆਂ ਪੀੜ•ੀਆਂ ਨੂੰ ਇਸ ਤੋਂ ਵਾਂਝੇ ਕਰਨ ਦੀ ਸਾਜ਼ਿਸ਼ ਨੂੰ ਰੋਕਣ ਲਈ ਇਸ ਬਾਰੇ ਜਾਂਚ ਦਾ ਹੁਕਮ ਦੇਣ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਮੁੱਦੇ ਉੱਤੇ ਜਲਦਬਾਜ਼ੀ ਵਿਚ ਬਿਆਨ ਦੇਣ ਦੀ ਥਾਂ ਪਹਿਲਾਂ ਸੰਬੰਧਿਤ ਕਲਾਸਾਂ ਦੀ ਦੋਵੇਂ ਨਵੀਆਂ ਅਤੇ ਪੁਰਾਣੀਆਂ ਕਿਤਾਬਾਂ ਮੰਗਵਾ ਕੇ ਉਹਨਾਂ ਦੀ ਤੁਲਨਾ ਕਰਨੀ ਚਾਹੀਦੀ ਸੀ। ਇਸ ਨਾਲ ਉਹਨਾਂ ਨੇ ਹੁਣ ਹੋਣ ਵਾਲੀ ਨਮੋਸ਼ੀ ਤੋਂ ਬਚ ਜਾਣਾ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦਾ ਇਹ ਦਾਅਵਾ ਕਿ ਸਿੱਖ ਇਤਿਹਾਸ ਨੂੰ 12ਵੀਂ ਕਲਾਸ ਦੇ ਸਿਲੇਬਸ ਵਿਚੋਂ ਕੱਢ ਕੇ 11ਵੀਂ ਕਲਾਸ ਦੇ ਸਿਲੇਬਸ ਵਿਚ ਪਾ ਦਿੱਤਾ ਗਿਆ ਹੈ, ਬਿਲਕੁੱਲ ਹੀ ਗਲਤ ਹੈ।
ਸਰਦਾਰ ਬਾਦਲ ਨੇ ਇਹ ਨੁਕਤਾ ਵੀ ਉਠਾਇਆ ਕਿ 12ਵੀਂ ਕਲਾਸ ਦੇ ਪੁਰਾਣੇ ਸਿਲੇਬਸ ਵਿਚ 23 ਵੱਡੇ ਚੈਪਟਰ ਸਨ ਅਤੇ ਇਹਨਾਂ ਚੈਪਟਰਾਂ ਵਿਚ ਹਰ ਗੁਰੂ ਸਾਹਿਬਾਨ ਬਾਰੇ ਅਤੇ ਬੰਦਾ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮਿਆਂ ਦੇ ਸਿੱਖ ਇਤਿਹਾਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ ਸੀ। ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਦਿੱਤੇ ਚੈਪਟਰ ਵਿਚ ਚਾਰੇ ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ ਹੋਈ ਸੀ। ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਕਹਿੰਦੇ ਹਨ ਕਿ ਐਨਸੀਈਆਰਟੀ ਦੇ ਸਿਲੇਬਸ ਮੁਤਾਬਿਕ ਸਿੱਖ ਇਤਿਹਾਸ ਬਾਰੇ 12ਵੀਂ ਕਲਾਸ ਦੇ ਸਿਲੇਬਸ 'ਚ ਸ਼ਾਮਿਲ ਸਾਰੇ ਚੈਪਟਰ ਬਦਲ ਕੇ 11ਵੀਂ ਕਲਾਸ ਦੇ ਸਿਲੇਬਸ ਵਿਚ ਪਾ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਜੇਕਰ ਇਹ ਦਾਅਵਾ ਸੱਚਾ ਹੁੰਦਾ ਤਾਂ ਸਾਰੇ 23 ਚੈਪਟਰ 11ਵੀਂ ਕਲਾਸ ਦੇ ਸਿਲੇਬਸ ਵਿਚ ਹੋਣੇ ਚਾਹੀਦੇ ਹਨ। ਪਰ ਅਜਿਹਾ ਨਹੀਂ ਹੈ। ਇਸ ਦੀ ਥਾਂ 11ਵੀਂ ਕਲਾਸ ਵਿਚ ਸਿੱਖ ਇਤਿਹਾਸ ਬਾਰੇ ਸਿਰਫ 5 ਚੈਪਟਰ ਪਾਏ ਗਏ ਹਨ ਜਦਕਿ 12ਵੀਂ ਕਲਾਸ ਦੇ ਸਿਲੇਬਸ ਵਿਚ 23 ਚੈਪਟਰ ਸਨ। ਇਹਨਾਂ ਪੰਜ ਚੈਪਟਰਾਂ ਵਿਚ ਵੀ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਬਾਰੇ ਵਿਸਥਾਰ ਵਿਚ ਜਾਣਕਾਰੀ ਦੇਣ ਦੀ ਥਾਂ ਸੰਖੇਪ ਜਿਹੀ ਜਾਣਕਾਰੀ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਜਿੱਥੋਂ ਤਕ ਕਿ ਸਿੱਖ ਇਤਿਹਾਸ ਨੂੰ ਦਿੱਤੀ ਥਾਂ ਦਾ ਮਸਲਾ ਹੈ, ਪੁਰਾਣੀ 11ਵੀਂ ਕਲਾਸ ਦੇ ਸਿਲਬੇਸ ਵਿਚ ਸਿੱਖ ਇਤਿਹਾਸ ਨੂੰ ਇੰਨੀ ਥਾਂ ਹੀ ਦਿੱਤੀ ਗਈ ਸੀ, ਜਿੰਨੀ ਨਵੇਂ ਸਿਲੇਬਸ ਨੇ ਦਿੱਤੀ ਹੈ। ਪਰ 12ਵੀਂ ਕਲਾਸ ਵਿਚ ਸਿੱਖ ਇਤਿਹਾਸ ਤੋਂ ਇਲਾਵਾ ਦਿੱਤੇ 23 ਚੈਪਟਰਾਂ ਨੂੰ 11ਵੀ ਕਲਾਸ ਵਿਚੋਂ ਪੂਰੀ ਤਰ•ਾਂ ਗਾਇਬ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਦੇ ਦਾਅਵਿਆਂ ਉੱਤੇ ਯਕੀਨ ਕੀਤਾ ਜਾਵੇ ਤਾਂ ਸਿੱਖ ਇਤਿਹਾਸ ਉੱਤੇ ਇਸ ਕਿਤਾਬ ਵਿਚ 28 ਚੈਪਟਰ ਹੋਣੇ ਚਾਹੀਦੇ ਹਨ। ਜੋ ਕਿ 11ਵੀਂ ਅਤੇ 12ਵੀਂ ਕਲਾਸ ਦੇ ਪੁਰਾਣੇ ਸਾਂਝੇ ਸਿਲੇਬਸ ਦਾ ਕੁੱਲ ਚੈਪਟਰਾਂ ਦੀ ਗਿਣਤੀ ਬਣਦੀ ਹੈ। ਪਰ ਤੱਥ ਇਹ ਹੈ ਇਹਨਾਂ ਚੈਪਟਰਾਂ ਦੀ ਗਿਣਤੀ ਸਿਰਫ 6 ਹੈ।
ਉਹਨਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਵਿਦਿਆਰਥੀਆਂ ਦੇ ਕਰੀਅਰ ਵਿਚ 11ਵੀਂ ਦੇ ਮੁਕਾਬਲੇ 12ਵੀਂ ਕਲਾਸ ਦੀ ਵਧੇਰੇ ਅਹਿਮੀਅਤ ਹੁੰਦੀ ਹੈ। ਇਸ ਲਈ ਜੇਕਰ ਇਹਨਾਂ ਚੈਪਟਰਾਂ ਨੂੰ 12ਵੀਂ ਕਲਾਸ ਤੋਂ 11ਵੀ ਕਲਾਸ ਵਿਚ ਤਬਦੀਲ ਕੀਤਾ ਗਿਆ ਹੈ, ਜੋ ਕਿ ਅਜਿਹਾ ਨਹੀਂ ਕੀਤਾ ਗਿਆ, ਤਾਂ ਵੀ ਇਹ ਇਹਨਾਂ ਚੈਪਟਰਾਂ ਦੀ ਅਹਿਮੀਅਤ ਨੂੰ ਘਟਾਉਣ ਵਾਲੀ ਗੱਲ ਹੋਵੇਗੀ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਹੁਣ ਵੀ ਸੰਬੰਧਿਤ ਕਲਾਸਾਂ ਦੀਆਂ ਪੁਰਾਣੀਆਂ ਅਤੇ ਨਵੀਆਂ ਕਿਤਾਬਾਂ ਮੰਗਵਾ ਕੇ ਖੁਦ ਵੇਖਣ ਕਿ ਕਿਸ ਤਰ•ਾਂ ਉਹਨਾਂ ਦੇ ਅਧਿਕਾਰੀਆਂ ਨੇ ਸਿੱਖ ਇਤਿਹਾਸ ਨੂੰ ਬੇਦਰਦੀ ਨਾਲ ਛਾਂਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਮੁੱਦੇ ਉੱਤੇ ਹੋਰ ਬਿਆਨਬਾਜ਼ੀ ਕਰਨ ਦੀ ਥਾਂ ਦੋਵੇਂ ਕਿਤਾਬਾਂ ਦੀ ਇਤਿਹਾਸਕਾਰਾਂ ਅਤੇ ਮਾਹਿਰਾਂ ਤੋਂ ਵੀ ਪਰਖ ਕਰਵਾਉਣੀ ਚਾਹੀਦੀ ਹੈ।