ਚੰਡੀਗੜ੍ਹ, 9 ਜੂਨ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਕੈਨੇਡਾ ਦੇ ਐਨ ਆਰ ਆਈ ਵੱਲੋਂ ਉਹਨਾਂ ਦੇ ਘਰ ’ਤੇ ਗੈਰ ਕਾਨੂੰਨੀ ਤੌਰ ’ਤੇ ਕਬਜ਼ਾ ਕਰਨ ਦੀ ਕੀਤੀ ਸ਼ਿਕਾਇਤ ’ਤੇ ਜਗਰਾਓਂ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਜੀਤ ਕੌਰ ਮਾਣੂਕੇ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਜਾਏ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਨ ਅਤੇ ਵਿਧਾਇਕ ਖਿਲਾਫ ਕੇਸ ਦਰਜ ਕਰ ਕੇ ਗੈਰ ਕਾਨੂੰਨੀ ਕਾਬਜ਼ਕਾਰਾਂ ਤੋਂ ਘਰ ਖਾਲੀ ਕਰਵਾਉਣ ਦੇ, ਪੰਜਾਬ ਪੁਲਿਸ ਮਾਮਲੇ ਨੂੰ ਦੱਬ ਕੇ ਬੈਠੀ ਹੈ। ਉਹਨਾਂ ਕਿਹਾ ਕਿ ਇਸ ਨਾਲ ਐਨ ਆਰ ਆਈ ਭਾਈਚਾਰੇ ਲਈ ਗਲਤ ਸੰਦੇਸ਼ ਗਿਆ ਹੈ ਕਿ ਉਹਨਾਂ ਦੀਆਂ ਪੰਜਾਬ ਵਿਚ ਜ਼ਮੀਨਾਂ ਤੇ ਜਾਇਦਾਦ ਸੁਰੱਖਿਅਤ ਨਹੀਂ ਹੈ ਖਾਸ ਤੌਰ ’ਤੇ ਸੱਤਾਧਾਰੀ ਪਾਰਟੀ ਦੇ ਲੋਕ ਅਜਿਹਾ ਕਰ ਰਹੇ ਹਨ।
ਪੰਜਾਬ ਦੇ ਡੀ ਜੀ ਪੀ ਅਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਕੇਸ ਵਿਚ ਕਾਰਵਾਈ ਲਈ ਦੇਰੀ ਦਾ ਕਾਰਣ ਦੱਸਣ ਲਈ ਆਖਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਨ ਆਰ ਆਈ ਅਮਰਜੀਤ ਕੌਰ ਨੇ ਡੀ ਜੀ ਪੀ ਦੇ ਨਾਲ ਨਾਲ ਐਨ ਆਰ ਆਈ ਮੰਤਰੀ ਦਾ ਵੀ ਕੁੰਡਾ ਖੜਕਾਇਆ ਸੀ ਪਰ ਹੁਣ ਤੱਕ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਆਪ ਸਰਕਾਰ ਨੂੰ ਐਨ ਆਰ ਆਈਜ਼ ਦੀ ਭਲਾਈ ਬਾਰੇ ਕੋਈ ਪਰਵਾਹ ਨਹੀਂ ਹੈ।
ਮਾਮਲੇ ਦੇ ਵੇਰਵੇ ਸਾਂਝੇ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਜਗਰਾਓਂ ਦੇ ਆਪ ਵਿਧਾਇਦ ਦੇ ਗੁੰਡੇ ਨਾ ਸਿਰਫ ਜਗਰਾਓਂ ਵਿਚ ਐਨ ਆਰ ਆਈ ਅਮਰਜੀਤ ਕੌਰ ਦੀ ਰਿਹਾਇਸ਼ ਗੈਰ ਕਾਨੂੰਨੀ ਤੌਰ ’ਤੇ ਦੱਬ ਕੇ ਬੈਠੇ ਹਨ ਬਲਕਿ ਉਹ ਘਰ ਦਾ ਨਵੀਨੀਕਰਨ ਵੀ ਕਰ ਰਹੇ ਹਨ ਅਤੇ ਐਨ ਆਰ ਆਈ ਦਾ ਸਮਾਨ ਆਪਣੀ ਮਰਜ਼ੀ ਮੁਤਾਬਕ ਵੇਚ ਰਹੇ ਹਨ। ਉਹਨਾਂ ਕਿਹਾ ਕਿ ਈ ਮੇਲ ’ਤੇ ਭੇਜੀਆਂ ਸ਼ਿਕਾਇਤਾਂ ਪੰਜਾਬ ਪੁਲਿਸ ਦੇ ਬੋਲੇ ਕੰਨਾ ’ਤੇ ਪਈਆ ਹਨ ਤੇ ਉਹ ਗੁੰਡਿਆਂ ਖਿਲਾਫ ਕਾਰਵਾਈ ਨਹੀਂ ਕਰ ਰਹੀ ਜਿਸ ਕਾਰਨ ਐਨ ਆਰ ਆਈ ਨੂੰ ਮਜਬੂਰ ਹੋ ਕੇ ਜਗਰਾਓਂ ਆਉਣਾ ਪਿਆ ਹਾਲਾਂਕਿ ਉਹਨਾਂ ਦੀ ਸਿਹਤ ਖਰਾਬ ਸੀ ਤੇ ਫਿਰ ਉਹਨਾਂ ਲੁਧਿਆਣਾ ਦਿਹਾਤੀ ਪੁਲਿਸ ਨੂੰ ਸ਼ਿਕਾਇਤ ਦਿੱਤੀ।
ਡੀ ਜੀ ਪੀ ਨੂੰ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਕ ਉਦਾਹਰਣ ਪੇਸ਼ ਕੀਤੀ ਜਾਣੀ ਚਾਹੀਦੀ ਹੈ ਕਿ ਪੰਜਾਬ ਵਿਚ ਐਨ ਆਰ ਆਈਜ਼ ਦੀਆਂ ਜਾਇਦਾਦਾਂ ਸੁਰੱਖਿਅਤ ਹਨ। ਉਹਨਾਂ ਕਿਹਾ ਕਿ ਵਿਧਾਇਕ ਅਤੇ ਉਸਦੇ ਗੁੰਡਿਆਂ ਖਿਲਾਫ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਜਿਹਨਾਂ ਨੇ ਘਰ ’ਤੇ ਕਬਜ਼ਾ ਕੀਤਾ ਅਤੇ ਕਾਨੂੰਨ ਅਨੁਸਾਰ ਉਹਨਾਂ ਨੂੰ ਘਰ ਵਿਚੋਂ ਬਾਹਰ ਕੱਢ ਕੇ ਘਰ ਇਸਦੇ ਅਸਲ ਮਾਲਕ ਹਵਾਲੇ ਕੀਤਾ ਜਾਣਾ ਚਾਹੀਦਾ ਹੈ।