ਸੁਖਬੀਰ ਸਿੰਘ ਬਾਦਲ ਵੱਲੋਂ ਕਿਸਾਨ ਵਿਰੋਧੀ ਭਾਜਪਾ-ਆਪ ਗਠਜੋੜ ਦੀ ਸਖ਼ਤ ਨਿਖੇਧੀ
ਬੰਗਾ/ਨਵਾਂਸ਼ਹਿਰ, 4 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਕਿਸਾਨ ਵਿਰੋਧੀ ਗਠਜੋੜ ਦੀ ਨਿਖੇਧੀ ਕੀਤੀ ਹੈ ਜੋ ਲਗਾਤਾਰ ਕਿਸਾਨਾਂ ਨੂੰ ਨਿਆਂ ਦੇਣ ਤੋਂ ਇਨਕਾਰੀ ਹੈ ਅਤੇ ਜਿਸ ਕਾਰਣ ਅੱਜ ਪਟਿਆਲਾ ਜ਼ਿਲ੍ਹੇ ਵਿਚ ਇਕ ਕਿਸਾਨ ਦੀ ਮੌਤ ਹੋ ਗਈ ਹੈ।
ਅੱਜ ਪਟਿਆਲਾ ਜ਼ਿਲ੍ਹੇ ਵਿਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖਿਲਾਫ ਰੋਸ ਪ੍ਰਗਟ ਕਰਨ ਵੇਲੇ ਕਿਸਾਨ ਸੁਰਿੰਦਰਪਾਲ ਸਿੰਘ ਦੀ ਮੌਤ ਹੋਣ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਜਪਾ ਤੇ ਆਪ ਨੇ ਕਿਸਾਨਾਂ ਖਿਲਾਫ ਗਠਜੋੜ ਕਰ ਲਿਆ ਹੈ ਤੇ ਉਹਨਾਂ ਨੂੰ ਨਿਆਂ ਦੇਣ ਤੋਂ ਇਨਕਾਰੀ ਹਨ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਪੰਜਾਬ ਵਿਚ ਕਿਸਾਨ ਅੰਦੋਲਨ ਲੰਬਾ ਚਲ ਰਿਹਾ ਹੈ ਤੇ ਇਸ ਕਾਰਨ ਸਮੁੱਚੇ ਕਿਸਾਨ ਭਾਈਚਾਰੇ ਨੂੰ ਮੁਸ਼ਕਿਲਾਂ ਵਿਚੋਂ ਗੁਜਰਨਾ ਪੈ ਰਿਹਾ ਹੈ।
ਭਾਜਪਾ ਤੇ ਆਪ ਨੂੰ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰਨੀ ਬੰਦ ਕਰਨ ਲਈ ਆਖਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਜਪਾ ਤੇ ਆਪ ਇਕ ਟੀਮ ਵਜੋਂ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਦੋ ਮਹੀਨੇ ਪਹਿਲਾਂ ਕਿਸਾਨ ਅੰਦੋਲਨ ਦੌਰਾਨ ਆਪ ਸਰਕਾਰ ਨੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ’ਤੇ ਪੰਜਾਬ ਦੀ ਧਰਤੀ ’ਤੇ ਅੱਥਰੂ ਗੈਸ ਦੇ ਗੋਲੇ ਛੱਡਣ ਤੇ ਰਬੜ ਦੀਆਂ ਗੋਲੀਆਂ ਮਾਰਨ ਤੇ ਦੂਜਾ ਅਸਲ ਵਰਤ ਕੇ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਮਾਮਲੇ ਵਿਚ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬੀਆਂ ਨੇ ਆਪ ਇਹ ਸਾਜ਼ਿਸ਼ ਵੇਖ ਲਈ ਹੈ। ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਵੋਟਾਂ ਨਾਲ ਪੰਜਾਬ ਤੋਂ ਬਾਹਰਲੀਆਂ ਕੌਮੀ ਪਾਰਟੀਆਂ ਵਾਸਤੇ ਆਪਣੇ ਬਾਰਡਰ ਸੀਲ ਕਰ ਦੇਣ ਅਤੇ ਭਾਜਪਾ-ਆਪ ਗਠਜੋੜ ਨੂੰ ਵੀ ਸਬਕ ਸਿਖਾਉਣ ਜਿਹਨਾਂ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਵਾਸਤੇ ਬਾਰਡਰ ਸੀਲ ਕੀਤੇ ਹਨ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਨੁਸੂਚਿਤ ਜਾਤੀ ਭਾਈਚਾਰੇ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਖਿਲਾਫ ਵਿਤਕਰਾ ਕਰਨ ਦੀ ਵੀ ਨਿਖੇਧੀ ਕੀਤੀ।
ਇਸ ਦੌਰਾਨ ਯਾਤਰਾ ਨੂੰ ਬੰਗਾ ਤੇ ਨਵਾਂਸ਼ਹਿਰ ਹਲਕਿਆਂ ਵਿਚ ਭਰਵਾਂ ਹੁੰਗਾਰਾ ਮਿਲਿਆ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਮਿਲਦੇ ਲਾਭਾਂ ਵਿਚ ਕਟੌਤੀ ਕਰ ਦਿੱਤੀ ਗਈ ਹੈ ਤੇ ਕੁਝ ਦੇ ਪੈਸੇ ਇਸ਼ਤਿਹਾਰਬਾਜ਼ੀ ਤੇ ਪ੍ਰਾਪੇਗੰਡਾ ਕੰਮਾਂ ਤੇ ਆਪ ਦੇ ਹੋਰ ਰਾਜਾਂ ਵਿਚ ਪ੍ਰਚਾਰ ਤੇ ਹਵਾਈ ਜਹਾਜ਼ ਕਿਰਾਏ ’ਤੇ ਲੈਣ ਵਾਸਤੇ ਖਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਸੂਬੇ ਦੇ ਸਰੋਤਾਂ ਦੀ ਅਪਰਾਧਿਕ ਦੁਰਵਰਤੋਂ ਦਾ ਮਾਮਲਾ ਬਣਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਹੀ 1000 ਕਰੋੜ ਰੁਪਏ ਇਸ਼ਤਿਹਾਰਬਾਜ਼ੀ ’ਤੇ ਖਰਚ ਕੀਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਇਕ ਵਾਰ ਅਕਾਲੀ ਦਲ ਦੇ ਸੱਤਾ ਵਿਚ ਪਰਤਣ ’ਤੇ ਅਸੀਂ ਇਸ ਘੁਟਾਲੇ ਦੀ ਜਾਂਚ ਕਰਾਂਗੇ ਅਤੇ ਯਕੀਨੀ ਬਣਾਵਾਂਗੇ ਕਿ ਜਿਹਨਾਂ ਨੇ ਸਾਡੇ ਅਨੁਸੂਚਿਤ ਜਾਤੀ ਭਰਾਵਾਂ ਨਾਲ ਵਿਤਕਰਾ ਕੀਤਾ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਮਿਲਣ।
ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਸੁਖਵਿੰਦਰ ਕੁਮਾਰ ਸੁੱਖੀ ਅਤੇ ਪਾਰਟੀ ਦੇ ਨਵਾਂਸ਼ਹਿਰ ਦੇ ਪ੍ਰਧਾਨ ਸੁਖਦੀਪ ਸਿੰਘ ਸੁਕਰਪੁਰ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਦੱਸਿਆ ਕਿ ਕਿਵੇਂ ਦੋਵਾਂ ਹਲਕਿਆਂ ਵਿਚ ਹਜ਼ਾਰਾਂ ਆਟਾ ਦਾਲ ਤੇ ਬੁਢਾਪਾ ਪੈਨਸ਼ਨ ਕਾਰਡ ਕੱਟ ਦਿੱਤੇ ਗਏ ਹਨ। ਉਹਨਾਂ ਇਹ ਵੀ ਦੱਸਿਆ ਕਿ ਨੌਜਵਾਨ ਲਾੜੀਆਂ ਨੂੰ ਇਕ ਸਾਲ ਤੋਂ ਵੱਧ ਸਮੇਂ ਸ਼ਗਨ ਸਕੀਮ ਦੇ ਪੈਸੇ ਨਹੀਂ ਮਿਲੇ।
ਸਰਦਾਰ ਬਾਦਲ ਨੇ ਨੌਜਵਾਨਾਂ ਨਾਲ ਵੀ ਗੱਲਬਾਤ ਕੀਤੀ ਜਿਹਨਾਂ ਦੱਸਿਆਕਿ ਉਹ ਵਿਦੇਸ਼ ਜਾਣ ਲਈ ਮਜਬੂਰ ਹਨ ਕਿਉਂਕਿ ਆਪ ਸਰਕਾਰ ਉਹਨਾਂ ਨੂੰ ਰੋਜ਼ਗਾਰ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਹੁਣ ਸਿਰਫ ਸੈਂਕੜੇ ਰੋਜ਼ਗਾਰ ਰਹਿ ਗਏ ਹਨ ਤੇ ਆਪ ਸਰਕਾਰ ਦੇ ਰਾਜ ਵਿਚ ਉਹ ਵੀ ਬਾਹਰਲਿਆਂ ਨੂੰ ਦਿੱਤੇ ਜਾ ਰਹੇ ਹਨ ਕਿਉਂਕਿ ਇਸਦੇ ਹੁਕਮ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਤੇ ਹਨ। ਉਹਨਾਂ ਨੇ ਇਹਵੀ ਸ਼ਿਕਾਇਤ ਕੀਤੀ ਕਿ ਨਸ਼ਾ ਤਸਕਰੀ ਕਈ ਗੁਣਾ ਵੱਧ ਗਈ ਹੈ ਤੇ ਆਪ ਦੇ ਵਿਧਾਇਕ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਠਰੰਮੇ ਨਾਲ ਨੌਜਵਾਨਾਂ ਦੀ ਗੱਲ ਸੁਣਦਿਆਂ ਭਰੋਸਾ ਦੁਆਇਆ ਕਿ ਇਕ ਵਾਰ ਅਕਾਲੀ ਦਲ ਦੇ ਸੱਤਾ ਵਿਚ ਪਰਤਣ ’ਤੇ ਸਰਕਾਰ ਤੇ ਪ੍ਰਾਈਵੇਟ ਖੇਤਰ ਵਿਚ ਰੋਜ਼ਗਾਰ ਦੇ ਮੌਕੇ ਸਿਰਜੇ ਜਾਣਗੇ ਅਤੇ ਨਸ਼ਾ ਤੇ ਗੈਂਗਸਟਰ ਖਤਮ ਕੀਤੇ ਜਾਣ ਤੇ ਇਹ ਸਭ ਤੋਂ ਪਹਿਲੀ ਤਰਜੀਹ ਹੋਵੇਗੀ। ਯਾਤਰਾ ਦੌਰਾਨ ਸੀਨੀਅਰ ਆਗੂ ਜਰਨੈਲ ਸਿੰਘ ਵਾਹਿਦ ਅਤੇ ਡੈਮੋਕਰੈਟਿਕ ਪਾਰਟੀ ਆਫ ਇੰਡੀਆ (ਡੀ ਪੀਆਈ) ਦੇ ਪ੍ਰਧਾਨ ਰੋਹਨ ਚੱਢਾ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ।