ਪੂਰੀ ਕੋਸ਼ਿਸ਼ਾਂ ਅਤੇ ਸਾਜ਼ਿਸਾਂ ਦੇ ਬਾਵਜੂਦ ਰਿਪੋਰਟ ਅਕਾਲੀ-ਭਾਜਪਾ ਸਰਕਾਰ ਨੂੰ ਦੋਸ਼ੀ ਠਹਿਰਾਉਣ 'ਚ ਨਾਕਾਮ ਹੋਈ: ਸੁਖਬੀਰ ਬਾਦਲ
ਕਿਹਾ ਕਿ ਸਪੀਕਰ ਨੇ ਸਾਨੂੰ ਬੋਲਣ ਦਾ ਅਧਿਕਾਰ ਨਾ ਦੇ ਕੇ ਸਮਾਨੰਤਰ ਸੈਸ਼ਨ ਲਾਉੁਣ ਲਈ ਮਜ਼ਬੂਰ ਕੀਤਾ
ਚੰਡੀਗੜ•/28 ਅਗਸਤ:ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਪਿਛਲੀ ਅਕਾਲੀ ਭਾਜਪਾ ਸਰਕਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਉੱਤੇ ਝੂਠਾ ਫਸਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੁਰੀ ਤਰ•ਾਂ ਨਾਕਾਮ ਹੋ ਗਿਆ ਹੈ। ਸਰਦਾਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਚੁਣੌਤੀ ਦਿੱਤੀ ਕਿ ਉਹ ਕੋਈ ਅਜਿਹਾ ਇੱਕ ਵੀ ਮੁੱਦਾ ਜਾਂ ਕੇਸ ਦੱਸਣ, ਜਿਸ ਉੱਤੇ ਕਮਿਸ਼ਨ ਦੀ ਰਿਪੋਰਟ ਅਕਾਲੀ-ਭਾਜਪਾ ਸਰਕਾਰ ਨੂੰ ਦੋਸ਼ੀ ਸਾਬਿਤ ਕਰ ਪਾਈ ਹੋਵੇ। ਉਹਨਾਂ ਕਿਹਾ ਕਿ ਇਹ ਰਿਪੋਰਟ ਸਿਰਫ ਅਸਿੱਧੇ ਇਸ਼ਾਰੇ ਕਰਦੀ ਹੈ ਜਾਂ ਫਿਰ ਅੰਦਾਜ਼ੇ ਅਤੇ ਅਟਕਲਾਂ ਲਾਉਂਦੀ ਹੈ। ਕਿਸੇ ਵੀ ਸਾਬਕਾ ਜੱਜ ਵੱਲੋਂ ਤਿਆਰ ਕੀਤੀ ਗਈ ਇਹ ਸਭ ਤੋਂ ਵੱਧ ਅਸਪੱਸ਼ਟ, ਅਨਿਸ਼ਿਚਿਤ ਅਤੇ ਗੈਰ-ਨਿਆਂਇਕ ਰਿਪੋਰਟ ਹੈ।
ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਇਸੇ ਰਿਪੋਰਟ ਨੇ ਬੇਅਦਬੀ ਦੇ ਕੇਸਾਂ ਵਿਚਲਾ ਸੱਚ ਬਾਹਰ ਲਿਆਉਣ ਕੀਤੀਆਂ ਇਮਾਨਦਾਰ ਅਤੇ ਕਠਿਨ ਕੋਸ਼ਿਸ਼ਾਂ ਲਈ ਸਰਕਾਰੀ ਮਸ਼ੀਨਰੀ ਦੀ ਤਾਰੀਫ਼ ਕੀਤੀ ਹੈ, ਜਿਹਨਾਂ ਵਿਚ ਸੀਨੀਅਰ ਪੁਲਿਸ ਅਧਿਕਾਰੀ ਆਰ ਐਸ ਖੱਟੜਾ ਵੀ ਸ਼ਾਮਿਲ ਹਨ।
ਅਕਾਲੀ ਭਾਜਪਾ ਵਿਧਾਇਕਾਂ ਵੱਲੋਂ ਵਿਧਾਨ ਸਭਾ ਦੇ ਬਰਾਮਦੇ ਵਿਚ ਸਮਾਨੰਤਰ ਸੈਸ਼ਨ ਲਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ਰਿਪੋਰਟ ਨੇ ਉਲਟਾ ਬੇਅਦਬੀ ਦੇ ਕੇਸਾਂ ਨਾਲ ਨਜਿੱਠਣ ਲਈ ਪੁਲਿਸ ਅਤੇ ਪਿਛਲੀ ਸਰਕਾਰ ਦੁਆਰਾ ਸੀਨੀਅਰ ਪੁਲਿਸ ਅਧਿਕਾਰੀ ਦੀ ਅਗਵਾਈ ਵਿਚ ਕਾਇਮ ਕੀਤੀ ਸਿਟ ਵੱਲੋਂ ਕੀਤੇ ਗਏ ਕੰਮ ਦੀ ਸਰਾਹਨਾ ਕੀਤੀ ਹੈ। ਕਮਿਸ਼ਨ ਨੇ ਸਰਦਾਰ ਖੱਟੜਾ ਦੀ ਸੱਚ ਸਾਹਮਣੇ ਲਿਆਉਣ ਵਾਸਤੇ ਪੂਰੀ ਮੁਸ਼ੱਕਤ ਨਾਲ ਕੰਮ ਕਰਨ ਲਈ ਤਾਰੀਫ਼ ਕੀਤੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਮਿਸ਼ਨ ਨੇ ਇਸ ਕੇਸ ਨਾਲ ਨਜਿੱਠਣ ਲਈ ਪਿਛਲੀ ਸਰਕਾਰ ਵੱਲੋਂ ਕੀਤੇ ਕੰਮ ਨੂੰ ਸਰਾਹਿਆ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਅਤੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਦੀ ਅਗਵਾਈ ਵਾਲੇ ਸਰਕਾਰੀ ਕਮਿਸ਼ਨ ਨੇ ਆਪਣੀ ਪੂਰੀ ਕੀਤੀ ਸੀ ਕਿ ਕੁੱਝ ਅਜਿਹਾ ਲੱਭ ਜਾਂ ਘੜ ਲਿਆ ਜਾਵੇ, ਜਿਸ ਰਾਹੀਂ ਉਹ ਅਕਾਲੀ-ਭਾਜਪਾ ਸਰਕਾਰ ਦਾ ਸੰਬੰਧ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਨਾਲ ਜੋੜ ਸਕਦੇ। ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਇਸ ਦੀ ਸਰਕਾਰ ਦੁਆਰਾ ਕਮਿਸ਼ਨ ਨਾਲ ਮਿਲ ਕੇ ਰਚੀ ਗਈ ਇਹ ਸਾਜ਼ਿਸ਼ ਸਿਰਫ ਸਿੱਖਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਸੀ। ਇਸ ਦਾ ਅਸਲੀ ਮੰਤਵ ਸਿੱਖਾਂ ਨੂੰ ਆਗੂ ਰਹਿਤ ਕਰਨਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਰਿਪੋਰਟ ਕੈਪਟਨ ਅਮਰਿੰਦਰ ਸਿੰਘ, ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਬਲਜੀਤ ਸਿੰਘ ਦਾਦੂਵਾਲ ਅਤੇ ਉਹਨਾਂ ਦੀਆਂ ਰੰਗੀਨ ਸ਼ਾਮਾਂ ਦੇ ਸਾਥੀ ਜਸਟਿਸ (ਸੇਵਾਮੁਕਤ)ਰਣਜੀਤ ਸਿੰਘ , ਜਿਸ ਨੂੰ ਸਿਰਫ ਇਸ ਰਿਪੋਰਟ ਨੂੰ ਕਾਨੂੰਨੀ ਰੰਗ ਦੇਣ ਵਾਸਤੇ ਘੁੱਗੀ ਮਾਰਨ ਲਈ ਵਰਤਿਆ ਗਿਆ, ਸਾਰਿਆਂ ਵੱਲੋਂ ਲਿਖਿਆ, ਤਿਆਰ ਕੀਤਾ ਅਤੇ ਨਿਰਦੇਸ਼ਿਤ ਕੀਤਾ ਇੱਕ ਘਟੀਆ ਨਾਟਕ ਸੀ।
ਪਰੰਤੂ ਹੁਣ ਇਸ ਰਿਪੋਰਟ ਦੀ ਸਾਜ਼ਿਸ਼ ਦੇ ਵੇਰਵੇ ਪੂਰੇ ਵਿਸਥਾਰ ਨਾਲ ਮੀਡੀਆ ਵਿਚ ਛਾਪੇ ਜਾ ਚੁੱਕੇ ਹਨ, ਜਿਸ ਕਰਕੇ ਇਸ ਰਿਪੋਰਟ ਦਾ ਝੂਠਾ ਪੂਰੀ ਤਰ•ਾਂ ਨੰਗਾ ਹੋ ਗਿਆ ਹੈ।
ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਅੱਜ ਅਕਾਲੀ-ਭਾਜਪਾ ਨੂੰ ਬੋਲਣ ਦਾ ਲੋਕਤੰਤਰੀ ਅਧਿਕਾਰ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਜੋ ਦਿਨ ਦਿਹਾੜੇ ਲੋਕਤੰਤਰ ਦਾ ਕਤਲ ਸੀ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਨੇ ਸੈਸ਼ਨ ਦਾ ਬਾਈਕਾਟ ਨਹੀਂ ਕੀਤਾ, ਸਗੋਂ ਸਪੀਕਰ ਵੱਲੋਂ ਸਾਨੂੰ ਆਪਣਾ ਕੇਸ ਵਿਸਥਾਰ ਨਾਲ ਪੇਸ਼ ਕਰਨ ਲਈ ਸਿਰਫ 14 ਮਿੰਟਾਂ ਦੇ ਸਮਾਂ ਦੇ ਕੇ ਸਾਡਾ ਮੂੰਹ ਬੰਦ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਸਾਨੂੰ ਸਮਾਨੰਤਰ ਸੈਸ਼ਨ ਲਗਾਉਣ ਲਈ ਮਜ਼ਬੂਰ ਕੀਤਾ ਗਿਆ, ਕਿਉਂਕਿ ਸਦਨ ਦੇ ਅੰਦਰ ਸਾਨੂੰ ਬੋਲਣ ਦਾ ਅਧਿਕਾਰ ਨਹੀਂ ਦਿੱਤਾ ਗਿਆ। ਅਸੀਂ ਕਮਿਸ਼ਨ ਦੀ ਰਿਪੋਰਟ ਬਾਰੇ ਚਰਚਾ ਕਰਨਾ ਚਾਹੁੰਦੇ ਸੀ ਅਤੇ ਸਦਨ ਵਿਚ ਇਸ ਦਾ ਵਰਕਾ ਵਰਕਾ ਕਰਨਾ ਚਾਹੁੰਦੇ ਸੀ। ਸਾਡੇ ਕੋਲ ਇਹ ਸਭ ਕਰਨ ਲਈ ਬਹੁਤ ਸਮਾਨ ਸੀ। ਪਰੰਤੂ ਇਹ ਭਾਂਪਦਿਆਂ ਕਿ ਕਮਿਸ਼ਨ ਦੀ ਰਿਪੋਰਟ ਪਿਛਲੀ ਸਾਜ਼ਿਸ਼ ਬਾਰੇ ਹੋਏ ਸਨਸਨੀਖੇਜ਼ ਖੁਲਾਸਿਆਂ ਨੇ ਸਰਕਾਰ ਨੂੰ ਖੂੰਜੇ 'ਚ ਖੜ•ੀ ਕਰ ਦਿੱਤਾ ਹੈ, ਸਪੀਕਰ ਨੇ ਜਾਣਬੁੱਝ ਕੇ ਤਾਨਾਸ਼ਾਹੀ ਵਾਲਾ ਰਵੱਈਆ ਅਪਣਾਇਆ ਅਤੇ ਸਾਡੇ ਬੋਲਣ ਦੇ ਅਧਿਕਾਰ ਉੱਤੇ ਪਾਬੰਦੀ ਲਾਉਂਦਿਆਂ ਇਹ ਐਲਾਨ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬੋਲਣ ਲਈ ਸਿਰਫ 14 ਮਿੰਟ ਦਿੱਤੇ ਜਾਣਗੇ। ਇਸ ਨਾਲ ਪਾਰਟੀ ਦੇ ਹਰ ਵਿਧਾਇਕ ਨੂੰ ਇੱਕ ਮਿੰਟ ਦਾ ਸਮਾਂ ਵੀ ਨਹੀਂ ਸੀ ਮਿਲਿਆ। ਉਹਨਾਂ ਕਿਹਾ ਕਿ ਸਪੀਕਰ ਦੀ ਕਾਰਵਾਈ ਨੇ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਲਾਈ ਐਮਰਜੰਸੀ ਦੇ ਦਿਨ ਚੇਤੇ ਕਰਵਾ ਦਿੱਤੇ। ਸਾਨੂੰ ਸੈਸ਼ਨ ਦਾ ਬਾਈਕਾਟ ਕਰਕੇ ਬਾਹਰ ਇੱਕ ਸਮਾਨੰਤਰ ਸੈਸ਼ਨ ਲਗਾਉਣਾ ਪਿਆ, ਕਿਉਂਕਿ ਸਪੀਕਰ ਨੇ ਸਾਡੀ ਪਾਰਟੀ ਨੂੰ ਬੋਲਣ ਲਈ ਸਿਰਫ 14 ਮਿੰਟ ਦਿੱਤੇ ਸਨ ਜਦਕਿ ਸੱਤਾਧਾਰੀ ਪਾਰਟੀ ਨੂੰ ਬੋਲਣ ਲਈ ਦੋ ਘੰਟੇ ਦੀ ਆਗਿਆ ਦੇ ਰਿਹਾ ਸੀ। ਸਪੀਕਰ ਨੇ ਸੱਤਾਧਾਰੀ ਪਾਰਟੀ ਅਤੇ ਇਸ ਦੇ ਸਹਿਯੋਗੀਆਂ ਦੇ ਮੂੰਹਾਂ ਉੱਤੇ ਅੰਡੇ ਸੁੱਟੇ ਜਾਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਸਪੀਕਰ ਉਹਨਾਂ ਨੂੰ ਸਿਰਫ ਇੱਕੋ ਢੰਗ ਨਾਲ ਰਿਪੋਰਟ ਉੱਤੇ ਚਰਚਾ ਕਰਨ ਲਈ ਅਕਾਲੀ ਦਲ ਅਤੇ ਭਾਜਪਾ ਨੂੰ ਸਮਾਂ ਦੇਣ ਤੋਂ ਇਨਕਾਰ ਕਰਕੇ ਹੀ ਬਚਾ ਸਕਦਾ ਸੀ। ਉਸ ਨੇ ਇਹੀ ਕਰਨ ਦੀ ਕੋਸ਼ਿਸ਼ ਕੀਤੀ। ਪਰੰਤੂ ਫਿਰ ਵੀ ਉਹ ਕਾਂਗਰਸ ਅਤੇ ਇਸ ਦੀ ਸਰਕਾਰੀ ਰਿਪੋਰਟ ਨੂੰ ਬਚਾਉਣ ਤੋਂ ਨਾਕਾਮ ਹੋ ਗਿਆ ਹੈ, ਕਿਉਂਕਿ ਰਿਪੋਰਟ ਦਾ ਪੂਰੀ ਤਰ•ਾਂ ਪਰਦਾਫਾਸ਼ ਹੋ ਚੁੱਕਿਆ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਰਿਪੋਰਟ ਸਿਰਫ ਅੰਦਾਜ਼ਿਆਂ ਅਤੇ ਅਟਕਲਾਂ ਉੱਤੇ ਆਧਾਰਿਤ ਹੈ ਅਤੇ ਇਸ ਦੇ ਸਿੱਟੇ ਅਣਦੱਸੇ ਸਰੋਤਾਂ ਉੱਤੇ ਆਧਾਰਿਤ ਹਨ। ਉਹਨਾਂ ਕਿਹਾ ਕਿ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜੱਜ ਨੇ ਉਹਨਾਂ ਸਿੱਟਿਆਂ ਉੱਤੇ ਪਹੁੰਚਣ ਲਈ ਆਪਣਾ ਕਲਪਨਾ ਦਾ ਖੁੱਲ• ਕੇ ਇਸਤੇਮਾਲ ਕੀਤਾ, ਜਿਹਨਾਂ ਦੀ ਰਿਪੋਰਟ ਵਿਚ ਦੱਸੇ ਗਏ ਸਬੂਤ ਵੀ ਪੁਸ਼ਟੀ ਨਹੀਂ ਕਰਦੇ। ਸਿਰਫ ਇੱਕੋ ਚੀਜ਼ ਹੈ, ਕਿ ਜੱਜ ਜਿਸ ਬਾਰੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਵਿਰੁੱਧ ਸੰਕੇਤ ਕਰਨ ਵਿਚ ਕਾਮਯਾਬ ਹੋਇਆ ਹੈ, ਉਹ ਇਹ ਹੈ ਕਿ ਜਿਸ ਦਿਨ ਬਰਗਾੜੀ ਵਿਚ ਤਣਾਅ ਵਧ ਰਿਹਾ ਸੀ ਤਾਂ ਉਹ ਸਵੇਰੇ ਦੋ ਵਜੇ ਤਕ ਜਾਗਦੇ ਸਨ।
ਉਹਨਾਂ ਕਿਹਾ ਕਿ ਜੱਜ ਇਸ ਬਾਰੇ ਬਹੁਤ ਘੱਟ ਜਾਣਦਾ ਹੈ ਕਿ ਇਹਨਾਂ ਘਟਨਾਵਾਂ ਕਰਕੇ ਸਰਦਾਰ ਬਾਦਲ ਕਿੰਨੇ ਪਰੇਸ਼ਾਨ ਸਨ। ਜੱਜ ਕੈਪਟਨ ਅਮਰਿੰਦਰ ਸਿੰਘ ਦੀਆਂ ਆਦਤਾਂ ਅਨੁਸਾਰ ਸਰਦਾਰ ਬਾਦਲ ਦੀ ਸਮੀਖਿਆ ਕਰਦਾ ਹੈ, ਜਿਸ ਨੇ ਉਸ ਸਮੇਂ ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਕਿ ਸੂਬੇ ਅੰਦਰ ਕੀ ਵਾਪਰ ਰਿਹਾ ਹੈ, ਬੇਫ਼ਿਕਰੀ ਨਾਲ ਗੂੜ•ੀ ਨੀਂਦ ਸੁੱਤੇ ਹੋਣਾ ਸੀ।
ਜਸਟਿਸ ਰਣਜੀਤ ਸਿੰਘ ਨੇ ਆਪਣੀ ਰਿਪੋਰਟ ਵਿਚ ਸਵੀਕਾਰ ਕੀਤਾ ਹੈ ਕਿ ਪੁਲਿਸ ਨੇ ਉਸ ਨੂੰ ਜਾਣਕਾਰੀ ਦਿੱਤੀ ਸੀ ਕਿ ਸਰਦਾਰ ਬਾਦਲ ਦੇ ਉਹਨਾਂ ਨੂੰ ਇਹ ਆਦੇਸ਼ ਸਨ ਕਿ ਸਥਿਤੀ ਨੂੰ ਸੰਵੇਦਨਸ਼ੀਲਤਾ ਨਾਲ ਨਜਿੱਠਣਾ ਹੈ ਅਤੇ ਬੇਅਦਬੀ ਲਈ ਜ਼ਿੰਮੇਵਾਰ ਕੋਈ ਵੀ ਵਿਅਕਤੀ ਬਚਣਾ ਨਹੀਂ ਚਾਹੀਦਾ, ਭਾਵੇਂ ਉਹ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ।
ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੇ ਗਲਿਆਰੇ ਵਿਚ ਸਦਨ ਦਾ ਸਮਾਨੰਤਰ ਸੈਸ਼ਨ ਰੱਖਿਆ। ਸਮਾਨੰਤਰ ਸੈਸ਼ਨ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸੀ ਵੱਲੋਂ ਅਕਾਲੀ ਭਾਜਪਾ ਸਰਕਾਰ, ਖਾਸ ਕਰਕੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਵਿਰੁੱਧ ਅਪਮਾਨਜਨਕ ਅਤੇ ਘਿਣੌਨੀਆਂ ਟਿੱਪਣੀਆਂ ਦੀ ਨਿਖੇਧੀ ਕੀਤੀ। ਉਹਨਾਂ ਨੇ ਅਕਾਲੀ-ਭਾਜਪਾ ਵਿਧਾਇਕਾਂ ਨੂੰ ਸਦਨ ਦੇ ਅੰਦਰ ਬੋਲਣ ਦਾ ਲੋਕਤੰਤਰੀ ਅਧਿਕਾਰ ਨਾ ਦੇਣ ਲਈ ਸਪੀਕਰ ਨੂੰ ਵੀ ਫਟਕਾਰ ਲਾਈ।
ਸਰਦਾਰ ਮਜੀਠੀਆ ਨੇ ਕਿਹਾ ਕਿ ਸਪੀਕਰ ਵੱਲੋਂ ਅਪਣਾਏ ਤਾਨਾਸ਼ਾਹੀ ਅਤੇ ਗੈਰਲੋਕਤੰਤਰੀ ਰਵੱਈਏ ਨੇ ਅਕਾਲੀ ਭਾਜਪਾ ਕੋਲ ਵਿਧਾਨ ਸਭਾ ਦੇ ਗਲਿਆਰੇ ਵਿਚ ਮੀਡੀਆ ਦੇ ਸਾਹਮਣੇ ਸਮਾਨੰਤਰ ਸੈਸ਼ਨ ਲਾਉਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ ਛੱਡਿਆ ਤਾਂ ਕਿ ਅਸੀਂ ਆਪਣੀ ਪੂਰੀ ਗੱਲ ਕਹਿ ਸਕੀਏ। ਉਹਨਾਂ ਕਿਹਾ ਕਿ ਨਿਰਪੱਖਤਾ ਮੰਗ ਕਰਦੀ ਸੀ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਬੋਲਣ ਲਈ ਬਰਾਬਰ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਸੀ। ਦਰਅਸਲ ਸਰਕਾਰ ਪਹਿਲਾਂ ਹੀ ਆਪਣੇ ਹਿੱਸੇ ਦਾ ਸਮਾਂ ਲੈ ਚੁੱਕੀ ਸੀ, ਕਿਉਂਕਿ ਇਹ ਰਿਪੋਰਟ ਪੇਸ਼ ਕਰ ਚੁੱਕੀ ਸੀ। ਉਹ ਰਿਪੋਰਟ ਪੂਰੀ ਬਹਿਸ ਵਿਚ ਸਰਕਾਰ ਦਾ ਪੱਖ ਸੀ।ਹੁਣ ਰਿਪੋਰਟ ਵਿਚ ਲਾਏ ਦੋਸ਼ਾਂ ਦਾ ਜੁਆਬ ਦੇਣ ਦੀ ਅਕਾਲੀ-ਭਾਜਪਾ ਦੀ ਵਾਰੀ ਸੀ। ਸਪੀਕਰ ਨੇ ਸਾਨੂੰ ਇਹ ਮੌਕਾ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਮੁੱਦੇ ਉੱਤੇ ਜਿੰਨੀ ਗੰਦੀ ਭਾਸ਼ਾ ਦਾ ਇਸਤੇਮਾਲ ਕੀਤਾ, ਕੋਈ ਨਾਸਤਿਕ ਵਿਅਕਤੀ ਹੀ ਅਜਿਹਾ ਕਰ ਸਕਦਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਜਸਟਿਸ (ਸੇਵਾਮੁਕਤ) ਦੇ ਕੰਮ ਕਰਨ ਦੇ ਸਾਜ਼ਿਸ਼ੀ ਤਰੀਕਿਆ ਬਾਰੇ ਹੋਏ ਖੁਲਾਸਿਆਂ ਨੇ ਉਸ ਨੂੰ ਪੂਰੀ ਤਰ•ਾਂ ਪੰਜਾਬ ਦੇ ਲੋਕਾਂ ਅੱਗੇ ਨੰਗਾ ਕਰ ਦਿੱਤਾ ਹੈ। ਕਾਂਗਰਸ ਆਗੂਆਂ ਦੀ ਖੁਦ ਨੂੰ ਅਕਾਲੀਆਂ ਨਾਲੋਂ ਵੱਧ ਸ਼ਰਧਾਵਾਨ ਸਿੱਖ ਕਹਾਏ ਜਾਣ ਦੀ ਨਿਖੇਧੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਇੱਕ ਸ਼ੈਤਾਨ ਵੱਲੋਂ ਗ੍ਰੰਥਾਂ ਦਾ ਇਸਤੇਮਾਲ ਆਪਣੇ ਮੰਤਵ ਲਈ ਕਰਨ ਦਾ ਮਾਮਲਾ ਹੈ। ਕਾਂਗਰਸ ਦੇ ਹੱਥ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ।
ਸਮਾਨੰਤਰ ਸੈਸ਼ਨ ਦੀ ਪ੍ਰਧਾਨਗੀ ਸ੍ਰੀ ਲਖਬੀਰ ਸਿੰਘ ਲੋਧੀਨੰਗਲ ਨੇ ਸਪੀਕਰ ਵਜੋਂ ਕੀਤੀ। ਸੈਸ਼ਨ ਦੌਰਾਨ ਬਹਿਸ ਵਿਚ ਭਾਗ ਲੈਣ ਵਾਲਿਆਂ ਵਿਚ ਬਿਕਰਮ ਸਿੰਘ ਮਜੀਠੀਆ, ਹਰਿੰਦਰਪਾਲ ਚੰਦੂਮਾਜਰਾ, ਗੁਰਪ੍ਰਤਾਪ ਵਡਾਲਾ, ਪਵਨ ਕੁਮਾਰ ਟੀਨੂ, ਬਲਦੇਵ ਖਾਰਾ, ਅਰੁਣ ਨਾਰੰਗ, ਡਾਕਟਰ ਸੁਖਵਿੰਦਰ ਸੁੱਖੀ, ਪਰਕਾਸ਼ ਚੰਦ ਗਰਗ ਅਤੇ ਐਨਕੇ ਸ਼ਰਮਾ ਸ਼ਾਮਿਲ ਸਨ।