ਕਿਹਾ ਕਿ ਪੰਜਾਬ ਹੁਣ ਉਹਨਾਂ ਬਿਮਾਰੂ ਸੂਬਿਆਂ ਨਾਲ ਮੁਕਾਬਲਾ ਕਰ ਰਿਹਾ ਹੈ, ਜਿਹੜੇ ਇਸ ਨੂੰ ਆਪਣਾ ਰੋਲ ਮਾਡਲ ਮੰਨਦੇ ਸਨ
ਡੁੱਬ ਮਰਨ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੂੰ ਵੀ ਕੈਪਟਨ ਨੂੰ 'ਜਾਗ ਪਓ' ਕਹਿਣਾ ਪਿਆ
ਚੰਡੀਗੜ•/13 ਜੁਲਾਈ:ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਥੱਲੇ ਪੰਜਾਬ ਪਹਿਲੇ ਨੰਬਰ ਤੋਂ ਖਿਸਕ ਕੇ 20ਵੇਂ ਨੰਬਰ ਉੱਤੇ ਪਹੁੰਚ ਗਿਆ ਹੈ ਅਤੇ ਹੁਣ ਇਸ ਦੀ ਦਰਜਾਬੰਦੀ ਬਿਹਾਰ ਅਤੇ ਝਾਰਖੰਡ ਵਰਗੇ ਬਿਮਾਰੂ ਸੂਬਿਆਂ ਤੋਂ ਵੀ ਥੱਲੇ ਹੋ ਰਹੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਰੋਬਾਰ ਕਰਨ ਦੀ ਸੌਖ ਬਾਰੇ ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਵਿਚ ਪੰਜਾਬ ਨੂੰ 20ਵੇਂ ਨੰਬਰ ਉੱਤੇ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਦੇ ਬਿਲਕੁਲ ਉਲਟ 2015 ਵਿਚ ਕਾਰੋਬਾਰ ਸਥਾਪਤ ਕਰਨ ਦੀ ਸੌਖ ਵਾਲੀ ਕੈਟਾਗਰੀ ਵਿਚ ਸੂਬਾ ਪਹਿਲਾ ਨੰਬਰ ਉੱਤੇ ਸੀ ਅਤੇ 2016 ਵਿਚ ਸਿੰਗਲ ਵਿੰਡੋ ਸੁਧਾਰ ਵਿਚ ਵੀ ਪੰਜਾਬ ਪਹਿਲੇ ਨੰਬਰ ਉੱਤੇ ਸੀ। ਉਹਨਾਂ ਕਿਹਾ ਕਿ ਹੁਣ ਸਪੱਸ਼ਟ ਹੈ ਕਿ ਅਕਾਲੀ-ਭਾਜਪਾ ਸਰਕਾਰ 2013 ਵਿਚ ਨਵੀਂ ਉਦਯੋਗ ਨੀਤੀ ਬਣਾ ਕੇ ਪੰਜਾਬ ਨੂੰ ਪਹਿਲੇ ਸਥਾਨ ਉੱਤੇ ਲੈ ਆਈ ਸੀ ਜਦਕਿ ਤੁਸੀਂ (ਅਮਰਿੰਦਰ) ਨੇ ਡੇਢ ਸਾਲ ਵਿਚ ਹੀ ਇਸ ਨੂੰ 20ਵੇਂ ਨੰਬਰ ਉੱਤੇ ਸੁੱਟ ਦਿੱਤਾ ਹੈ। ਇਸ ਤੋਂ ਮਾੜਾ ਕੀ ਹੋ ਸਕਦਾ ਸੀ?
ਇਹ ਟਿੱਪਣੀ ਕਰਦਿਆਂ ਕਿ ਅਕਾਲੀ-ਭਾਜਪਾ ਸਰਕਾਰ ਦੁਆਰਾ ਕੀਤੇ ਸਾਰੇ ਚੰਗੇ ਕੰਮਾਂ ਨੂੰ ਲੀਹੋਂ ਲਾਹਿਆ ਜਾ ਰਿਹਾ ਹੈ, ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਨੂੰ ਤਬਾਹ ਕਰਕੇ ਪੰਜਾਬੀਆਂ ਨਾਲ ਦੁਸ਼ਮਣਾਂ ਵਰਗਾ ਵਿਵਹਾਰ ਕਰ ਰਹੀ ਹੈ। ਉਹਨਾਂ ਕੈਪਰਨ ਅਮਰਿੰਦਰ ਸਿੰਘ ਨੂੰ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਪੰਜਾਬ ਵਿਚ ਇੱਕੋ ਛੱਤ ਥੱਲੇ ਪ੍ਰਵਾਨਗੀਆਂ ਦੇਣ ਵਾਲਾ ਅਤੇ ਨਿਵੇਸ਼ ਨੂੰ ਵਧਾਉਣ ਵਾਲਾ ਸਿਸਟਮ ਤਿਆਰ ਕਰਨ ਵਾਲੇ ਨਿਵੇਸ਼ ਪੰਜਾਬ ਵਿਭਾਗ ਨੂੰ ਲਗਭਗ ਖਤਮ ਕਰ ਦਿੱਤਾ ਗਿਆ ਹੈ। ਸੁਧਾਰ ਕਮਿਸ਼ਨ ਨੂੰ ਖਤਮ ਕਰ ਦਿੱਤਾ ਗਿਆ ਹੈ। ਉਹਨਾਂ 12 ਹਜ਼ਾਰ ਸੇਵਾ ਕੇਂਦਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਹਨਾਂ ਨੇ ਆਮ ਨਾਗਰਿਕਾਂ ਲਈ ਸੇਵਾਵਾਂ ਸ਼ੁਰੂ ਕਰਕੇ ਉਹਨਾਂ ਦੀ ਸਰਕਾਰੀ ਦਫਤਰਾਂ ਵਿਚ ਗੇੜੇ ਮਾਰਨ ਦੀ ਖੱਜਲਖੁਆਰੀ ਖ਼ਤਮ ਕਰ ਦਿੱਤੀ ਸੀ। ਇਹਨਾਂ ਸਾਰੀਆਂ ਗੱਲਾਂ ਕਰਕੇ ਹੀ ਪ੍ਰਧਾਨ ਮੰਤਰੀ ਨੂੰ ਵੀ ਮੁੱਖ ਮੰਤਰੀ ਨੂੰ 'ਜਾਗ ਪਓ' ਕਹਿਣਾ ਪਿਆ। ਹੁਣ ਬਹਾਨਿਆਂ ਅਤੇ ਦੂਸ਼ਣਬਾਜੀ ਵਾਲੀ ਖੇਡ ਮੁੱਕ ਗਈ ਹੈ। ਤੁਹਾਨੂੰ ਸੱਤਾ ਸੰਭਾਲਿਆਂ ਡੇਢ ਸਾਲ ਹੋ ਚੁੱਕਿਆ ਹੈ। ਇਸ ਲਈ ਹੁਣ ਕਾਰਗੁਜ਼ਾਰੀ ਦਿਖਾਉਣੀ ਪੈਣੀ ਹੈ ਜਾਂ ਫਿਰ ਕੁਰਸੀ ਛੱਡ ਦਿਓ।
ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਵਿਸ਼ਵ ਬੈਂਕ ਦੀ ਰਿਪੋਰਟ ਵਿਚ ਇੱਕ ਆਗੂ ਸੂਬਾ ਰਹਿਣ ਵਾਲੇ ਪੰਜਾਬ ਨੂੰ ਇੱਕ ਪਛੜਿਆ ਸੂਬਾ ਬਣਾਉਣ ਲਈ ਕਾਂਗਰਸ ਸਰਕਾਰ ਦੀ ਨਿਖੇਧੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਗੱਲ ਰਿਕਾਰਡ ਵਿਚ ਪਈ ਹੈ ਕਿ ਪੰਜਾਬ ਵੱਲੋਂ ਨਿਵੇਸ਼ਕਾਂ ਨੂੰ ਸਹੂਲਤਾਂ ਦੇਣ ਲਈ ਸ਼ੁਰੂ ਕੀਤੇ ਨਿਵੇਸ਼ ਪੰਜਾਬ ਵਿਭਾਗ ਅਤੇ ਸਿੰਗਲ ਵਿੰਡੋ ਕਲੀਅਰੈਸ ਦੇ ਮਾਡਲ ਨੂੰ ਹਰਿਆਣਾ, ਤੇਲਗਾਨਾ, ਉੱਤਰਾਖੰਡ, ਛੱਤੀਸਗੜ•, ਆਂਧਰਾ ਪ੍ਰਦੇਸ਼ ਅਤੇ ਇੱਥੋਂ ਤਕ ਕਿ ਕੇਂਦਰੀ ਉਦਯੋਗ ਪਾਲਿਸੀ ਵਿਭਾਗ ਨੇ ਵੀ ਹੂਬਹੂ ਲਾਗੂ ਕੀਤਾ ਸੀ। ਅੱਜ ਸਾਥੋਂ ਅਗਵਾਈ ਲੈਣ ਵਾਲਾ ਹਰਿਆਣੇ ਵਰਗਾ ਸੂਬਾ ਕਾਰੋਬਾਰ ਕਰਨ ਦੀ ਸੌਖ ਕੈਟਾਗਰੀ ਵਿਚ ਤੀਜੇ ਨੰਬਰ ਉੱਤੇ ਪਹੁੰਚ ਗਿਆ ਹੈ। ਝਾਰਖੰਡ ਅਤੇ ਬਿਹਾਰ ਵਰਗੇ ਸੂਬੇ, ਜਿਹੜੇ ਪੰਜਾਬ ਨੂੰ ਇੱਕ ਮਾਡਲ ਸੂਬੇ ਵਜੋਂ ਵੇਖਦੇ ਹੁੰਦੇ ਸਨ, ਹੁਣ ਇਸ ਨੂੰ ਪਛਾੜਦੇ ਹੋਏ ਕ੍ਰਮਵਾਰ ਚੌਥੇ ਅਤੇ 18ਵੇਂ ਸਥਾਨ ਉਤੇ ਪਹੁੰਚ ਗਏ ਹਨ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਸਰਕਾਰ ਦੀ ਤਰਸਯੋਗ ਕਾਰਗੁਜ਼ਾਰੀ ਨੇ ਪੰਜਾਬੀਆਂ ਦੇ ਸਵੈਮਾਣ ਨੂੰ ਸੱਟ ਮਾਰੀ ਹੈ, ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬੀ ਆਗੂਆਂ ਵਜੋਂ ਜਾਣੇ ਜਾਂਦੇ ਸਨ, ਪਿਛਾੜੀਆਂ ਵਜੋਂ ਨਹੀਂ। ਉਹਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਛੋਟੀ ਸੋਚ ਨੇ ਪੰਜਾਬ ਨੂੰ ਵਿਕਾਸ ਦੀ ਪਟੜੀ ਤੋਂ ਥੱਲੇ ਲਾਹ ਦਿੱਤਾ ਹੈ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਵੱਧ ਟੈਕਸ ਰਿਆਇਤਾਂ ਵਾਲੇ ਸੂਬਿਆਂ ਵਿਚਾਲੇ ਘਿਰਿਆ ਹੋਣ ਦੇ ਬਾਵਜੂਦ ਪੰਜਾਬ ਅੰਦਰ 45 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ।
ਇਹ ਟਿੱਪਣੀ ਕਰਦਿਆਂ ਕਿ ਸਥਿਤੀ ਅਜੇ ਹੋਰ ਬਦਤਰ ਹੋਣ ਦੀ ਸੰਭਾਵਨਾ ਹੈ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਦਯੋਗਾਂ ਨੂੰ ਜਿਹੜੀਆਂ ਰਿਆਇਤਾਂ ਦਾ ਵਾਅਦਾ ਕੀਤਾ ਗਿਆ ਸੀ, ਉਹ ਦਿੱਤੀਆਂ ਨਹੀਂ ਜਾ ਰਹੀਆਂ। ਉੁਹਨਾਂ ਕਿਹਾ ਕਿ ਕੋਈ ਇੱਕ ਵੀ ਸੜਕ ਨਹੀਂ ਬਣਾਈ ਜਾ ਰਹੀ। ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ। ਗਰੀਬ ਤਬਕਿਆਂ ਨੂੰ ਸਮਾਜ ਭਲਾਈ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਮੁੱਖ ਮੰਤਰੀ ਨੂੰ ਹੁਣ ਡੂੰਘੀ ਨੀਂਦ ਵਿਚੋਂ ਜਾਗ ਕੇ ਅਸਲੀਅਤ ਨੂੰ ਵੇਖਣਾ ਅਤੇ ਇਸ ਦਾ ਹੱਲ ਕੱਢਣਾ ਪਵੇਗਾ। ਉਹਨਾਂ ਕਿਹਾ ਕਿ ਘੱਟੋ ਘੱਟ ਸੂਬੇ ਦੇ ਉਹਨਾਂ ਲੋਕਾਂ ਲਈ ਇੰਨਾ ਤਾਂ ਤੁਸੀਂ (ਅਮਰਿੰਦਰ) ਕਰ ਹੀ ਸਕਦੇ ਹੋ, ਜਿਹਨਾਂ ਨੇ ਤੁਹਾਡੇ ਵਿਚ ਭਰੋਸਾ ਜਤਾਇਆ ਸੀ, ਚਾਹੇ ਉਹ ਫਰੇਬ ਅਤੇ ਝੂਠੇ ਵਾਅਦਿਆਂ ਨਾਲ ਠੱਗੇ ਹੀ ਗਏ।