ਕਿਹਾ ਕਿ ਰਾਹੁਲ ਜੀਐਸਟੀ ਕਰਕੇ ਆਮ ਆਦਮੀ ਉੱਤੇ ਪਏ ਬੋਝ ਬਾਰੇ ਟਵੀਟ ਕਰ ਰਹੇ ਹਨ, ਪਰ ਉਹਨਾਂ ਨੇ ਪੰਜਾਬ ਵਿਚ ਤੇਲ ਉੱਤੇ ਲਾਏ ਭਾਰੀ ਸੂਬਾਈ ਟੈਕਸ ਨੂੰ ਘਟਾਉਣ ਲਈ ਕੁੱਝ ਨਹੀਂ ਕੀਤਾ
ਚੰਡੀਗੜ•/13 ਜੂਨ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਜੇਕਰ ਉਹ ਆਮ ਆਦਮੀ ਨੂੰ ਰਾਹਤ ਦਿਵਾਉਣ ਵਾਸਤੇ ਸੱਚਮੁੱਚ ਸੰਜੀਦਾ ਹਨ ਤਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਥੱਲੇ ਲਿਆਉਣ ਦਾ ਮੁੱਦਾ ਅਗਲੀ ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਉਠਾਉਣ ਲਈ ਕਹਿਣ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਜੋ ਕਹਿੰਦੇ ਹਨ, ਉਸ ਨੂੰ ਅਮਲ ਵਿਚ ਲਿਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਵੇਖ ਕੇ ਲੱਗਦਾ ਹੈ ਕਿ ਪੈਟਰੋਲ ਦੀਆਂ ਕੀਮਤਾਂ ਦਾ ਆਮ ਆਦਮੀ ਉੱਤੇ ਬੋਝ ਪੈ ਰਿਹਾ ਹੈ, ਇਸ ਬਾਰੇ ਟਵੀਟ ਕਰਨਾ ਸੌਖਾ ਹੈ। ਕੇਂਦਰ ਸਰਕਾਰ ਉੱਤੇ ਤੇਲ ਨੂੰ ਜੀਐਸਟੀ ਥੱਲੇ ਨਾ ਲਿਆਉਣ ਲਈ ਸਵਾਲ ਕਰਨਾ ਵੀ ਸੌਖਾ ਹੈ, ਪਰ ਆਪਣੀ ਨਸੀਹਤ ਉੱਤੇ ਖੁਦ ਹੀ ਅਮਲ ਕਰਨਾ ਬਹੁਤ ਔਖਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਪੰਜਾਬ ਵਿਚ ਆਪਣੀ ਪਾਰਟੀ ਦੀ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਥੱਲੇ ਲਿਆਉਣ ਵਾਸਤੇ ਕਦਮ ਚੁੱਕਣ ਲਈ ਕਿਉਂ ਨਹੀਂ ਕਿਹਾ ਹੈ? ਉਹਨਾਂ ਕਿਹਾ ਕਿ ਕੀ ਰਾਹੁਲ ਗਾਂਧੀ ਨੇ ਪੰਜਾਬ ਸਰਕਾਰ ਨੂੰ ਅਗਲੀ ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਇਸ ਮੁੱਦੇ ਨੂੰ ਇੱਕ ਏਜੰਡੇ ਵਜੋਂ ਉਠਾਉਣ ਲਈ ਆਖਿਆ ਹੈ? ਜੇ ਨਹੀਂ ਤਾਂ ਉਸ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਕੇਂਦਰ ਸਰਕਾਰ ਨੂੰ ਪੈਟਰੋਲੀਅਮ ਵਸਤਾਂ ਜੀਐਸਟੀ ਥੱਲੇ ਲਿਆਉਣ ਲਈ ਕਹਿ ਕੇ ਪਰੰਤੂ ਨਾਲ ਹੀ ਪੰਜਾਬ ਵਿਚ ਆਪਣੀ ਪਾਰਟੀ ਦੀ ਸਰਕਾਰ ਨੂੰ ਇਹ ਪ੍ਰਕਿਰਿਆ ਸ਼ੁਰੂ ਕਰਨ ਵਾਸਤੇ ਕਹਿਣ ਤੋਂ ਇਨਕਾਰ ਕਰਕੇ ਰਾਜਨੀਤੀ ਕਰ ਰਹੇ ਹਨ?
ਸਰਦਾਰ ਬਾਦਲ ਨੇ ਕਿਹਾ ਕਿ ਸਿਰਫ ਇਹੀ ਨਹੀਂ ਹੈ। ਕਾਂਗਰਸ ਪ੍ਰਧਾਨ ਨੇ ਪੰਜਾਬ ਵਿਚ ਆਪਣੀ ਪਾਰਟੀ ਦੀ ਸਰਕਾਰ ਨੂੰ ਇਹ ਕਹਿਣਾ ਵੀ ਮੁਨਾਸਿਬ ਨਹੀਂ ਸਮਝਿਆ ਹੈ ਕਿ ਉਹ ਆਮ ਆਦਮੀ ਨੂੰ ਤੁਰੰਤ ਰਾਹਤ ਦੇਣ ਲਈ ਪੈਟਰੋਲ ਅਤੇ ਡੀਜ਼ਲ ਉੱੱਤੇ ਸੂਬਾਈ ਟੈਕਸ ਨੂੰ ਘੱਟ ਕਰ ਦੇਵੇ। ਉੱਤਰੀ ਭਾਰਤ ਵਿਚੋਂ ਪੰਜਾਬ ਵਿਚ ਪੈਟਰੋਲ ਅਤੇ ਡੀਜ਼ਲ ਸਭ ਤੋਂ ਮਹਿੰਗੇ ਹਨ ਅਤੇ ਇਸ ਮਾਮਲੇ ਵਿਚ ਪੂਰੇ ਮੁਲਕ ਅੰਦਰ ਪੰਜਾਬ ਤੀਜੇ ਨੰਬਰ ਉੱਤੇ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਇੱਕੋ ਵਾਰੀ ਵਿਚ ਇਹਨਾਂ ਕੀਮਤਾਂ ਨੂੰ 20 ਰੁਪਏ ਪ੍ਰਤੀ ਲੀਟਰ ਤਕ ਘਟਾ ਸਕਦੀ ਹੈ, ਪਰ ਇਸ ਨੇ ਇਹਨਾਂ ਪੈਟਰੋਲੀਅਮ ਵਸਤਾਂ ਦੀ ਇੱਕ ਪੈਸਾ ਵੀ ਕੀਮਤ ਨਹੀਂ ਘਟਾਈ ਹੈ।
ਇਹ ਟਿੱਪਣੀ ਕਰਦਿਆਂ ਕਿ ਰਾਜਨੀਤੀ ਵਿਚ ਕਿਸੇ ਨੂੰ ਫੋਕੀ ਦਿਖਾਵੇਬਾਜ਼ੀ ਨਹੀਂ ਕਰਨੀ ਚਾਹੀਦੀ, ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਮੁੱਦੇ ਸਿਆਸੀ ਦੋਗਲੇਪਣ ਨੂੰ ਇਸ ਤੱਥ ਵਿਚੋਂ ਵੇਖਿਆ ਜਾ ਸਕਦਾ ਹੈ ਕਿ ਪ੍ਰਦੇਸ਼ ਕਾਂਗਰਸ ਇਹਨਾਂ ਵਸਤਾਂ ਉਤੇ ਕੇਂਦਰੀ ਟੈਕਸ ਘਟਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਹੈ ਜਦਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੈਟਰੋਲ ਅਤੇ ਡੀਜ਼ਲ ਉੱਤੇ ਲਾਏ ਭਾਰੀ ਸੂਬਾਈ ਟੈਕਸ ਨੂੰ ਘਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਰਾਹੁਲ ਗਾਂਧੀ ਨੂੰ ਪੰਜਾਬ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਭਾਰੀ ਕੀਮਤਾਂ ਨਾਲ ਆਮ ਆਦਮੀ ਉੱਤੇ ਪਏ ਬੋਝ ਨੇ ਝੰਜੋੜਿਆ ਨਹੀਂ ਹੈ। ਸਰਦਾਰ ਬਾਦਲ ਨੇ ਕਿਹਾ ਕਿ 6 ਭਾਜਪਾ ਸਾਸ਼ਤ ਰਾਜਾਂ ਵਾਂਗ ਕੇਰਲਾ ਸਰਕਾਰ ਨੇ ਵੀ ਤੇਲ ਦੀਆਂ ਕੀਮਤਾਂ ਘਟਾਉਣ ਲਈ ਆਪਣਾ ਟੈਕਸ ਘੱਟ ਕਰ ਦਿੱਤਾ ਹੈ। ਪਰੰਤੂ ਪੰਜਾਬ ਪੈਟਰੋਲ ਅਤੇ ਡੀਜ਼ਲ ਉੱਤੇ ਆਪਣਾ ਟੈਕਸ ਘਟਾਉਣ ਤੋਂ ਇਨਕਾਰ ਕਰਕੇ ਇੱਕ ਅਪਵਾਦ ਸਾਬਿਤ ਹੋ ਰਿਹਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਰਸਦ ਉੱਤੇ ਜੀਐਸਟੀ ਹਟਾਏ ਜਾਣ ਦੇ ਮੁੱਦੇ ਨੂੰ ਵੀ ਪੰਜਾਬ ਦੇ ਵਿੱਤ ਮੰਤਰੀ ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਉਠਾਉਣ ਤੋਂ ਨਾਕਾਮ ਰਹੇ ਸਨ। ਜਿਸ ਮਗਰੋਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ ਉੱਤੇ ਸਾਰੇ ਰਾਜਾਂ ਦੀ ਸਹਿਮਤੀ ਬਣਵਾਈ ਸੀ ਅਤੇ ਇਸ ਮਸਲੇ ਨੂੰ ਹੱਲ ਕਰਵਾਇਆ ਸੀ।