ਕਿਹਾ ਕਿ ਜਲ ਬੱਸ ਪ੍ਰਾਜੈਕਟ ਸਿਰਫ 10 ਦਿਨ ਚੱਲਿਆ ਸੀ, ਕਿਉਂਕਿ ਸਿੱਧੂ ਨੇ ਇਸ ਨੂੰ ਬੰਦ ਕਰਵਾ ਦਿੱਤਾ ਸੀ
ਸਿੱਧੂ ਨੂੰ ਮਸ਼ਵਰਾ ਦਿੱਤਾ ਕਿ ਉਹ ਟੂਰਿਜ਼ਮ ਦੇ ਬੁਨਿਆਦੀ ਢਾਂਚੇ ਨੂੰ ਵਿਵਹਾਰਿਕਤਾ ਦੀ ਤੱਕੜੀ 'ਚ ਨਾ ਤੋਲਣ, ਨਾਂਹ-ਪੱਖੀ ਏਜੰਡੇ ਦਾ ਤਿਆਗ ਕਰਨ ਅਤੇ ਸਹੂਲਤਾਂ ਨੂੰ ਮਿਟਾਉਣ ਦੀ ਥਾਂ ਨਵੀਆਂ ਦੀ ਉਸਾਰੀ ਕਰਵਾਉਣ
ਚੰਡੀਗੜ•/05 ਜੁਲਾਈ:ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਵਿਚ ਸੈਰ ਸਪਾਟੇ ਦੇ ਵਿਕਾਸ ਲਈ ਹਾਂ-ਪੱਖੀ ਏਜੰਡਾ ਅਪਣਾਉਣ ਲਈ ਆਖਿਆ ਹੈ। ਉਹਨਾਂ ਕਿਹਾ ਕਿ ਸਿੱਧੂ ਪ੍ਰਾਜੈਕਟਾਂ ਨੂੰ ਵਿਵਹਾਰਿਕਤਾ ਦੇ ਨਾਂ ਥੱਲੇ ਮਿਟਾਉਣ ਦੀ ਥਾਂ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਵਿਚ ਵਾਧਾ ਕਰੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਬੰਦ ਕੀਤਾ ਗਿਆ ਜਲ ਬੱਸ ਵਾਲਾ ਪ੍ਰਾਜੈਕਟ ਮੇਰਾ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦਾ ਪ੍ਰਾਜੈਕਟ ਸੀ। ਉਹਨਾਂ ਕਿਹਾ ਕਿ ਇਹ ਸਿਰਫ 10 ਦਿਨ ਇਸ ਲਈ ਚੱਲਿਆ ਕਿਉਂ ਤੁਸੀਂ ਇਸ ਨੂੰ ਇਸ ਵਾਸਤੇ ਬੰਦ ਕਰਵਾ ਦਿੱਤਾ ਸੀ, ਕਿਉਂਕਿ ਇਸ ਨੂੰ ਮੈ ਸ਼ੁਰੂ ਕਰਵਾਇਆ ਸੀ।
ਇਹ ਕਹਿੰਦਿਆਂ ਕਿ ਟੂਰਿਜ਼ਮ ਦੇ ਪ੍ਰਾਜੈਕਟ ਵਿਵਹਾਰਿਕਤਾ ਦੇ ਆਧਾਰ ਉੱਤੇ ਨਹੀਂ ਲਗਾਏ ਜਾਂਦੇ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਸਿੱਧੂ ਨੇ ਸਰਦਾਰ ਪਰਕਾਸ਼ ਸਿੰਘ ਬਾਦਲ ਦੁਆਰਾ ਲਗਾਏ ਗਏ ਪ੍ਰਾਜੈਕਟ ਜੰਗੇ-ਆਜ਼ਾਦੀ ਯਾਦਗਾਰ ਵਾਸਤੇ 25 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਨ ਤੋਂ ਪਹਿਲਾਂ ਉਸ ਪ੍ਰਾਜੈਕਟ ਦੀ ਵਿਵਹਾਰਿਕਤਾ ਪਰਖਣੀ ਸੀ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਉੱਤੇ 200 ਰੁਪਏ ਖਰਚ ਕੀਤੇ ਸਨ। ਕੀ ਸਾਨੂੰ ਇਸ ਰਸਤੇ ਦੀ ਵਰਤੋਂ ਕਰਨ ਲਈ ਲੋਕਾਂ ਤੋਂ ਪੈਸੇ ਲੈਣੇ ਚਾਹੀਦੇ ਹਨ? ਉਹਨਾਂ ਕਿਹਾ ਸਿੱਧੂ ਦੀ ਦਲੀਲ ਅਨੁਸਾਰ ਤਾਂ ਉਸ ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ ਬਣਾਏ ਗਏ ਮੋਹਾਲੀ ਅਤੇ ਬਠਿੰਡਾ ਹਵਾਈ ਅੱਡਿਆਂ ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਮਿਟਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿੱਧੂ ਨੂੰ ਇਸ ਗੱਲ ਦਾ ਵੀ ਅਧਿਐਨ ਕਰਨਾ ਚਾਹੀਦਾ ਹੈ ਕਿ ਕੀ ਸੀਵਰੇਜ ਅਤੇ ਪਾਣੀ ਦੀ ਸਪਲਾਈ ਲਈ ਪੈਸੇ ਜਾਰੀ ਕਰਨਾ ਵਿਵਹਾਰਿਕ ਗੱਲ ਹੈ?
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿੱਥੋਂ ਤਕ ਕਿ ਜਲ ਬੱਸ ਪ੍ਰਾਜੈਕਟ ਦਾ ਸੰਬੰਧ ਹੈ, ਇਸ ਨੇ ਪਹਿਲੀ ਵਾਰ ਵੈਟਲੈਂਡ ਨੂੰ ਸੈਲਾਨੀਆਂ ਲਈ ਖੋਲਿ••ਆ ਸੀ। ਉਹਨਾਂ ਕਿਹਾ ਕਿ ਇਸ ਨੂੰ ਉਤਸ਼ਾਹਿਤ ਕਰਨ ਦੀ ਥਾਂ, ਸਿੱਧੂ ਨੇ ਇਸ ਅਨੋਖੇ ਪ੍ਰਾਜੈਕਟ ਨੂੰ ਬੰਦ ਕਰ ਦਿੱਤਾ ਹੈ ਅਤੇ ਉਹ ਇਸ ਦੀ ਥਾਂ ਪੈਡਲਾਂ ਵਾਲੀਆਂ ਕਿਸ਼ਤੀਆਂ ਵਰਗੀਆਂ 50 ਸਾਲ ਪੁਰਾਣੀਆਂ ਸਹੂਲਤਾਂ ਸ਼ੁਰੂ ਕਰਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਇਹ ਦੱਸਣ ਦੀ ਲੋੜ ਨਹੀ ਹੈ ਕਿ ਦਰਿਆ ਵਿਚ ਪੈਡਲਾਂ ਵਾਲੀਆਂ ਕਿਸ਼ਤੀਆਂ ਸ਼ੁਰੂ ਕਰਨਾ ਜ਼ੋਖ਼ਮ ਭਰਿਆ ਕੰਮ ਹੈ। ਸੈਰਸਪਾਟੇ ਦੇ ਕੌਮਾਂਤਰੀ ਮਾਪਦੰਡਾਂ ਨੂੰ ਧਿਆਨ ਵਿਚ ਰੱਖਦਿਆਂ ਹਰੀਕੇ ਵਿਖੇ ਜਲ ਬੱਸ ਸ਼ੁਰੂ ਕੀਤੀ ਗਈ ਸੀ, ਪਰ ਸਿੱਧੂ ਦੇ ਬਾਦਲ ਪਰਿਵਾਰ ਦੁਆਰਾ ਸ਼ੁਰੂ ਕੀਤੇ ਸਾਰੇ ਪ੍ਰਾਜੈਕਟਾਂ ਪ੍ਰਤੀ ਨਫਰਤ ਭਰੇ ਨਜ਼ਰੀਏ ਨੇ ਹਰੀਕੇ ਪੱਤਣ ਨੂੰ ਵਿਸ਼ਵ ਸੈਰ ਸਪਾਟੇ ਦੇ ਨਕਸ਼ੇ ਉੱਤੇ ਆਉਣ ਤੋਂ ਵਾਂਝਾ ਕਰ ਦਿੱਤਾ ਹੈ।
ਕਾਂਗਰਸੀ ਆਗੂ ਨੂੰ ਪੰਜਾਬ ਦੇ ਖ਼ਿਲਾਫ ਬਦਲੇਖੋਰੀ ਦੀ ਭਾਵਨਾ ਰੱਖਣ ਦੀ ਥਾਂ ਇਸ ਨੂੰ ਖੁਦ ਵੱਲ ਸੇਧਿਤ ਕਰਨ ਦੀ ਗੁਜਾਰਿਸ਼ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਜਨਤਕ ਤੌਰ ਤੇ ਇਹ ਕਹਿ ਚੁੱਕੇ ਹਨ ਕਿ ਸਿੱਖ ਸੱਭਿਆਚਾਰ ਅਤੇ ਵਿਰਸੇ ਦਾ ਵਿਲੱਖਣ ਨਮੂਨਾ ਵਿਰਾਸਤੇ-ਖਾਲਸਾ ਇੱਕ ਸਫੈਦ ਹਾਥੀ ਹੈ। ਉਹਨਾਂ ਕਿਹਾ ਕਿ ਇਸ ਨਜ਼ਰੀਏ ਨਾਲ ਵੇਖੀਏ ਫਿਰ ਤਾਂ ਅੰਮ੍ਰਿਤਸਰ ਵਿਚ ਕਾਰੋਬਾਰ ਨੂੰ ਹੁਲਾਰਾ ਦੇਣ ਵਾਲੇ ਸੈਰ ਸਪਾਟੇ ਦੇ ਸਾਰੇ ਪ੍ਰਾਜੈਕਟ ਹੀ ਚਿੱਟੇ ਹਾਥੀ ਹਨ।
ਇਹਨਾਂ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਨਵਜੋਤ ਸਿੱਧੂ ਨੂੰ ਗੁਜਾਰਿਸ਼ ਕੀਤੀ ਕਿ ਉਹ ਆਪਣਾ ਨਾਂ-ਪੱਖੀ ਏਜੰਡਾ ਤਿਆਗ ਦੇਣ ਅਤੇ ਸਹੂਲਤਾਂ ਨੂੰ ਮਿਟਾਉਣ ਦੀ ਥਾਂ ਪੰਜਾਬ ਵਿਚ ਸੈਰ ਸਪਾਟੇ ਦੇ ਬੁਨਿਆਦੀ ਢਾਂਚੇ ਅਤੇ ਹੋਰ ਸਹੂਲਤਾਂ ਦਾ ਵਿਕਾਸ ਕਰਨ ਉੱਤੇ ਧਿਆਨ ਕੇਂਦਰਿਤ ਕਰਨ।