ਅਕਾਲੀ ਦਲ ਵੱਲੋਂ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਬਾਰੇ ਰੀਵਿਊ ਕਮੇਟੀ ਬਣਾਏ ਜਾਣ ਦਾ ਸਵਾਗਤ
ਡਾਕਟਰ ਚੀਮਾ ਨੇ ਨਵੀਂ ਕਿਤਾਬ ਦੀ ਛਪਾਈ ਰੋਕਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ
ਕਿਹਾ ਕਿ 12ਵੀਂ ਕਲਾਸ ਦੀ ਪੁਰਾਣੀ ਕਿਤਾਬ ਨੂੰ ਹੀ ਦੁਬਾਰਾ ਲਗਾਓ
ਸਰਕਾਰ ਨੇ ਦੇਰ ਨਾਲ ਪਰ ਸਹੀ ਕਦਮ ਚੁੱਕਿਆ: ਚੀਮਾ
ਕਿਹਾ ਕਿ ਇਸ ਮੁੱਦੇ ਉੱਤੇ ਅਕਾਲੀ ਦਲ ਦੇ ਸਟੈਂਡ ਦੀ ਪੁਸ਼ਟੀ ਹੋਈ
ਕਿਹਾ ਅਸੀਂ ਇਸੇ ਗੱਲ ਦੀ ਅਸੀਂ ਮੰਗ ਕਰਦੇ ਆ ਰਹੇ ਹਾਂ
ਚੰਡੀਗੜ•/08 ਮਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਰਕਾਰ ਵੱਲੋਂ 12ਵੀਂ ਜਮਾਤ ਦੀ ਇਤਿਹਾਸ ਦੀ ਵਿਵਾਦਗ੍ਰਸਤ ਕਿਤਾਬ ਦੀ ਇਸ ਦੇ ਮੌਜੂਦਾ ਰੂਪ ਵਿਚ ਛਪਾਈ ਰੋਕਣ ਅਤੇ ਇਸ ਕਿਤਾਬ ਦੀ ਵਿਸ਼ਾ-ਸਮੱਗਰੀ ਬਾਰੇ ਨਜ਼ਰਸਾਨੀ ਕਰਨ ਲਈ ਉੱਘੇ ਇਤਿਹਾਸਕਾਰਾਂ ਦੀ ਇੱਕ ਮਾਹਿਰ ਕਮੇਟੀ ਕਾਇਮ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਹਨਾਂ ਅਹਿਮ ਫੈਸਲਿਆਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।
ਪਰ ਨਾਲ ਹੀ ਉਹਨਾਂ ਮੁੱਖ ਮੰਤਰੀ ਨੂੰ ਜ਼ੋਰ ਦੇ ਕੇ ਕਿਹਾ ਕਿ 12ਵੀ ਜਮਾਤ ਦੀ ਇਤਿਹਾਸ ਦੀ ਕਿਤਾਬ ਵਿਚ ਪੰਜਾਬ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ 23 ਚੈਪਟਰ ਮੁੜ ਤੋਂ ਸ਼ਾਮਿਲ ਕੀਤੇ ਜਾਵੇ ਅਤੇ ਉਹਨਾਂ ਚੈਪਟਰਾਂ ਦੀ ਪੜ•ਾਈ ਸ਼ੁਰੂ ਕਰਵਾਈ ਜਾਵੇ ਤਾਂ ਕਿ ਇਸ ਸੈਸ਼ਨ ਵਿਚ ਵਿਦਿਆਰਥੀਆਂ ਦੀ ਪੜ•ਾਈ ਦਾ ਨੁਕਸਾਨ ਨਾ ਹੋਵੇ।
ਪਾਰਟੀ ਨੇ ਗੁਰੂ ਸਾਹਿਬਾਨਾਂ, ਯੋਧਿਆਂ ਅਤੇ ਸ਼ਹੀਦਾਂ ਦੇ ਇਤਿਹਾਸ ਸਮੇਤ ਪੰਜਾਬ ਦੇ ਇਤਿਹਾਸ ਨੂੰ 12ਵੀਂ ਜਮਾਤ ਦੇ ਸਿਲੇਬਸ ਵਿਚ ਮੁੜ ਸ਼ਾਮਿਲ ਕਰਵਾਉਣ ਲਈ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕਰਨ ਵਾਸਤੇ ਵਿਦਵਾਨਾਂ, ਸਕੂਲ ਅਤੇ ਕਾਲਜ ਅਧਿਆਪਕਾਂ, ਯੂਨੀਵਰਸਿਟੀ ਦੇ ਪ੍ਰੋਫੈਸਰਾਂ, ਬੁੱਧੀਜੀਵੀਆਂ, ਮੀਡੀਆ, ਧਾਰਮਿਕ, ਸੱਭਿਆਚਾਰਕ, ਸਾਹਿਤਕ, ਸਮਾਜਿਕ ਅਤੇ ਵਿਦਿਆਰਥੀ ਸੰਗਠਨਾਂ ਦਾ ਧੰਨਵਾਦ ਕੀਤਾ।
ਡਾਕਟਰ ਚੀਮਾ ਨੇ ਕਿਹਾ ਕਿ ਇਸ ਮੁੱਦੇ ਉੱਤੇ ਉਹਨਾਂ ਦੀ ਪਾਰਟੀ ਸਟੈਂਡ ਦੀ ਪੂਰੀ ਤਰ•ਾਂ ਪੁਸ਼ਟੀ ਹੋ ਗਈ ਹੈ।
ਪਾਰਟੀ ਨੇ ਪੰਜਾਬ ਸਰਕਾਰ ਵੱਲੋਂ ਅੱਜ ਕੀਤੇ ਐਲਾਨਾਂ ਨੂੰ ਦੇਰੀ ਨਾਲ ਚੁੱਕੇ ਪਰ ਸਹੀ ਕਦਮ ਕਰਾਰ ਦਿੱਤਾ।
ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹੀ ਕਦਮ ਚੁੱਕਣ ਲਈ ਆਖਿਆ ਸੀ। ਜੇਕਰ ਸਰਕਾਰ ਨੇ ਉਹਨਾਂ ਦੀ ਗੱਲ ਨੂੰ ਸੁਣਿਆ ਹੁੰਦਾ ਤਾਂ ਇਸ ਮੰਦਭਾਗੇ ਵਿਵਾਦ ਤੋਂ ਬਚਿਆ ਜਾ ਸਕਦਾ ਸੀ।
ਡਾਕਟਰ ਚੀਮਾ ਨੇ ਕਿਹਾ ਕਿ ਖ਼ੈਰ ਅਸੀਂ ਖੁਸ਼ ਹਾਂ ਕਿ ਸਰਕਾਰ ਨੇ ਆਖਿਰ ਸਹੀ ਕਦਮ ਚੁੱਕਿਆ ਹੈ। ਅਸੀਂ ਇਸ ਕਮੇਟੀ ਵਿਚ ਉੱਘੇ ਇਤਿਹਾਸਕਾਰਾਂ ਨੂੰ ਸ਼ਾਮਿਲ ਕੀਤੇ ਜਾਣ ਦਾ ਸਵਾਗਤ ਕਰਦੇ ਹਾਂ। ਸਾਨੂੰ ਉਹਨਾਂ ਉੱਤੇ ਭਰੋਸਾ ਹੈ ਕਿ ਉਹ ਸਾਡੇ ਮਹਾਨ ਅਤੇ ਸ਼ਾਨਾਂਮੱਤੇ ਇਤਿਹਾਸ ਨਾਲ ਹੋਈ ਬੇਇਨਸਾਫੀ ਨੂੰ ਦੂਰ ਕਰ ਦੇਣਗੇ।
ਅਕਾਲੀ ਆਗੂ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਨਜ਼ਰਸਾਨੀ ਕਮੇਟੀ ਬਣਾਉਣ ਦੇ ਫੈਸਲੇ ਮਗਰੋਂ ਅਕਾਲੀ ਦਲ ਨੇ ਇਸ ਵਿਸ਼ੇ ਉੱਤੇ 11 ਮਈ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੱਦੀ ਸੰਪੂਰਨ ਪਾਰਟੀ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਅਸੀਂ ਸਿਰਫ ਸਿੱਖ ਇਤਿਹਾਸ ਨਾਲ ਕੀਤੀ ਗਈ ਬੇਇਨਸਾਫੀ ਦੂਰ ਕਰਵਾਉਣਾ ਚਾਹੁੰਦੇ ਸੀ। ਅਸੀਂ ਸਿਰਫ ਅਕਾਦਮਿਕ ਮੈਰਿਟ ਬਰਕਰਾਰ ਰੱਖਣ ਦੀ ਗੱਲ ਕੀਤੀ ਹੈ ਅਤੇ ਅੱਜ ਵੀ ਦਲੀਲ ਰਾਹੀਂ ਹੀ ਇਸ ਬੇਇਨਸਾਫੀ ਨੂੰ ਦੂਰ ਕਰਵਾਉਣ ਉੱਤੇ ਡਟੇ ਹਾਂ। ਅਸੀਂ ਬੇਲੋੜੇ ਟਕਰਾਅ ਦੀ ਨੀਤੀ ਵਿਚ ਯਕੀਨ ਨਹੀਂ ਰੱਖਦੇ। ਹੁਣ ਸਰਕਾਰ ਨੇ ਸਾਡੀ ਬੇਨਤੀ ਮੰਨ ਲਈ ਹੈ ਅਤੇ ਇੱਕ ਰੀਵਿਊ ਕਮੇਟੀ ਬਣਾਉਣ ਦਾ ਹੁਕਮ ਦੇ ਦਿੱਤਾ ਹੈ ਤਾਂ ਅਸੀਂ ਤੁਰੰਤ ਅੰਮ੍ਰਿਤਸਰ ਸਾਹਿਬ ਵਿਖੇ ਸੱਦੀ ਪਾਰਟੀ ਮੀਟਿੰਗ ਨੂੰ ਮੁਲਤਵੀ ਕਰਨ ਫੈਸਲਾ ਕੀਤਾ ਹੈ।