ਮੁੱਖ ਮੰਤਰੀ ਨੇ ਪ੍ਰਾਜੈਕਟ ਬਾਰੇ ਯੂ ਟਰਨ ਲੈ ਕੇ ਲੁਧਿਆਣਾ ਦੇ ਲੋਕਾਂ ਨਾਲ ਧੋਖਾ ਕੀਤਾ ਹਾਲਾਂਕਿ ਵਿਰੋਧੀ ਧਿਰ ਵਿਚ ਹੁੰਦਿਆਂ ਉਹਨਾਂ ਪ੍ਰਾਜੈਕਟ ਦਾ ਵਿਰੋਧ ਕੀਤਾ ਸੀ : ਮਹੇਸ਼ਇੰਦਰ ਸਿੰਘ ਗਰੇਵਾਲ
ਲੁਧਿਆਣਾ, 5 ਜੁਲਾਈ : ਸ਼੍ਰੋਮਦੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਮੱਤੇਵਾੜਾ ਜੰਗਲ ਅਤੇ ਨਾਲ ਲੱਗਦੀ ਸਤਲੁਜ ਦਰਿਆ ਦੇ ਹੜ੍ਹਾਂ ਵਾਲੇ ਇਲਾਕੇ ਵਿਚ ਇਕ ਹਜ਼ਾਰ ਏਕੜ ਵਿਚ ਟੈਕਸਟਾਈਲ ਪਾਰਕ ਬਣਾਏ ਜਾਣ ਦੇ ਫੈਸਲੇ ਨੁੰ ਰੱਦ ਕਰਵਾਉਣ ਲਈ 50 ਐਨ ਜੀ ਓਜ਼ ਦੀ ਪਬਲਿਕ ਐਕਸਨ ਕਮੇਟੀ ਵੱਲੋਂ 10 ਜੁਲਾਈ ਨੁੰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਹਮਾਇਤ ਕਰੇਗਾ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਨੇ ਇਸ ਰੋਸ ਪ੍ਰਦਰਸ਼ਨ ਦੀ ਡਟਵੀਂ ਹਮਾਇਤ ਦਾ ਭਰੋਸਾ ਲਿਆ ਹੈ ਤੇ ਉਹਨਾਂ ਸਾਰੇ ਵਾਤਾਵਰਣ ਪ੍ਰੇਮੀਆਂ ਨੁੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲੁਧਿਆਣਾ ਦੇ ‘ਹਰੇ ਫੇਫੜਿਆਂ’ ਨੂੰ ਬੰਦ ਕਰਨ ਦੇ ਫੈਸਲੇ ਨੂੰ ਰੋਕਣ ਲਈ ਇਕਜੁੱਟ ਹੋ ਜਾਣ।
ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਆਪ ਪੰਜਾਬ ਦੇ ਪ੍ਰਧਾਨ ਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸਮੇਤ ਆਪ ਆਗੂਆਂ ਨੇ ਲੁਧਿਆਣਾ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਇਹ ਲੋਕ ਜਦੋਂ ਵਿਰੋਧੀ ਧਿਰ ਵਿਚ ਸਨ ਤਾਂ ਇਸ ਪ੍ਰਾਜੈਕਟ ਦਾ ਵਿਰੋਧ ਕਰਦੇ ਸਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪ ਇਹ ਪ੍ਰਾਜੈਕਟ ਰੱਦ ਕਰਨ ਦੇ ਹੱਕ ਵਿਚ ਸੀ ਅਤੇ ਪਬਲਿਕ ਟੈਕਸ਼ਨ ਕਮੇਟੀ ਜਿਸਨੇ ਈਕੋ ਟੂਰਿਜ਼ਮ ਪ੍ਰਾਜੈਕਟਾਂ ਦਾ ਸੱਦਾ ਦਿੰਦਿਆਂ ਇਹਨਾਂ ਨੂੰ ਗ੍ਰੀਨ ਮੈਨੀਫੈਸਟੋ ਦਿੱਤਾ ਸੀ ਤਾਂ ਉਦੋਂ ਇਹਨਾਂ ਆਪ ਆਗੂਆਂ ਨੇ ਸਵੀਕਾਰ ਕੀਤਾ ਸੀ। ਪਰ ਹੁਣ ਸੱਤਾ ਵਿਚ ਆਉਣ ਤੋਂ ਬਾਅਦ ਆਪ ਲੀਡਰਸ਼ਿਪ ਨੇ ਇਸ ਮਾਮਲੇ ਵਿਚ ਯੂ ਟਰਨ ਲੈ ਲਿਆ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਸਰਕਾਰ ਨੂੰ ਇਹ ਟੈਕਸਟਾਈਲ ਪਾਰਕ ਪ੍ਰਾਜੈਕਟ ਤੁਰੰਤ ਰੱਦ ਕਰਨਾ ਚਾਹੀਦਾ ਹੈ ਅਤੇ ਬਦਲਵੇਂ ਈਕੋ ਫਰੈਂਡਲੀ ਪ੍ਰਾਜੈਕਟ ਲਿਆਉਣੇ ਚਾਹੀਦੇ ਹਨ ਜੋ ਇਲਾਕੇ ਦੀ ਹਰਿਆਵਲ ਦੇ ਮੁਤਾਬਕ ਹੋਣ। ਉਹਨਾਂ ਕਿਹਾ ਕਿ ਇਲਾਕੇ ਵਿਚ ਟੈਕਸਟਾਈਲ ਪਾਰਕ ਬਣਾਉਣ ਦੀ ਆਗਿਆ ਦੇਣ ਨਾਲ ਨਾ ਸਿਰਫ ਸੁਰੱਖਿਅਤ ਜੰਗਲ ਦਾ ਵਾਤਾਵਰਣ ਪ੍ਰਭਾਵਤ ਹੋਵੇਗਾ ਬਲਕਿ ਇਸ ਨਾਲ ਸਤਲੁਜ ਦਰਿਆ ਦਾ ਪਾਣੀ ਵੀ ਗੰਧਲਾ ਹੋ ਜਾਵੇਗਾ ਕਿਉਂਕਿ ਇਸ ਵਿਚ ਪ੍ਰਾਜੈਕਟਾਂ ਦਾ ਗੰਧਲਾ ਪਾਣੀ ਛੱਡਿਆ ਜਾਵੇਗਾ। ਇਸ ਉਸਾਰੂ ਗਤੀਵਿਧੀ ਨਾਲ ਇਲਾਕੇ ਦਾ ਸਰੂਪ ਬਦਲ ਜਾਵੇਗਾ ਤੇ ਇਹ ਜ਼ਮੀਨ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਦੇ ਰਾਹ ਵਿਚ ਅੜਿਕਾ ਵੀ ਬਣੇਗਾ।
ਸਰਦਾਰ ਗਰੇਵਾਲ ਨੇ ਕਿਹਾ ਕਿ ਹੈਰਾਨੀ ਹੈ ਕਿ ਕਿਸਾਨਾਂ, ਪਿੰਡਾਂ ਦੀਆਂ ਪੰਚਾਇਤਾਂ ਤੇ ਵਾਤਾਵਰਣ ਮਾਹਿਰਾਂ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਸਰਕਾਰ ਇਹ ਪ੍ਰਾਜੈਕਟ ਲਾਉਣਾ ਚਾਹੁੰਦੀ ਹੇ। ਉਹਨਾਂ ਕਿਹਾ ਕਿ ਕਿਸਾਨ ਸਹੀ ਗੱਲੋਂ ਔਖੇ ਹਨ ਕਿਉਂਕਿ ਹਜ਼ਾਰਾਂ ਕਿਸਾਨ ਆਪਣੀਆਂ ਪੀਣ ਵਾਲੇ ਪਾਣੀ ਦੀ ਲੋੜ ਦੀ ਪੂਰਤੀ ਸਤਲੁਜ ਦੇ ਦਰਿਆ ਤੋਂ ਕਰਦੇ ਹਨ। ਜਿਸ ਜ਼ਮੀਨ ’ਤੇ ਪ੍ਰਾਜੈਕਟ ਲੱਗਣਾ ਹੈ, ਉਹ ਕਈਆਂ ਦੇ ਜੀਵਨ ਦਾ ਵਸੀਲਾ ਹੈ। ਉਹਨਾਂ ਮੰਗ ਕੀਤੀ ਕਿ ਪ੍ਰਾਜੈਕਟ ਰੱਦ ਕਰ ਕੇ ਨਵੀਂ ਥਾਂ ਤਬਦੀਲ ਕੀਤਾ ਜਾਵੇ।