ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦਿਖਾਏਗਾ ਕਿ ਅਮਰਿੰਦਰ ਕਿਸ ਤਰ੍ਹਾਂ ਗਰਮਖ਼ਿਆਲੀਆਂ ਨਾਲ ਰਲਿਆ ਹੋਇਆ ਹੈ
ਕਿਹਾ ਕਿ ਪਾਰਟੀ ਲੋਕਾਂ ਸਾਹਮਣੇ ਅਮਰਿੰਦਰ ਦਾ ਰਿਪੋਰਟ ਕਾਰਡ ਪੇਸ਼ ਕਰੇਗੀ
ਚੰਡੀਗੜ੍ਹ/16 ਸਤੰਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਜਿਸ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਵਿਚ ਕਾਂਗਰਸ ਰੈਲੀ ਰੱਖੀ, ਅਕਾਲੀ ਦਲ ਉਸੇ ਦਿਨ ਕੈਪਟਨ ਦੇ ਜ਼ੱਦੀ ਸ਼ਹਿਰ ਪਟਿਆਲਾ ਵਿਖੇ ਇੱਕ ਵੱਡੀ ਰੈਲੀ ਕਰੇਗਾ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀਆਂ ਅਬੋਹਰ ਅਤੇ ਫਰੀਦਕੋਟ ਵਾਲੀਆਂ ਪੋਲ ਖੋਲ੍ਹ ਰੈਲੀਆਂ ਨੂੰ ਮਿਲੇ ਲੋਕਾਂ ਦੇ ਵੱਡੇ ਹੁੰਗਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਤਰੇਲੀਆਂ ਲੈ ਆਂਦੀਆਂ ਹਨ ਅਤੇ ਹੁਣ ਉਸ ਨੇ ਸਿਆਸੀ ਤੌਰ ਆਪਣੇ ਆਪ ਨੂੰ ਦੁਬਾਰਾ ਖੜ੍ਹਾ ਕਰਨ ਲਈ ਲੰਬੀ ਵਿਖੇ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਅਸੀਂ ਇਸ ਤੱਥ ਦਾ ਸਵਾਗਤ ਕਰਦੇ ਹਾਂ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਰ ਲੋਕਾਂ ਵਿਚ ਜਾਣ ਲਈ ਮਜ਼ਬੂਰ ਕਰ ਦਿੱਤਾ ਹੈ। ਦਮਨਕਾਰੀ ਢੰਗਾਂ ਅਕਾਲੀ ਦਲ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਵਾਸਤੇ ਅਸੀਂ ਉਸ ਦੀ ਅਤੇ ਉਸ ਦੀ ਸਰਕਾਰ ਨੂੰ ਲਗਾਤਾਰ ਖ਼ਬਰ ਲੈਂਦੇ ਰਹਾਂਗੇ। ਅਸੀਂ ਅਮਰਿੰਦਰ ਦੇ ਜ਼ੱਦੀ ਸ਼ਹਿਰ ਵਿਚ ਇੱਕ ਵੱਡੀ ਰੈਲੀ ਕਰਾਂਗੇ ਅਤੇ ਪਟਿਆਲਾ ਹਲਕੇ ਦੇ ਵੋਟਰਾਂ ਅੱਗੇ ਉਸ ਦੀ ਪਾਰਟੀ ਅਤੇ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਰਕੇ ਉਸ ਦਾ ਪਰਦਾਫਾਸ਼ ਕਰਾਂਗੇ।
ਇਹ ਟਿੱਪਣੀ ਕਰਦਿਆਂ ਕਿ ਅਬੋਹਰ ਅਤੇ ਫਰੀਦਕੋਟ ਦੀਆਂ ਦੋ ਰੈਲੀਆਂ ਨੇ ਅਮਰਿੰਦਰ ਨੂੰ ਲੋਕਤੰਤਰ ਦੀ ਮਹੱਤਤਾ ਅਤੇ ਲੋਕਾਂ ਦੀ ਸ਼ਕਤੀ ਦਾ ਅਹਿਸਾਸ ਕਰਵਾ ਦਿੱਤਾ ਹੈ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਹੁਣ ਮਹਿਸੂਸ ਕੀਤਾ ਹੈ ਕਿ ਸੂਬੇ ਦੇ ਲੋਕ ਉਸ ਦੇ ਖ਼ਿਲਾਫ ਹੋ ਗਏ ਹਨ ਅਤੇ ਹੁਣ ਉਹ ਲੋਕਾਂ ਦਾ ਵਿਸਵਾਸ਼ ਦੁਬਾਰਾ ਜਿੱਤਣ ਲਈ ਤਰਲੋਮੱਛੀ ਹੋ ਰਿਹਾ ਹੈ। ਉਹਨਾਂ ਕਿਹਾ ਕਿ ਡੇਢ ਸਾਲ ਤਕ ਲੋਕਾਂ ਦੀ ਸਾਰ ਨਾ ਲੈਣ ਵਾਲੇ ਕੈਪਟਨ ਦੀ ਡੁੱਬ ਰਹੀ ਬੇੜੀ ਹੁਣ ਲੋਕਾਂ ਵਿਚ ਜਾ ਕੇ ਵੀ ਨਹੀਂ ਬਚੇਗੀ।
ਅਕਾਲੀ ਦਲ ਦੇ ਪਟਿਆਲਾ ਰੈਲੀ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਰੈਲੀ ਕਾਂਗਰਸ ਦੀ ਲੰਬੀ ਵਾਲੀ ਰੈਲੀ ਦੇ ਦਿਨ ਹੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਤੁਹਾਡੇ (ਅਮਰਿੰਦਰ) ਹਲਕੇ ਦੇ ਲੋਕਾਂ ਨੂੰ ਤੁਹਾਡਾ ਅਸਲੀ ਕਿਰਦਾਰ ਵਿਖਾਵਾਂਗੇ। ਅਸੀਂ ਉਹਨਾਂ ਨੂੰ ਵਿਖਾਵਾਂਗੇ ਕਿ ਕਿਸ ਤਰ੍ਹਾਂ ਤੁਸੀੰ ਕਿਸਾਨਾਂ ਨਾਲ ਕੀਤੇ 90ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰੇ ਹੋ। ਅਸੀਂ ਉਹਨਾਂ ਨੂੰ ਦੱਸਾਂਗੇ ਕਿ ਤੁਸੀਂ ਨੇ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਕੀਤੇ ਵਾਅਦਿਆਂ ਨੂੰ ਤੋੜ ਕੇ ਸਭ ਤੋਂ ਵੱਡੀ ਬੇਅਦਬੀ ਕੀਤੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਕਾਂਗਰਸ ਦੀ ਗਰਮਖ਼ਿਆਲੀਆਂ ਨਾਲ ਰਲ ਕੇ ਕੀਤੀ ਸਾਜ਼ਿਸ਼ ਦੇ ਸਾਰੇ ਸਬੂਤ ਦੇ ਕੇ ਪਰਦਾਫਾਸ਼ ਕਰੇਗਾ। ਉਹਨਾਂ ਕਿਹਾ ਕਿ ਅਸੀਂ ਪਟਿਆਲਾ ਦੇ ਲੋਕਾਂ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਉਹਨਾਂ ਦੇ ਵਿਧਾਇਕ ਨੇ ਗਰਮਖ਼ਿਆਲੀ ਤਾਕਤਾਂ ਨਾਲ ਮਿਲ ਕੇ ਇੱਕ ਅਜਿਹੀ ਸਾਜ਼ਿਸ਼ ਰਚੀ ਹੈ, ਜਿਸ ਨਾਲ ਪੰਜਾਬ ਦੇ ਅਮਨ ਅਤੇ ਭਾਈਚਾਰਕ ਸਾਂਝ ਨੂੰ ਲਾਬੂੰ ਲੱਗ ਸਕਦਾ ਹੈ ਅਤੇ ਸੂਬਾ ਦੁਬਾਰਾ ਤੋਂ ਅੱਤਵਾਦ ਦੀ ਬਲਦੀ ਅੱਗ ਵਿਚ ਡਿੱਗ ਸਕਦਾ ਹੈ।