ਚੰਡੀਗੜ੍ਹ, 10 ਅਗਸਤ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਿਆਸੀ ਤੌਰ ’ਤੇ ਪ੍ਰੇਰਿਤ ਬਦਲਾਖੋਰੀ ਦੇ ਕੇਸ ਵਿਚ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇਣ ਦੇ ਫੈਸਲੇ ਨਾਲ ਪਾਰਟੀ ਦਾ ਨਿਆਂ ਪਾਲਿਕਾ ਵਿਚ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ ਅਤੇ ਅਦਾਲਤ ਨੇ ਸਪਸ਼ਟ ਕਿਹਾ ਕਿ ਸਰਦਾਰ ਮਜੀਠੀਆ ਖਿਲਾਫ ਦਸੰਬਰ 2021 ਵਿਚ ਦਰਜ ਕੇਸ ਵਿਚ ਉਹਨਾਂ ਖਿਲਾਫ ਲਗਾਏ ਦੋਸ਼ਾਂ ਦੇ ਉਹ ਦੋਸ਼ੀ ਨਹੀਂ ਹਨ।
ਅਕਾਲੀ ਦਲ ਦੇ ਬਿਆਨ ਵਿਚ ਕਿਹਾ ਗਿਆ ਕਿ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ਆਪ ਸਰਕਾਰ ਵੱਲੋਂ ਸਰਦਾਰ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾਉਣ ਦੀਆਂ ਸਾਜ਼ਿਸ਼ਾਂ ਅਦਾਲਤੀ ਹੁਕਮਾਂ ਵਿਚ ਬਿਲਕੁਲ ਨੰਗੀਆਂ ਹੋ ਗਈਆਂ ਹਨ।
ਪਾਰਟੀ ਕਿਹਾ ਕਿ ਹਾਈ ਕੋਰਟ ਨੇ ਸਪਸ਼ਟ ਕਿਹਾ ਹੈ ਕਿ ਸਰਦਾਰ ਮਜੀਠੀਆ ਦੇ ਖਿਲਾਫ ਸਬੂਤ ਬਹੁਤ ਕਮਜ਼ੋਰ ਹਨ ਤੇ ਭਰੋਸੇਯੋਗ ਨਹੀਂ ਹਨ ਤੇ ਇਸ ਨਾਲ ਪਾਰਟੀ ਦਾ ਸਟੈਂਡ ਸਹੀ ਸਾਬਤ ਹੋ ਗਿਆ ਹੈ ਕਿ ਸਰਦਾਰ ਮਜੀਠੀਆ ਨੂੰ ਨਸ਼ਿਆਂ ਦੇ ਝੂਠੇ ਕੇਸ ਵਿਚ ਵਿਧਾਨ ਸਭਾ ਚੋਣਾਂ ਤੋਂ ਇਕ ਮਹੀਨਾ ਪਹਿਲਾਂ ਹੀ ਫਸਾ ਦਿੱਤਾ ਗਿਆ। ਪਾਰਟੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਕੇਸ ਵਿਚ ਮੁਕੱਦਮੇ ਵਿਚ ਇਹ ਸਾਜ਼ਿਸ਼ ਹੋਰ ਬੇਨਕਾਬ ਹੋਵੇਗੀ ਤੇ ਸਰਦਾਰ ਮਜੀਠੀਆ ਨੂੰ ਨਿਆਂ ਮਿਲਣਾ ਯਕੀਨੀ ਬਣੇਗਾ।