ਜਲੰਧਰ,13 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਨਕੋਦਰ ਤੇ ਸ਼ਾਹਕੋਟ ਵਿਚ ਉਹਨਾਂ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਿਹਨਾਂ ਦੇ ਜੀਅ ਫਿਰੌਤੀਆਂ ਵਸੂਲਣ ਵਾਲੇ ਗਿਰੋਹਾਂ ਨੇ ਕਤਲ ਕਰ ਦਿੱਤੇ ਹਨ ਅਤੇ ਕਿਹਾ ਕਿ ਆਪ ਸਰਕਾਰ ਨੇ ਲੋੜੀਂਦੇ ਦਰੁੱਸਤੀਵਾਲੇ ਕਦਮ ਨਹੀਂ ਚੁੱਕੇ ਪਰ ਅਕਾਲੀ ਦਲ ਸੰਘਰਸ਼ ਵਿੱਢ ਕੇ ਇਹਨਾਂ ਪਰਿਵਾਰਾਂ ਲਈ ਨਿਆਂ ਹਾਸਲ ਕਰੇਗਾ।
ਅਕਾਲੀ ਦਲ ਪ੍ਰਧਾਨ ਨੇ ਨਕੋਦਰ ਵਿਚ ਵਪਾਰੀ ਭੁਪਿੰਦਰ ਸਿੰਘ ਚਾਵਲਾ ਅਤੇ ਸ਼ਾਹਕੋਟ ਨੇੜੇ ਪੁਲਿਸ ਮੁਲਾਜ਼ਮ ਮਨਦੀਪ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਦੋਵਾਂ ਨੂੰ ਫਿਰੌਤੀਆਂ ਵਸੂਲਣ ਵਾਲਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਭੁਪਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਇਸ ਮੌਕੇ ਆਖਿਆਕਿ ਉਹ ਸੋਚਦੇ ਹਨ ਕਿ ਪੰਜਾਬ ਛੱਡ ਦੇਣ ਕਿਉਂਕਿ ਇਹ ਹੁਣ ਸੁਰੱਖਿਅਤ ਨਹੀਂ ਰਿਹਾ। ਉਹਨਾਂ ਦੱਸਿਆ ਕਿ ਭਾਵੇਂ ਉਹਨਾਂ ਨੇ ਪੁਲਿਸ ਵਿਭਾਗ ਨੁੰ ਫਿਰੌਤੀ ਲਈ ਆਰਹੇ ਫੋਨਾਂ ਬਾਰੇ ਦੱਸਿਆ ਸੀ ਪਰ ਪੁਲਿਸ ਜਿਹੜੇ ਫੋਨਾਂ ਤੋਂ ਕਾਲਾਂ ਆਈਆਂ ਸੀ ਤੇ ਜੋ ਲੋਕ ਇਸ ਵਿਚ ਸ਼ਾਮਲ ਸਨ, ਉਹਨਾਂ ਦੀ ਸ਼ਨਾਖ਼ਤ ਨਹੀਂ ਕਰ ਸਕੀ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦੋਵਾਂ ਪਰਿਵਾਰਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਹਨਾਂ ਦੇ ਮਾਮਲੇ ਚੁੱਕੇਗਾ ਅਤੇ ਉਹਨਾਂ ਨੂੰ ਨਿਆਂ ਮਿਲਣਾ ਯਕੀਨੀ ਬਣਾਵੇਗਾ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਅਸੀਂ ਸੂਬੇ ਭਰ ਵਿਚ ਸੰਘਰਸ਼ ਵਿੱਢਾਂਗੇ ਅਤੇ ਫਿਰੌਤੀਆਂ ਵਸੂਲਣ ਵਾਲਿਆਂ ਤੇ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਾਂਗੇ ਜੋ ਸੂਬੇ ਵਿਚ ਆਪਣੇ ਆਪ ਵਿਚ ਕਾਨੂੰਨ ਬਣ ਗਏ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਇਸ ਕਰਕੇ ਹੋ ਗਏ ਹਨ ਕਿਉਂਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਤੇ ਉਹਨਾਂ ਦੀ ਵਜ਼ਾਰਤ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਚ ਪਿਛਲੇ ਦੋ ਮਹੀਨਿਆਂ ਤੋਂ ਚੋਣ ਪ੍ਰਚਾਰ ਵਿਚ ਰੁੱਝੀ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਤੇ ਇਸ ਵਤੀਰੇ ਕਾਰਨ ਹਾਲਾਤ ਮਾੜੇ ਹੋਏ ਹਨ। ਉਹਨਾਂ ਕਿਹਾ ਕਿ ਸੂਬੇ ਵਿਚ ਨਿਵੇਸ਼ ਖਤਮ ਹੋ ਗਿਆ ਹੈ ਤੇ ਸੂਬੇ ਵਿਚ ਆਪਸ ਨਿਵੇਸ਼ ਕਰਨ ਵਾਲੇ ਸਥਾਨਕ ਨਿਵੇਸ਼ਕ ਵੀ ਭੱਜ ਗਏ ਹਨ ਤੇ ਆਪਣਾ ਪੈਸਾ ਹੋਰ ਰਾਜਾਂ ਵਿਚ ਨਿਵੇਸ਼ ਕਰ ਰਹੇ ਹਨ।
ਸਰਦਾਰ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਸਰਦਾਰ ਭੁਪਿੰਦਰ ਸਿੰਘ ਚਾਵਲਾ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।