ਚੰਡੀਗੜ•/01 ਸਤੰਬਰ: ਕਾਂਗਰਸ ਸਰਕਾਰ ਦੀ ਸਿੱਖ ਸੰਸਥਾਂਵਾਂ ਅਤੇ ਸਿੱਖ ਪੰਥ ਨੂੰ ਕਮਜ਼ੋਰ ਕਰਨ ਲਈ ਗਰਮਖ਼ਿਆਲੀ ਗੁੱਟਾਂ ਅਤੇ ਆਪ ਆਗੂਆਂ ਨਾਲ ਮਿਲ ਕੇ ਵਿੱਢੀ ਦੋਖੀ ਮੁਹਿੰਮ ਅਤੇ ਸਰਹੱਦੀ ਸੂਬੇ ਅੰਦਰ ਅਮਨ ਅਤੇ ਫਿਰਕੂ ਸਦਭਾਵਨਾ ਨੂੰ ਲਾਬੂੰ ਲਾਉਣ ਲਈ ਰਚੀ ਸਾਜ਼ਿਸ਼ ਖ਼ਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਰਾਜ ਭਰ ਵਿਚ ਸਾਰੇ 117 ਵਿਧਾਨ ਸਭਾ ਹਲਕਿਆਂ ਅੰਦਰ ਰੋਸ ਪ੍ਰਦਰਸ਼ਨ ਕੀਤੇ।
ਹਰ ਹਲਕੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਅਕਾਲੀ ਦਲ ਵਰਕਰਾਂ ਅਤੇ ਸੀਨੀਅਰ ਆਗੂਆਂ ਨੇ 'ਕਾਂਗਰਸ ਸਰਕਾਰ ਮੁਰਦਾਬਾਦ' ਦੇ ਨਾਅਰੇ ਲਾਉਂਦਿਆਂ ਗਲੀਆਂ ਅਤੇ ਬਜ਼ਾਰਾਂ ਵਿਚ ਰੋਸ ਪ੍ਰਦਰਸ਼ਨ ਕੀਤੇ। ਇਸ ਮੌਕੇ ਕਾਂਗਰਸੀ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਮੁਖੀ ਸੁਨੀਲ ਜਾਖੜ ਅਤੇ ਬਲਜੀਤ ਸਿੰਘ ਦਾਦੂਵਾਲ ਵਰਗੇ ਗਰਮਖ਼ਿਆਲੀ ਆਗੂਆਂ ਦੇ ਪੁਤਲੇ ਜਲਾਏ ਗਏ।
ਵੱਖ ਵੱਖ ਹਲਕਿਆਂ ਵਿਚ ਇਹਨਾਂ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲੇ ਸੀਨੀਅਰ ਆਗੂਆਂ ਵਿਚ ਮਹੇਸ਼ਇੰਦਰ ਸਿੰਘ ਗਰੇਵਾਲ, ਸਿਕੰਦਰ ਸਿੰਘ ਮਲੂਕਾ, ਜਥੇਦਾਰ ਤੋਤਾ ਸਿੰਘ, ਡਾਕਟਰ ਦਲਜੀਤ ਸਿੰਘ ਚੀਮਾ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹੀਰਾ ਸਿੰਘ ਗਾਬੜੀਆ ਸ਼ਾਮਿਲ ਸਨ। ਰੋਸ ਪ੍ਰਦਰਸ਼ਨਾਂ ਵਾਲੀਆਂ ਥਾਂਵਾਂ ਉੱਤੇ ਅਕਾਲੀ ਦਲ ਦੇ ਵਰਕਰਾਂ ਨੇ ਪੰਜਾਬ ਕਾਂਗਰਸ ਮੁਖੀ ਸੁਨੀਲ ਜਾਖੜ ਦੀ ਅਕਾਲੀਆਂ ਨੂੰ ਇਹ ਕਹਿ ਕੇ ਧਮਕਾਉਣ ਲਈ ਨਿਖੇਧੀ ਕੀਤੀ ਕਿ ਉਹਨਾਂ ਨੂੰ ਪਿੰਡਾਂ ਵਿਚ ਨਹੀਂ ਵੜਣ ਦਿੱਤਾ ਜਾਵੇਗਾ। ਅਕਾਲੀ ਵਰਕਰਾਂ ਨੇ ਕਾਂਗਰਸ ਪਾਰਟੀ ਨੂੰ ਚਿਤਾਵਨੀ ਦਿੱਤੀ ਕਿ ਉਹ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਨਹੀਂ ਹੋਣ ਦੇਣਗੇ ਅਤੇ ਕਾਂਗਰਸ ਪਾਰਟੀ ਨੂੰ ਕਿਹਾ ਉਹ ਸੂਬੇ ਨੂੰ ਦੁਬਾਰਾ ਤੋਂ ਹਿੰਸਾ ਦੀ ਅੱਗ ਵਿਚ ਧੱਕਣ ਤੋਂ ਗੁਰੇਜ਼ ਕਰੇ।
ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲੇ ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਗਰਮਖ਼ਿਆਲੀ ਗੁੱਟਾਂ ਨਾਲ ਮਿਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਿੱਖ ਸੰਸਥਾਵਾਂ ਉੱਤੇ ਕਬਜ਼ੇ ਕਰਨ ਲਈ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਆਪਣੇ ਸਿਆਸੀ ਮੁਫਾਦਾਂ ਲਈ ਸਿੱਖਾਂ ਵਿਚ ਵੰਡੀਆਂ ਪਾਉਣ ਵਾਲਾ ਆਪਣਾ ਪੁਰਾਣਾ ਸਿੱਖ ਵਿਰੋਧੀ ਏਜੰਡਾ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹੀ ਕੁੱਝ ਇਸ ਨੇ 1980 ਵਿਆਂ ਵਿਚ ਕੀਤਾ ਸੀ, ਜਦੋਂ ਸਿੱਖ ਸੰਸਥਾਵਾਂ ਉੱਤੇ ਕਬਜ਼ੇ ਕਰਨ ਦੀ ਲਾਲਸਾ ਵਿਚ ਸੂਬੇ ਨੂੰ ਅੱਤਵਾਦ ਦੀ ਹਨੇਰੀ ਸੁਰੰਗ ਵੱਲ ਧੱਕ ਦਿੱਤਾ ਸੀ।
1984 ਸਿੱਖ ਕਤਲੇਆਮ ਦੇ ਮੁੱਦੇ ਉੱਤੇ ਮੁੱਖ ਮੰਤਰੀ ਵਲੋਂ ਮਾਰੀ ਪਲਟੀ ਦੀ ਨਿਖੇਧੀ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਕਾਂਗਰਸ ਆਪਣੇ ਗੁੱਝੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਦੋਹਰੀ ਖੇਡ ਖੇਡ ਰਹੀ ਹੈ। ਉਹਨਾਂ ਕਿਹਾ ਕਿ ਇਕ ਪਾਸੇ ਤਾਂ ਇਹ ਦੋਖੀ ਮੁਹਿੰਮ ਰਾਹੀਂ ਅਕਾਲੀ ਦਲ ਅਤੇ ਇਸ ਦੇ ਸੀਨੀਅਰ ਨੇਤਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਦੂਜੇ ਪਾਸੇ ਇਹ 1984 ਵਿਚ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਦਰਿੰਦਗੀ ਨਾਲ ਕੀਤੇ ਕਤਲੇਆਮ ਦੇ ਕੇਸ ਵਿਚ ਕਾਂਗਰਸ ਨੂੰ ਕਲੀਨ ਚਿਟ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਕਾਂਗਰਸ ਨੂੰ ਆਪਣੇ ਸਿਆਸੀ ਫਾਇਦਿਆਂ ਲਈ ਸਿੱਖ ਕੌਮ ਵਿਚ ਵੰਡੀਆਂ ਨਹੀਂ ਪਾਉਣ ਦੇਵੇਗਾ।