ਨਸ਼ਿਆਂ ਨੂੰ ਖ਼ਤਮ ਕਰਨ ਲਈ ਹਰ ਉਪਰਾਲੇ ਵਾਸਤੇ ਸਾਰਥਕ ਸਮਰਥਨ ਦੀ ਪੇਸ਼ਕਸ਼ ਕੀਤੀ
ਚੰਡੀਗੜ•/02 ਜੁਲਾਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਸਾਰੇ ਪੰਜਾਬੀਆਂ ਲਈ ਸਿਆਸੀ ਘੇਰੇਬੰਦੀਆਂ ਤੋਂ ਉੱਪਰ ਉੱਠ ਕੇ ਸਾਂਝੇ ਦੁਸ਼ਮਣ ਨਸ਼ਿਆਂ ਖ਼ਿਲਾਫ ਇੱਕ ਵੱਡੀ ਲੜਾਈ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ। ਸਾਬਕਾ ਉਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਇਸ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਿਆਸਤ ਕਰਨ ਦਾ ਸਮਾਂ ਨਹੀਂ ਹੈ। ਅਕਾਲੀ ਦਲ ਸਰਕਾਰ ਦੀ ਵਾਅਦੇ ਮੁਤਾਬਿਕ ਚਾਰ ਹਫਤਿਆਂ ਵਿਚ ਨਸ਼ਿਆਂ ਨੂੰ ਖ਼ਤਮ ਕਰਨ ਵਿਚ ਨਾਕਾਮੀ ਦਾ ਸਿਆਸੀ ਲਾਹਾ ਲੈਣ ਦਾ ਲਾਲਚ ਬਿਲਕੁੱਲ ਨਹੀਂ ਕਰੇਗਾ। ਮਹਾਨ ਗੁਰੂ ਸਾਹਿਬਾਨਾਂ ਵੱਲੋਂ ਸਿਖਾਏ ਉਦੇਸ਼ਾਂ ਅਤੇ ਆਦਰਸ਼ਾਂ ਪ੍ਰਤੀ ਪ੍ਰਤੀਬੱਧ ਇੱਕ ਜ਼ਿੰਮੇਵਾਰ ਸਿਆਸੀ ਪਾਰਟੀ ਵਜੋਂ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਉਸਾਰੂ ਢੰਗ ਨਾਲ ਸੇਵਾ ਕਰਨ ਦੀ ਆਪਣੀ ਪਵਿੱਤਰ ਜ਼ਿੰਮੇਵਾਰੀ ਨੂੰ ਚੰਗੀ ਤਰ•ਾਂ ਸਮਝਦਾ ਹੈ। ਅਸੀਂ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਸ ਜ਼ਿੰਮੇਵਾਰੀ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਵਾਂਗੇ।
ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸਰਕਾਰ ਦੁਆਰਾ ਸੂਬੇ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਕੀਤੇ ਕਿਸੇ ਵੀ ਉਪਰਾਲੇ ਵਾਸਤੇ ਪੂਰੀ ਮੱਦਦ ਅਤੇ ਉਸਾਰੂ ਸਹਿਯੋਗ ਦੇਵੇਗੀ। ਉਹਨਾਂ ਕਿਹਾ ਕਿ ਅਸੀਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਿਆਸੀ ਘੇਰੇਬੰਦੀਆਂ ਤੋਂ ਉੱਪਰ ਉੱਠ ਕੇ ਇੱਕ ਸਾਂਝੇ ਦੁਸ਼ਮਣ ਖਿਲਾਫ ਲੜਾਈ ਵਾਸਤੇ ਇਕ ਪਲੇਟਫਾਰਮ ਉੁੱਤੇ ਇਕੱਠੇ ਹੋ ਜਾਣ।
ਅੱਜ ਸ਼ਾਮੀਂ ਇੱਥੇ ਪਾਰਟੀ ਦੇ ਮੁੱਖ ਦਫ਼ਤਰ ਵਿਚ ਇੱਕ ਅਹਿਮ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਗੁਰੂ ਸਾਹਿਬਾਨਾਂ ਵੱਲੋਂ ਸਿਖਾਏ ਆਦਰਸ਼ਾਂ ਤੋਂ ਪ੍ਰੇਰਣਾ ਲੈ ਕੇ ਚੱਲਦੇ ਹਾਂ। ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਕਿ ਜਦੋਂ ਵੀ ਸਮਾਜ ਉੱਤੇ ਬਿਪਤਾ ਆਉਂਦੀ ਹੈ ਤਾਂ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ- “ ਹੋਇ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਈ“। ਉਹਨਾਂ ਕਿਹਾ ਕਿ ਸਾਰਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਬੀਤੇ ਸਮੇਂ ਵਿਚ ਇਸ ਮੁੱਦੇ ਦਾ ਸਿਆਸੀਕਰਨ ਕੀਤੇ ਜਾਣ ਸਦਕਾ ਇਹ ਮੁੱਦਾ ਹੋਰ ਵੀ ਗੰਭੀਰ ਅਤੇ ਡਰਾਉਣਾ ਰੂਪ ਧਾਰਨ ਕਰ ਗਿਆ ਹੈ। ਜੇਕਰ ਸਿਆਸੀ ਪਾਰਟੀਆਂ ਚੋਣਾਂ ਵਿਚ ਫਾਇਦੇ ਲੈਣ ਵਾਸਤੇ ਅਜਿਹੇ ਸੰਵੇਦਨਸ਼ੀਲ ਮੁੱਦਿਆਂ ਉੱਤੇ ਘਟੀਆ ਸਿਆਸਤ ਕਰਦੀਆਂ ਹਨ ਤਾਂ ਹੋ ਸਕਦਾ ਹੈ ਕਿ ਉਹ ਚੋਣਾਂ ਜਿੱਤ ਜਾਣ, ਪਰ ਪੰਜਾਬ ਆਪਣੀ ਆਤਮਾ ਗੁਆ ਬੈਠਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਮੁੱਦੇ ਉੱਤੇ ਸਿਆਸਤ ਕਰਨ ਦਾ ਲਾਲਚ ਬਿਲਕੁੱਲ ਨਹੀਂ ਕਰੇਗਾ। ਉਹਨਾਂ ਕਿਹਾ ਕਿ ਜਦੋਂ ਪੰਜਾਬ ਦੇ ਲੋਕਾਂ, ਖਾਸ ਕਰਕੇ ਸਾਡੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਦਾਅ ਉੱਤੇ ਲੱਗੀਆਂ ਹੋਣ ਤਾਂ ਅਸੀਂ ਅਜਿਹੇ ਮੁੱਦੇ ਉੱਤੇ ਸਿਆਸਤ ਕਰਨਾ ਬਰਦਾਸ਼ਤ ਨਹੀਂ ਕਰ ਸਕਦੇ।
ਅਕਾਲੀ ਦਲ ਦੇ ਪ੍ਰਧਾਨ ਨੇ ਅੱਗੇ ਕਿਹਾ ਕਿ ਬਦਕਿਸਮਤੀ ਨਾਲ ਪਿਛਲੀਆਂ ਚੋਣਾਂ ਦੌਰਾਨ ਅਤੇ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਕੁੱਝ ਸਿਆਸੀ ਪਾਰਟੀਆਂ ਨੇ ਨਸ਼ਿਆਂ ਦੇ ਮੁੱਦੇ ਦਾ ਸਿਆਸੀ ਲਾਹਾ ਲੈਣ ਬਾਰੇ ਸੋਚਿਆ ਸੀ। ਉਹਨਾਂ ਕਿਹਾ ਕਿ ਸਰਦਾਰ ਬਾਦਲ ਦੀ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ ਸ਼ੁਰੂ ਕੀਤੀ ਜੰਗ ਵਿਚ ਸਹਿਯੋਗ ਦੇਣ ਦੀ ਥਾਂ ਸਾਡੇ ਵਿਰੋਧੀਆਂ ਨੇ ਪੰਜਾਬ ਨੂੰ ਬਦਨਾਮ ਕਰਨ ਵਾਲੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ ਅਤੇ ਸੂਬੇ ਦੇ 70 ਫੀਸਦੀ ਨੌਜਵਾਨਾਂ ਨੂੰ ਨਸ਼ੇੜੀ ਕਹਿਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਇਹ ਸਭ ਸਿਰਫ ਅਕਾਲੀ-ਭਾਜਪਾ ਸਰਕਾਰ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਹਮੇਸ਼ਾਂ ਮੰਨਦੀ ਸੀ ਕਿ ਇਸ ਸਮੱਸਿਆ ਨਾਲ ਲੜਣਾ ਪੈਣਾ ਹੈ ਅਤੇ ਸਰਦਾਰ ਬਾਦਲ ਨੇ ਨਸ਼ਿਆਂ ਖਿਲਾਫ ਜੰਗ ਸ਼ੁਰੂ ਕੀਤੀ ਸੀ। ਸਰਕਾਰ ਇਸ ਸਮੱਸਿਆ ਦੀ ਹੋਂਦ ਤੋਂ ਕਦੇ ਮੁਨਕਰ ਨਹੀਂ ਸੀ ਹੋਈ। ਪਰੰਤੂ ਸਾਰੇ ਹੀ ਪੰਜਾਬੀਆਂ ਨੂੰ ਨਸ਼ੇੜੀ ਕਰਾਰ ਦੇਣਾ ਜਾਂ ਪੰਜਾਬ ਨੂੰ ਦੁਨੀਆਂ ਭਰ ਵਿਚ ਨਸ਼ਿਆਂ ਦੀ ਰਾਜਧਾਨੀ ਵਜੋਂ ਪੇਸ਼ ਕਰਨਾ ਇੱਕ ਬਹੁਤ ਹੀ ਗੰਭੀਰ ਅਪਰਾਧ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਹੁਣ ਬੀਤੇ ਉੱਤੇ ਮਿੱਟੀ ਪਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਇੱਕ ਸਾਂਝੇ ਉਦੇਸ਼ ਵਾਸਤੇ ਰਲ ਕੇ ਅੱਗੇ ਵਧਣ ਦਾ ਸਮਾਂ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਨਗੇ ਕਿ ਉਹ ਪਵਿੱਤਰ ਗੁਰਬਾਣੀ ਦੀਆਂ ਸਿੱਖਿਆਵਾਂ ਤੋਂ ਸੇਧ ਲੈਂਦਿਆਂ ਨਸ਼ਿਆਂ ਖ਼ਿਲਾਫ ਇੱਕ ਵੱਡੀ ਧਾਰਮਿਕ ਮੁਹਿੰਮ ਸ਼ੁਰੂ ਕਰੇ।